ਕਿਸਾਨਾਂ ਦਾ ਫੈਸਲਾ, ਟਰੈਕਟਰ ਲੈ ਕੇ ਦਿੱਲੀ ਚਲੋ ਜਾਂ ਫਿਰ ਦਿਓ 2100 ਰੁਪਏ ਫ਼ੰਡ

0
195

ਸੰਗਰੂਰ11,ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): 26 ਜਨਵਰੀ ਨੂੰ ਕਿਸਾਨ ਦਿੱਲੀ ‘ਚ ਟਰੈਕਟਰਾਂ ਦੀ ਪਰੇਡ ਕਰਨ ਜਾ ਰਹੇ ਹਨ। ਸੰਗਰੂਰ ਦੇ ਪਿੰਡ ਭੁੱਲਰ ਹੇੜੀ ਵਿੱਚ ਕਿਸਾਨਾਂ ਨੂੰ 26 ਜਨਵਰੀ ਨੂੰ ਦਿੱਲੀ ਵਿੱਚ ਹੋਣ ਜਾ ਰਹੀ ਟਰੈਕਟਰ ਪਰੇਡ ਲਈ ਦਿੱਲੀ ਤੁਰਨ ਦਾ ਸੰਦੇਸ਼ ਦਿੱਤਾ ਗਿਆ। ਕਿਸਾਨਾਂ ਨੇ ਪਿੰਡ ਦੇ ਗੁਰੂਦੁਆਰਾ ਸਾਹਿਬ ਵਿਖੇ ਬੈਠ ਕੇ ਫੈਸਲਾ ਲਿਆ ਕਿ ਪਿੰਡ ‘ਚ ਜਿਸ ਕੋਲ ਵੀ ਟਰੈਕਟਰ ਹੈ, ਉਹ ਆਪਣਾ ਟਰੈਕਟਰ ਲੈ ਕੇ 26 ਤਰੀਕ ਨੂੰ ਦਿੱਲੀ ਪਰੇਡ ‘ਚ ਸ਼ਾਮਲ ਹੋਣ ਲਈ ਜਾਵੇ ਤੇ ਧਰਨੇ ਲਈ ਫ਼ੰਡ ਵੀ ਇਕੱਠਾ ਕੀਤਾ ਜਾ ਰਿਹਾ ਹੈ। ਜੇਕਰ ਕੋਈ ਕਿਸਾਨ ਟਰੈਕਟਰ ਹੁੰਦੇ ਹੋਏ ਵੀ ਪਰੇਡ ‘ਚ ਸ਼ਾਮਲ ਹੋਣ ਲਈ ਨਹੀਂ ਜਾਂਦਾ ਤਾਂ ਉਸ ਨੂੰ 2100 ਰੁਪਏ ਫ਼ੰਡ ਦੇਣਾ ਹੋਵੇਗਾ। ਯਾਨੀ ਕਿ ਉਹ ਉਸ ਲਈ ਜ਼ੁਰਮਾਨਾ ਹੋਵੇਗਾ।

ਜੇਕਰ ਉਹ ਕਿਸਾਨ ਪਿੰਡ ਦੀ ਪੰਚਾਇਤ ਤੇ ਕਿਸਾਨ ਜਥੇਬੰਦੀਆਂ ਦੀ ਗੱਲ ਨਹੀਂ ਮੰਨਦਾ ਤਾਂ ਉਸ ਦਾ ਪਿੰਡ ਵਾਲਿਆਂ ਵੱਲੋਂ ਬਾਈਕਾਟ ਕੀਤਾ ਜਾਵੇਗਾ। ਜੇਕਰ ਭਵਿੱਖ ‘ਚ ਉਸ ਨੂੰ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਕੋਈ ਵੀ ਉਸ ਦੀ ਮਦਦ ਲਈ ਅੱਗੇ ਨਹੀਂ ਆਵੇਗਾ। ਕਿਸਾਨ 20 ਜਨਵਰੀ ਨੂੰ ਕਰੀਬ 100 ਟਰੈਕਟਰਾਂ ਦੇ ਕਾਫਲੇ ਨਾਲ ਦਿੱਲੀ ਪਰੇਡ ‘ਚ ਹਿੱਸਾ ਲੈਣ ਲਈ ਪਿੰਡ ਤੋਂ ਤੁਰਨਗੇ ਜਿਸ ਲਈ ਅਜੇ 9 ਦਿਨ ਬਾਕੀ ਹਨ, ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਕਾਲੇ ਕਾਨੂੰਨਾਂ ਦੀਆਂ ਕਾਪੀਆਂ ਲੋਹੜੀ ਦੀ ਅੱਗ ‘ਚ ਸਾੜੀਆਂ ਜਾਣਗੀਆਂ।

ਕਿਸਾਨ ਅਵਤਾਰ ਸਿੰਘ ਨੇ ਕਿਹਾ ਕਿ ਕਾਲੇ ਕਾਨੂੰਨ ਨੂੰ ਲੈ ਕੇ ਦਿੱਲੀ ਵਿੱਚ ਲੜਾਈ ਲੜੀ ਜਾ ਰਹੀ ਹੈ, ਜਿਸ ਵਿੱਚ ਸਾਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ। ਐਨਆਰਆਈ ਭਰਾ ਵੀ ਮਾਲੀ ਸਹਾਇਤਾ ਲਈ ਅੱਗੇ ਆ ਰਹੇ ਹਨ। ਉਹ ਇਸ ਲੜਾਈ ਨੂੰ ਲੜਨ ਲਈ ਰਕਮ ਭੇਜ ਰਹੇ ਹਨ ਅਤੇ ਪਿੰਡ ਦੇ ਵੱਡੇ ਜ਼ਮੀਂਦਾਰ ਵੀ ਪੈਸਿਆਂ ਦੀ ਮਦਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਲੜਾਈ ਪੈਸਿਆਂ ਬਗੈਰ ਨਹੀਂ ਲੜੀ ਜਾ ਸਕਦੀ ਤੇ ਅਸੀਂ ਇਸ ਲੜਾਈ ਨੂੰ ਹਰ ਕੀਮਤ ਤੇ ਜਿੱਤ ਕੇ ਰਹਾਂਗੇ।

NO COMMENTS