ਕਿਸਾਨਾਂ ‘ਤੇ ਹੁਣ ਕੁਦਰਤ ਦੀ ਮਾਰ, ਫਸਲਾਂ ਦਾ ਵੱਡਾ ਨੁਕਸਾਨ, ਕੀ ਸਰਕਾਰ ਦੇਵੇਗੀ ਮੁਆਵਜ਼ਾ?

0
23

ਚੰਡੀਗੜ੍ਹ 07ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ): ਕਿਸਾਨਾਂ ‘ਤੇ ਹੁਣ ਕੁਦਰਤ ਦੀ ਮਾਰ ਪਈ ਹੈ। ਮੰਗਲਵਾਰ ਰਾਤ ਤੇਜ਼ ਹਨੇਰੀ ਤੇ ਮੀਂਹ ਪੈਣ ਕਾਰਨ ਕਣਕਾਂ ਦਾ ਵੱਡਾ ਨੁਕਸਾਨ ਹੋਇਆ। ਕਈ ਇਲਾਕਿਆਂ ਵਿੱਚ ਦਰੱਖ਼ਤ ਤੇ ਬਿਜਲੀ ਦੇ ਖੰਭੇ ਟੁੱਟ ਗਏ। ਕਈ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਕੁਝ ਥਾਵਾਂ ’ਤੇ ਬਿਜਲੀ ਲਾਈਨਾਂ ਨੁਕਸਾਨੀਆਂ ਜਾਣ ਕਾਰਨ ਸਪਲਾਈ ਠੱਪ ਹੋ ਗਈ।

ਹਾਸਲ ਜਾਣਕਾਰੀ ਅਨੁਸਾਰ ਮੀਂਹ ਤੇ ਹਨੇਰੀ ਨਾਲ ਸਭ ਤੋਂ ਵਧ ਨੁਕਸਾਨ ਮਾਲਵਾ ਖੇਤਰ ਵਿੱਚ ਹੋਇਆ ਹੈ। ਮਾਝਾ ਤੇ ਦੋਆਬਾ ਖੇਤਰ ਵਿੱਚ ਹਲਕੀ ਬੂੰਦਾਬਾਂਦੀ ਹੋਈ ਤੇ ਤੇਜ਼ ਹਵਾਵਾਂ ਚੱਲੀਆਂ ਪਰ ਇਸ ਖੇਤਰ ਵਿੱਚ ਫਸਲ ਖਰਾਬੇ ਦੀ ਕੋਈ ਰਿਪੋਰਟ ਨਹੀਂ ਮਿਲੀ। ਪੰਜਾਬ ਵਿੱਚ ਬੀਤੇ ਦਿਨ ਤੋਂ ਬੱਦਲਵਾਈ ਬਣੀ ਹੋਈ ਸੀ।

ਮਾਲਵਾ ਤੋਂ ਹਾਸਲ ਰਿਪੋਰਟ ਮੁਤਾਬਕ ਤੇਜ਼ ਝੱਖੜ ਤੇ ਮੀਂਹ ਨਾਲ ਖੇਤਾਂ ’ਚ ਪੱਕੀ ਖੜ੍ਹੀ ਕਣਕ ਦੀ ਫ਼ਸਲ ਧਰਤੀ ’ਤੇ ਵਿਛ ਗਈ। ਝੱਖੜ ਨਾਲ ਬਹੁਤ ਸਾਰੇ ਦਰੱਖਤ ਟੁੱਟ ਗਏ ਤੇ ਬਹੁਤ ਸਾਰੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ ਹੈ। ਬਠਿੰਡਾ, ਮਾਨਸਾ, ਮੁਕਤਸਰ, ਮੋਗਾ, ਫਰੀਦਕੋਟ ਆਦਿ ਜ਼ਿਲ੍ਹਿਆਂ ਵਿੱਚ ਵੀ ਫਸਲਾਂ ਨੂੰ ਨੁਕਸਾਨ ਦੀ ਰਿਪੋਰਟ ਹੈ। ਮੀਂਹ ਤੇ ਹਨੇਰੀ ਨਾਲ ਹਰੇ ਚਾਰੇ, ਸਰ੍ਹੋਂ ਅਤੇ ਸਬਜ਼ੀਆਂ ਦੀ ਫ਼ਸਲ ਦਾ ਨੁਕਸਾਨ ਹੋਣ ਦੀ  ਵੀ ਖ਼ਬਰ ਹੈ।

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਹੈ ਕਿ ਜ਼ਮੀਨ ’ਤੇ ਵਿਛੀ ਫ਼ਸਲ ਦੀ ਕੰਬਾਈਨ ਨਾਲ ਕਟਾਈ ਅਸੰਭਵ ਹੋ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੁਕਸਾਨੀ ਗਈ ਫ਼ਸਲ ਦਾ ਨਿਰੀਖਣ ਕਰਵਾ ਕੇ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਜਾਰੀ ਕਰੇ।

ਕਿਸਾਨਾਂ ਦਾ ਸਰਕਾਰ ਪੱਤੀ ਵੀ ਗੁੱਸਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਆਮ ਤੌਰ ’ਤੇ ਪਹਿਲੀ ਅਪਰੈਲ ਤੋਂ ਸ਼ੁਰੂ ਹੁੰਦੀ ਕਣਕ ਦੀ ਸਰਕਾਰੀ ਖ਼ਰੀਦ ਐਤਕੀਂ 10 ਅਪਰੈਲ ਤੋਂ ਸ਼ੁਰੂ ਹੋਣੀ ਹੈ। ਇਸ ਕਰਕੇ ਬਹੁਤੇ ਥਾਈਂ ਕਣਕ ਦੀ ਫ਼ਸਲ ਪੱਕ ਜਾਣ ਦੇ ਬਾਵਜੂਦ ਵੱਢਣੀ ਸ਼ੁਰੂ ਨਹੀਂ ਕੀਤੀ। ਇਸ ਕਰਕੇ ਕਿਸਾਨਾਂ ਨੂੰ ਵਿਗੜਦੇ ਮੌਸਮ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।

NO COMMENTS