*ਪੰਜਾਬ ਦੀ ਐਨ.ਐਸ.ਐਸ. ਵਲੰਟੀਅਰ ਸ਼੍ਰੇਆ ਮੈਣੀ ਦੀ ਕੌਮੀ ਐਨ.ਐਸ.ਐਸ. ਐਵਾਰਡ ਲਈ ਚੋਣ*

0
10

ਚੰਡੀਗੜ੍ਹ, 26 ਸਤੰਬਰ:(ਸਾਰਾ ਯਹਾਂ/ਹਿਤੇਸ਼ ਸ਼ਰਮਾ):
ਪੰਜਾਬ ਦੀ ਐਨ.ਐਸ.ਐਸ. ਵਲੰਟੀਅਰ ਸ਼੍ਰੇਆ ਮੈਣੀ ਨੂੰ ਉਨ੍ਹਾਂ ਦੇ ਸ਼ਾਨਦਾਰ ਲੋਕ ਭਲਾਈ ਦੇ ਕਾਰਜਾਂ ਅਤੇ ਐਨ.ਐਸ.ਐਸ. ਵਲੰਟੀਅਰ ਵਜੋਂ ਉਤਸ਼ਾਹੀ ਭਾਵਨਾ ਨਾਲ ਦੇਸ਼ ਦੀ ਸੇਵਾ ਕਰਨ ਲਈ ਕੇਂਦਰੀ ਯੁਵਕ ਮਾਮਲੇ ਅਤੇ ਖੇਡ ਮੰਤਰਾਲੇ ਵੱਲੋਂ 2021-22 ਲਈ ਐਨ.ਐਸ.ਐਸ. ਐਵਾਰਡ (ਵਲੰਟੀਅਰ ਸ਼੍ਰੇਣੀ) ਲਈ ਚੁਣਿਆ ਗਿਆ ਹੈ।
ਖੇਡਾਂ ਅਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਉਨ੍ਹਾਂ ਨੂੰ ਇਸ ਵੱਕਾਰੀ ਪੁਰਸਕਾਰ ਲਈ ਚੁਣੇ ਜਾਣ ‘ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਪੰਜਾਬ ਲਈ ਮਾਣ ਵਾਲੀ ਗੱਲ ਹੈ। ਸ਼੍ਰੇਆ ਮੈਣੀ ਪੰਜਾਬ ਦੇ ਉਨ੍ਹਾਂ ਨੌਜਵਾਨਾਂ ਲਈ ਮਾਰਗਦਰਸ਼ਕ ਹੈ, ਜਿਨ੍ਹਾਂ ਨੇ ਐਨ.ਐਸ.ਐਸ. ਵਲੰਟੀਅਰ ਵਜੋਂ ਸਮਾਜ ਸੇਵਾ ਦੇ ਖੇਤਰ ਵਿੱਚ ਵਡਮੁੱਲੀਆਂ ਸੇਵਾਵਾਂ ਨਿਭਾਈਆਂ ਹਨ।ਏਪੀਜੇ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇੰਜਨੀਅਰਿੰਗ ਟੈਕਨੀਕਲ ਕੈਂਪਸ, ਜਲੰਧਰ ਦੇ ਇਸ ਵਿਦਿਆਰਥੀ ਨੇ ਜਲੰਧਰ ਜ਼ਿਲ੍ਹੇ ਵਿੱਚ ਕੋਵਿਡ-19 ਬਾਰੇ ਜਾਗਰੂਕਤਾ ਪੈਦਾ ਕਰਨ ਸਬੰਧੀ ਗਤੀਵਿਧੀਆਂ ਅਤੇ ਵੱਖ-ਵੱਖ ਟੀਕਾਕਰਨ ਕੈਂਪਾਂ ਵਿੱਚ ਹਿੱਸਾ ਲਿਆ ਸੀ। ਉਨ੍ਹਾਂ ਵੱਲੋਂ ਕੀਤੇ ਮੁੱਖ ਕੰਮਾਂ ਵਿੱਚ ਸਵੱਛ ਭਾਰਤ ਅਭਿਆਨ, ਵਾਤਾਵਰਣ ਦੀ ਸੰਭਾਲ, ਲੋੜਵੰਦਾਂ ਨੂੰ ਗਰਮ ਕਪੜੇ ਪ੍ਰਦਾਨ ਕਰਨਾ, ਬੇਸਹਾਰਾ ਬੱਚਿਆਂ ਲਈ ਸਟੇਸ਼ਨਰੀ ਆਈਟਮਾਂ ਅਤੇ ਸ਼ੈਲਟਰ ਹੋਮਜ਼ ਵਿੱਚ ਸੁੱਕੇ ਭੋਜਨ ਦੀਆਂ ਵਸਤੂਆਂ ਸ਼ਾਮਲ ਹਨ। ਗੋਦ ਲਏ ਪਿੰਡਾਂ ਨੂੰ ਬੇਟੀ ਬਚਾਓ ਬੇਟੀ ਪੜ੍ਹਾਓ, ਉੱਜਵਲਾ ਯੋਜਨਾ ਅਤੇ ਪ੍ਰਧਾਨ ਮੰਤਰੀ ਬੀਮਾ ਯੋਜਨਾ ਵਰਗੀਆਂ ਵੱਖ-ਵੱਖ ਯੋਜਨਾਵਾਂ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਨੇ ਪਰਾਲੀ ਸਾੜਨ, ਪਲਾਸਟਿਕ ਦੇ ਖ਼ਤਰਿਆਂ ਅਤੇ ਵਾਤਾਵਰਣ, ਕਿਸਾਨਾਂ ਅਤੇ ਖਪਤਕਾਰਾਂ ਲਈ ਬਾਜਰੇ ਦੀ ਮਹੱਤਤਾ ਬਾਰੇ ਵੀ ਜਾਗਰੂਕਤਾ ਪੈਦਾ ਕਰਨ ਸਬੰਧੀ ਗਤੀਵਿਧੀਆਂ ਨੂੰ ਸਰਗਰਮੀ ਨਾਲ ਹਿੱਸਾ ਲਿਆ।
ਭਾਰਤ ਦੇ ਰਾਸ਼ਟਰਪਤੀ 29 ਸਤੰਬਰ ਨੂੰ ਰਾਸ਼ਟਰਪਤੀ ਭਵਨ, ਨਵੀਂ ਦਿੱਲੀ ਵਿਖੇ ਸ਼੍ਰੇਆ ਮੈਣੀ ਨੂੰ 1,00,000/- ਰੁਪਏ ਦੇ ਨਕਦ ਇਨਾਮ, ਸਰਟੀਫਿਕੇਟ ਅਤੇ ਸਿਲਵਰ ਮੈਡਲ ਸਮੇਤ ਐਨ.ਐਸ.ਐਸ ਐਵਾਰਡ (ਵਲੰਟੀਅਰ ਸ਼੍ਰੇਣੀ) ਨਾਲ ਸਨਮਾਨਿਤ ਕਰਨਗੇ।

NO COMMENTS