ਕਿਰਤੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਭਲਾਈ ਸਕੀਮਾਂ ਚ 58 ਲੱਖ ਰੁਪਏ ਦੀ ਮਨਜ਼ੂਰੀ

0
31

ਮਾਨਸਾ 5 ਮਾਰਚ (ਬਪਸ):ਐਸਡੀਐਮ ਸਰਦੂਲਗੜ੍ਹ ਵੱਲੋਂ ਵੱਖ-ਵੱਖ ਮਹਿਕਮੇ ਦੇ ਅਧਿਕਾਰੀਆਂ ਨਾਲ ਕਿਰਤੀ ਮਜ਼ਦੂਰਾਂ ਨੂੰ ਮਿਲਣ ਵਾਲੀਆਂ ਸਕੀਮਾਂ ਦੇ ਲਾਭਾ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਰਾਹੀ ਦਿੱਤੀਆਂ ਜਾਣ ਵਾਲੀਆਂ ਭਲਾਈ ਸਕੀਮਾਂ ਤਹਿਤ ਕਿਰਤੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤਹਿਤ 58 ਲੱਖ ਰੁਪਏ ਤੋਂ ਜਿਆਦਾ ਦੀ ਰਾਸੀ ਜਾਰੀ ਕਰਨ ਲਈ  ਐਸਡੀਐਮ ਸਰਦੂਲਗੜ੍ਹ ਵੱਲੋਂ ਮਨਜ਼ੂਰੀ ਦਿੱਤੀ ਗਈ। ਪੱਤਰਕਾਰਾਂ ਨਾਲ ਗੱਲ ਕਰਦਿਆਂ ਐਸਡੀਐਮ ਰਾਜਪਾਲ ਸਿੰਘ ਨੇ ਦੱਸਿਆ ਕਿ ਬੋਰਡ ਵੱਲੋਂ ਦਿੱਤੀਆਂ ਜਾਣ ਵਾਲੀਆਂ ਇਹ ਭਲਾਈ ਸਕੀਮਾਂ ਹਰ ਉਸ ਲੋੜਵੰਦ ਤੱਕ ਪਹੁੰਚਣੀਆਂ ਚਾਹੀਦੀਆਂ ਹਨ, ਜੋ ਇਸ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਅੱਜ ਵੀ ਬਹੁਤੇ ਲੋੜਵੰਦ ਕਿਰਤੀਆਂ ਨੂੰ ਇਨ੍ਹਾਂ ਸਕੀਮਾਂ ਬਾਰੇ ਨਹੀਂ ਪਤਾ ਜਾਂ ਉਨ੍ਹਾਂ ਦੀ ਰਜਿਸਟ੍ਰੇਸ਼ਨ ਨਹੀਂ ਹੋ ਸਕੀ। ਉਨ੍ਹਾਂ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ  ਕਿ ਉਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਸ ਸਕੀਮ ਸਬੰਧੀ ਜਾਗਰੂਕ ਕਰਨ ਤਾਂ ਕਿ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਕਿਰਤੀ ਲਾਭ ਲੈ ਸਕਣ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਵੱਖ-ਵੱਖ ਕੰਮ ਧੰਦਿਆ ਚ ਲੱਗੇ ਰਾਜ ਮਿਸਤਰੀਆ ਨਾਲ ਕੰਮ ਕਰਦੇ ਮਜ਼ਦੂਰ, ਪਲੰਬਰ, ਤਰਖਾਣ, ਵੈਲਡਰ, ਇਲੈਕਟ੍ਰੀਸ਼ਨ, ਤਕਨੀਕੀ ਕਲੈਰੀਕਲ ਕੰਮ ਆਦਿ ਕਰਨ ਵਾਲੇ ਜਾਂ ਕਿਸੇ ਸਰਕਾਰੀ ਅਰਧ ਸਰਕਾਰੀ ਜਾਂ ਪ੍ਰਾਈਵੇਟ ਅਦਾਰਿਆਂ ਵਿੱਚ ਨਿਰਮਾਣ ਆਦਿ ਦਾ ਕੰਮ ਕਰਨ ਵਾਲੇ  ਕਿਰਤੀ ਜਿਸਦੀ ਉਮਰ 18 ਤੋਂ 60 ਸਾਲ ਵਿਚਕਾਰ ਹੋਵੇ ਅਤੇ ਪਿਛਲੇ ਬਾਰਾਂ ਮਹੀਨਿਆਂ ਤੋਂ ਪੰਜਾਬ ਵਿੱਚ 90 ਦਿਨ ਉਸਾਰੀ ਕਿਰਤੀ ਦਾ ਕੰਮ ਕੀਤਾ ਹੋਵੇ ਤਾਂ ਉਹ ਬੋਰਡ ਵਿੱਚ ਬਤੌਰ ਲਾਭਪਾਤਰੀ ਰਜਿਸਟਰ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਲਾਭਪਾਤਰੀਆ ਨੇ ਰਜਿਸਟਰ ਹੋਣ ਲਈ ਇੱਕ ਵਾਰ 25 ਰੁਪਏ ਰਜਿਸਟਰੇਸ਼ਨ ਫੀਸ ਅਤੇ 10 ਰੁਪਏ ਪ੍ਰਤੀ ਮਹੀਨਾ ਦੇਣਾ ਹੈ।ਇਹ ਰਜਿਸਟਰੇਸ਼ਨ ਘੱਟ ਤੋਂ ਘੱਟ ਤਿੰਨ ਸਾਲ ਅਤੇ ਵੱਧ ਤੋਂ ਵੱਧ ਪੰਜ ਸਾਲ ਲਈ ਹੋ ਸਕਦੀ ਹੈ। ਪੰਜਾਬ ਦੇ ਕਿਸੇ ਵੀ ਸੇਵਾ ਕੇਂਦਰ ਜਾਂ ਸੀਐਸਸੀ ਸੈਂਟਰ ਵਿੱਚ ਜਾ ਕੇ ਆਨਲਾਈਨ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ। ਰਜਿਸਟਰੇਸ਼ਨ ਹੋਏ ਲਾਭਪਾਤਰੀਆਂ ਨੂੰ ਬੋਰਡ ਵੱਲੋਂ ਬਹੁਤ ਸਾਰੀਆਂ ਭਲਾਈ ਸਕੀਮਾਂ ਦਿੱਤੀਆਂ ਜਾਂਦੀਆਂ ਹਨ ਜਿਸ ਵਿੱਚ ਬੱਚਿਆਂ ਦੀ ਪੜ੍ਹਾਈ ਦਾ ਪਹਿਲੀ ਤੋਂ ਡਿਗਰੀ ਕਲਾਸ ਤੱਕ 3000 ਤੋਂ 70000 ਤੱਕ ਵਜ਼ੀਫ਼ਾ, ਲਾਭਪਾਤਰੀ ਦੀ ਲੜਕੀ ਦੀ ਸ਼ਾਦੀ ਲਈ 31000 ਸ਼ਗਨ ਸਕੀਮ, ਐਲ ਟੀ ਸੀ ਸਕੀਮ ਅੱਖਾਂ ਅਤੇ ਦੰਦਾਂ ਦੇ ਇਲਾਜ ਲਈ, ਕਿਰਤੀ ਦੇ ਬੱਚਿਆਂ ਨੂੰ ਮੁਫ਼ਤ ਸਾਈਕਲ ਦੇਣਾ, ਜਣੇਪਾ ਸਕੀਮ, ਮੋਬਾਈਲ ਲੈਬ ਸਕੀਮ ਅਤੇ ਮੁਫਤ ਸੰਦ ਆਦਿ ਦੇਣਾ, ਲਾਭਪਾਤਰੀਆਂ ਦੇ ਮਾਨਸਿਕ ਰੋਗ ਤੋਂ ਗ੍ਰਸਤ ਜਾਂ ਅਪੰਗ ਬੱਚਿਆਂ ਦੀ ਸਾਂਭ ਸੰਭਾਲ ਲਈ 20000 ਪਤੀ ਸਾਲਾਨਾ ਸਹਾਇਤਾ ਦੇਣੀ ਆਦਿ ਰਜਿਸਟਰ ਕਿਰਤੀਆਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਲਈ ਉਨ੍ਹਾਂ ਮੀਟਿੰਗ ਵਿੱਚ ਸ਼ਾਮਲ ਅਧਿਕਾਰੀਆਂ ਮੁਲਾਜ਼ਮਾਂ ਅਤੇ ਹੋਰ ਵਿਅਕਤੀਆਂ ਨੂੰ ਕਿਹਾ ਕਿ ਉਹ  ਜ਼ਿਆਦਾ ਤੋਂ ਜ਼ਿਆਦਾ ਕਿਰਤੀਆਂ ਨੂੰ ਜਾਗਰੂਕ ਕਰਕੇ ਇਸ ਸਕੀਮ ਦਾ ਲਾਭ ਦਿਵਾਉਣ ਦੇ ਯਤਨ ਕਰਨ। ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਰਜਿਸਟਰ ਕਿਰਤੀਆਂ ਨੂੰ ਇਸ ਸਕੀਮ ਦੇ ਲਾਭ ਤਹਿਤ 58 ਲੱਖ ਰੁਪਏ ਦੇ ਕੇਸਾ ਨੂੰ  ਮਨਜ਼ੂਰੀ ਦਿੱਤੀ ਗਈ ਹੈ ਜੋ ਕਿ ਸਰਕਾਰ ਵੱਲੋਂ ਪਾਸ ਹੋਕੇ ਆਉਣ ਤੇ ਉਨ੍ਹਾਂ ਨੂੰ ਵੰਡ ਦਿੱਤੀ ਜਾਵੇਗੀ। ਇਸ ਮੌਕੇ ਗੁਰਵੰਤ ਸਿੰਘ ਸਹਾਇਕ ਕਿਰਤ ਕਮਿਸ਼ਨਰ, ਜਗਦੇਵ ਸਿੰਘ ਸੈਕਟਰੀ ਰੈੱਡ ਕਰਾਸ, ਮਹਿੰਦਰਪਾਲ ਸਿੰਘ ਜੇਈ ਪੀ.ਡਬਲਯੂ.ਡੀ.,  ਵਿਸ਼ਾਲਦੀਪ ਕਾਰਸਾਧਕ ਅਫ਼ਸਰ ਸਰਦੂਲਗੜ੍ਹ ਆਦਿ ਹਾਜ਼ਰ ਸਨ ।

NO COMMENTS