*ਕਿਸਾਨਾਂ ਦੀ ਚੇਤਾਵਨੀ ਮਗਰੋਂ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਮੋਦੀ ਸਰਕਾਰ ਤੋਂ ਮੰਗੀ ਮਦਦ!*

0
63

ਚੰਡੀਗੜ੍ਹ 29,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਦਦ ਮੰਗੀ ਹੈ। ਉਨ੍ਹਾਂ ਨੇ ਕਿਸਾਨਾਂ ਦੀ ਕਰਜ਼ਾ ਮੁਆਫੀ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਲਿਖਿਆ ਹੈ ਕਿ ਪੰਜਾਬ ਦੇ ਕਿਸਾਨਾਂ ਸਿਰ ਕਰੀਬ 90 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ। ਸੂਬਾ ਸਰਕਾਰ ਇਸ ਨੂੰ ਮੁਆਫ਼ ਕਰਕੇ ਖੁਦ ਵਿੱਤੀ ਬੋਝ ਝੱਲਣ ਦੇ ਸਮਰੱਥ ਨਹੀਂ। ਇਸ ਲਈ ਕੇਂਦਰ ਸਰਕਾਰ ਵਿੱਤੀ ਮਦਦ ਕਰੇ।

ਦੱਸ ਦਈਏ ਕਿ 2017 ਦੀਆਂ ਚੋਣਾਂ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨਾਲ ਸਾਰਾ ਕਰਜ਼ਾ ਮੁਆਫ਼ੀ ਦਾ ਵਾਅਦਾ ਕੀਤਾ ਸੀ। ਪੰਜ ਸਾਲ ਬੀਤਣ ਵਾਲੇ ਹਨ ਪਰ ਉਹ ਵਾਅਦਾ ਪੂਰਾ ਨਹੀਂ ਕੀਤਾ ਗਿਆ। ਹੁਣ ਤੱਕ ਪੰਜਾਬ ਸਰਕਾਰ ਨੇ ਸਿਰਫ ਦੋ ਲੱਖ ਰੁਪਏ ਤੱਕ ਦੇ 4600 ਕਰੋੜ ਰੁਪਏ ਕਰਜ਼ੇ ਹੀ ਮੁਆਫ਼ ਕੀਤੇ ਹਨ। ਕਿਸਾਨਾਂ ਦੀ ਮੰਗ ਹੈ ਕਿ ਸਾਰਾ ਕਰਜ਼ ਮਾਫ ਕੀਤਾ ਜਾਵੇ।

ਦਰਅਸਲ ਦਿੱਲੀ ਦੀਆਂ ਹੱਦਾਂ ਉੱਪਰ ਬੈਠੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ। ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਕੇਂਦਰ ਤੋਂ ਬਾਅਦ ਅਗਲਾ ਨਿਸ਼ਾਨਾ ਪੰਜਾਬ ਸਰਕਾਰ ਹੈ। ਪੰਜਾਬ ਸਰਕਾਰ ਪੂਰਨ ਕਰਜ਼ ਮਾਫ਼ੀ ਕਰਕੇ ਇਲੈਕਸ਼ਨ ਦੌਰਾਨ ਕੀਤਾ ਆਪਣਾ ਵਾਅਦਾ ਪੂਰਾ ਕਰੇ।

ਕਿਸਾਨ ਲੀਡਰ ਜੰਗਵੀਰ ਸਿੰਘ ਚੌਹਾਨ ਤੇ ਮੁਕੇਸ਼ ਚੰਦਰ ਸ਼ਰਮਾ ਨੇ ਕਿਹਾ ਕਿ ਜਦੋਂ ਕੇਂਦਰ ਸਰਕਾਰ ਸਾਨੂੰ ਫਰੀ ਕਰ ਦੇਵੇ ਤਾਂ ਅਸੀਂ ਚੰਡੀਗੜ੍ਹ ਦਾ ਰੁਖ ਕਰਨਾ ਹੈ। ਉਨ੍ਹਾਂ ਕਿਹਾ ਕਿ ਅੰਦੋਲਨ ਖ਼ਤਮ ਕਰਨ ਤੋਂ ਬਾਅਦ 32 ਕਿਸਾਨ ਯੂਨੀਅਨ ਸਿਆਸਤ ਨੂੰ ਲੈ ਕੇ ਫੈਸਲਾ ਕਰਨਗੀਆਂ। ਉਨ੍ਹਾਂ ਕਿਹਾ ਕਿ ਜੇ ਕੇਂਦਰ ਸਰਕਾਰ ਸਾਡੇ ਅਨੁਸਾਰ ਕਮੇਟੀ ਬਣਾ ਦਿੰਦੀ ਹੈ ਤੇ ਸਾਡੀਆਂ ਬਾਕੀ ਮੰਗਾਂ ਪੂਰੀ ਕਰ ਦੇਵੇ ਤਾਂ ਅਸੀਂ ਅੰਦੋਲਨ ਖ਼ਤਮ ਕਰ ਦੇਵਾਂਗੇ।

NO COMMENTS