*ਕਿਸਾਨਾਂ ਤੇ ਹੋ ਰਹੇ ਜ਼ਬਰ ਖ਼ਿਲਾਫ਼ 15 ਫਰਵਰੀ ਨੂੰ ਕਰਾਂਗੇ ਰੇਲਾਂ ਦਾ ਚੱਕਾ ਜਾਮ-ਮਨਜੀਤ ਧਨੇਰ*

0
16

 ਬੁਢਲਾਡਾ 15 ਫਰਵਰੀ(ਸਾਰਾ ਯਹਾਂ/ਮੁੱਖ ਸੰਪਾਦਕ)ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਐਮਰਜੈਂਸੀ ਸੂਬਾਈ ਮੀਟਿੰਗ, ਗੁਰਦੀਪ ਸਿੰਘ ਰਾਮਪੁਰਾ ਦੀ ਪ੍ਰਧਾਨਗੀ ਹੇਠ ਡੀਐਸਪੀ ਬੁਢਲਾਡਾ ਦੇ ਦਫ਼ਤਰ ਅੱਗੇ ਲੱਗੇ ਹੋਏ ਪੱਕੇ ਮੋਰਚੇ ਵਿੱਚ ਹੋਈ। ਮੀਟਿੰਗ ਵਿੱਚ ਸੂਬਾ ਕਮੇਟੀ ਤੋਂ ਇਲਾਵਾ 13 ਜ਼ਿਲਿਆਂ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਹਾਜ਼ਰ ਸਨ। 

           ਮੀਟਿੰਗ ਨੇ ਸਰਬਸੰਮਤੀ ਨਾਲ ਦਿੱਲੀ ਜਾਣ ਵਾਲੇ ਕਿਸਾਨਾਂ ਦੇ ਰਸਤੇ ਵਿੱਚ ਕਿੱਲ, ਕੰਕਰੀਟ ਦੇ ਬਲਾਕ ਅਤੇ ਹੋਰ ਰੋਕਾਂ ਲਾਉਣ ਅਤੇ ਕਿਸਾਨਾਂ ਖਿਲਾਫ ਅੱਥਰੂ ਗੈਸ ਵਗੈਰਾ ਦੀ ਬੇਦਰੇਗ ਵਰਤੋਂ ਕਰਨ ਲਈ ਖੱਟਰ ਅਤੇ ਮੋਦੀ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਅਤੇ ਇਸ ਜ਼ਬਰ ਖ਼ਿਲਾਫ਼ 15 ਫਰਵਰੀ ਨੂੰ 12 ਵਜੇ ਤੋਂ ਸ਼ਾਮ ਚਾਰ ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਜੇਕਰ ਜ਼ਬਰ ਹੋਰ ਵਧਦਾ ਹੈ ਤਾਂ ਤੁਰੰਤ ਮੀਟਿੰਗ ਕਰ ਕੇ ਹੋਰ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। 

           ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਖੱਟਰ ਅਤੇ ਮੋਦੀ ਸਰਕਾਰ ਕਿਸਾਨਾਂ ਤੋਂ ਸੰਘਰਸ਼ ਕਰਨ ਦਾ ਜਮਹੂਰੀ ਹੱਕ ਖੋਹ ਰਹੀ ਹੈ। ਦਿੱਲੀ ਜਾਣ ਵਾਲੇ ਕਿਸਾਨਾਂ ਦੀਆਂ ਮੰਗਾਂ ਪੂਰੀ ਤਰਾਂ ਜਾਇਜ਼ ਹਨ। ਸਾਡੇ ਆਗੂਆਂ ਨਾਲ ਮਤਭੇਦ ਹੋ ਸਕਦੇ ਹਨ, ਪਰ ਪੰਜਾਬ ਦੇ ਲੋਕ ਸਾਡੇ ਆਪਣੇ ਹਨ। ਜੇਕਰ ਸਰਕਾਰ ਨੇ ਕਿਸਾਨਾਂ ਖਿਲਾਫ ਹਿੰਸਾ ਕੀਤੀ ਤਾਂ ਜਿਸ ਤਰ੍ਹਾਂ ਲੌਂਗੋਵਾਲ ਵਿਖੇ ਕਿਸਾਨ ਦੀ ਸ਼ਹਾਦਤ ਤੋਂ ਬਾਅਦ ਸਾਰੀਆਂ ਜਥੇਬੰਦੀਆਂ ਹਮਾਇਤ ਤੇ ਆਈਆਂ ਸਨ, ਸਾਡੀ ਜਥੇਬੰਦੀ ਉਸੇ ਤਰ੍ਹਾਂ ਡਟ ਕੇ ਤਿੱਖਾ ਵਿਰੋਧ ਕਰੇਗੀ। ਇਸ ਤੋਂ ਇਲਾਵਾ ਕੁੱਲਰੀਆਂ ਦੇ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਡੀਐਸਪੀ ਬੁਡਲਾਢਾ ਦੇ ਦਫਤਰ ਅੱਗੇ ਛੇ ਜਨਵਰੀ ਤੋਂ ਚੱਲ ਰਹੇ ਪੱਕੇ ਮੋਰਚੇ ਬਾਰੇ ਅਤੇ 16 ਫਰਵਰੀ ਨੂੰ ਭਾਰਤ ਬੰਦ ਦੀ ਕਾਲ ਬਾਰੇ ਵਿਚਾਰਾਂ ਕੀਤੀਆਂ ਗਈਆਂ। 

            ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਹਰੀਸ਼ ਨੱਢਾ ਅਤੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਦੱਸਿਆ ਕਿ ਪੱਕਾ ਮੋਰਚਾ ਲੱਗੇ ਨੂੰ ਚਾਲੀ ਦਿਨ ਹੋ ਗਏ ਹਨ ਪਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਕਿਸਾਨਾਂ ਦਾ ਸਬਰ ਪਰਖ਼ ਰਹੀ ਹੈ। ਜਥੇਬੰਦੀ ਨੇ ਫ਼ੈਸਲਾ ਕੀਤਾ ਹੈ ਕਿ ਸਰਕਾਰ ਦੀ ਸਾਜਿਸ਼ੀ ਚੁੱਪ ਨੂੰ ਤੋੜਨ ਲਈ 16 ਫਰਵਰੀ ਤੋਂ ਬਾਅਦ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। 16 ਫਰਵਰੀ ਨੂੰ ਭਾਰਤ ਬੰਦ ਦੀਆਂ ਤਿਆਰੀਆਂ ਮੁਕੰਮਲ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪੰਜਾਬ ਦੇ 13 ਜ਼ਿਲਿਆਂ ਵਿੱਚ ਗੱਜਵੱਜ ਕੇ ਭਾਰਤ ਬੰਦ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਵੇਗੀ। ਇਸ ਦਿਨ ਮੋਦੀ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਤੋਂ ਇਲਾਵਾ ਕਿਸਾਨਾਂ ਤੇ ਜ਼ਬਰ ਖ਼ਿਲਾਫ਼ ਰੋਹ ਦਾ ਪ੍ਰਗਟਾਵਾ ਕੀਤਾ ਜਾਵੇਗਾ। 

             ਮੀਟਿੰਗ ਵਿੱਚ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ, ਸੂਬਾ ਖ਼ਜ਼ਾਨਚੀ ਬਲਵੰਤ ਸਿੰਘ ਉੱਪਲੀ, ਸੂਬਾ ਪ੍ਰੈੱਸ ਸਕੱਤਰ ਅੰਗਰੇਜ ਸਿੰਘ ਮੁਹਾਲੀ ਤੋਂ ਇਲਾਵਾ ਲੁਧਿਆਣਾ ਤੋਂ ਜਗਤਾਰ ਸਿੰਘ ਦੇਹੜਕਾ, ਬਠਿੰਡਾ ਤੋਂ ਬਲਵਿੰਦਰ ਸਿੰਘ ਫੌਜੀ ਅਤੇ ਹਰਵਿੰਦਰ ਸਿੰਘ ਕੋਟਲੀ, ਫਾਜ਼ਿਲਕਾ ਤੋਂ ਹਰਮੀਤ ਸਿੰਘ, ਸੁਖਦੇਵ ਸਿੰਘ ਜਮਾਲ ਕੇ, ਅਤੇ ਸਾਜਨ ਕੰਬੋਜ, ਬਰਨਾਲਾ ਤੋਂ ਸਾਹਿਬ ਸਿੰਘ ਬਡਬਰ ਅਤੇ ਗੁਰਦੇਵ ਸਿੰਘ ਮਾਂਗੇਵਾਲ, ਫਰੀਦਕੋਟ ਤੋਂ ਜ਼ੋਰਾ ਸਿੰਘ ਭਾਣਾ ਅਤੇ ਜਸਕਰਨ ਸਿੰਘ ਮੋਰਾਂਵਾਲੀ ,ਮੁਕਤਸਰ ਸਾਹਿਬ ਤੋਂ ਗੁਰਦੀਪ ਸਿੰਘ ਖੁੱਡੀਆਂ, ਮਾਨਸਾ ਤੋਂ ਲਖਵੀਰ ਸਿੰਘ ਅਕਲੀਆ ਅਤੇ ਬਲਵਿੰਦਰ ਸ਼ਰਮਾ , ਬਲਕਾਰ ਸਿੰਘ ਚਹਿਲਾਂ ਵਾਲੀ, ਸੰਗਰੂਰ ਤੋਂ ਸੁਖਦੇਵ ਸਿੰਘ ਘਰਾਚੋਂ ਅਤੇ ਜਗਤਾਰ ਸਿੰਘ ਦੁੱਗਾਂ ਹਾਜ਼ਰ ਸਨ। 

NO COMMENTS