*ਕਿਤਾਬਾਂ ’ਚੋਂ ਮਿਲਿਆ ਗਿਆਨ ਮਨੁੱਖ ਨੂੰ ਕਾਮਯਾਬੀ ਦੇ ਮੁਕਾਮ ’ਤੇ ਪਹੁੰਚਾਉਣ ਵਿਚ ਸਹਾਈ ਹੁੰਦਾ ਹੈ-ਵਿਧਾਇਕ ਬੁੱਧ ਰਾਮ*

0
32

ਬੁਢਲਾਡਾ/ਮਾਨਸਾ, 23 ਜੁਲਾਈ: (ਸਾਰਾ ਯਹਾਂ/ਮੁੱਖ ਸੰਪਾਦਕ)
ਕਿਤਾਬਾਂ ’ਚੋਂ ਮਿਲਿਆ ਗਿਆਨ ਸਾਡੇ ਜੀਵਨ ਦੀ ਦਿਸ਼ਾ ਤੇ ਦਸ਼ਾ ਬਦਲ ਦਿੰਦਾ ਹੈ। ਕਿਤਾਬੀ ਗਿਆਨ ਹੀ ਮਨੁੱਖ ਨੂੰ ਕਿਸੇ ਮੁਕਾਮ ’ਤੇ ਪਹੁੰਚਾਉਣ ਵਿਚ ਅਗਵਾਈ ਕਰਦਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ, ਪ੍ਰਿੰਸੀਪਲ ਬੁੱਧ ਰਾਮ ਨੇ ਬੁਢਲਾਡਾ ਹਲਕੇ ਦੇ ਪਿੰਡਾਂ ਹੀਰੋਂ ਖੁਰਦ, ਅੱਕਾਂਵਾਲੀ ਅਤੇ ਕੁੱਲਰੀਆਂ ਵਿੱਚ ਬਣੀਆਂ ਆਧੁਨਿਕ ਲਾਇਬਰੇਰੀਆਂ ਪਿੰਡ ਵਾਸੀਆਂ ਨੂੰ ਸਮਰਪਿਤ ਕਰਨ ਮੌਕੇ ਕੀਤਾ।
ਵਿਧਾਇਕ ਬੁੱਧ ਰਾਮ ਨੇ ਦੱਸਿਆ ਕਿ ਇੰਨ੍ਹਾਂ ਲਾਇਬਰੇਰੀਆਂ ਲਈ ਪ੍ਰਤੀ ਲਾਇਬਰੇਰੀ 10 ਲੱਖ 67 ਹਜ਼ਾਰ ਰੁਪੈ ਦੇ ਵਿਸ਼ੇਸ਼ ਫੰਡ ਮੁੱਖ ਮੰਤਰੀ ਪੰਜਾਬ, ਸ੍ਰ. ਭਗਵੰਤ ਮਾਨ ਵੱਲੋਂ ਜਾਰੀ ਕਰਵਾਏ ਗਏ ਸਨ, ਜਿੰਨ੍ਹਾਂ ਦੇ ਵਿਸ਼ੇਸ ਡਿਜ਼ਾਈਨ ਡਿਪਟੀ ਕਮਿਸ਼ਨਰ ਸ਼੍ਰੀ ਪਰਮਵੀਰ ਸਿੰਘ ਦੀ ਨਿਗਰਾਨੀ ਹੇਠ ਤਿਆਰ ਕਰਵਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਇੰਨ੍ਹਾਂ ਲਾਇਬਰੇਰੀਆਂ ਵਿੱਚ ਵੱਖ-ਵੱਖ ਵਿਸ਼ਿਆਂ ਦੀਆਂ ਕਿਤਾਬਾਂ ਅਤੇ ਸਾਹਿਤ ਭੇਜਿਆ ਗਿਆ ਹੈ, ਜਿਸ ਨਾਲ ਪਿੰਡਾਂ ਦੇ ਵਿਦਿਆਰਥੀਆਂ ਨੂੰ ਵੱਖ ਵੱਖ ਮੁਕਾਬਲਿਆਂ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਲਈ ਕਿਤਾਬਾਂ ਉਪਲੱਬਧ ਹੋਣਗੀਆਂ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ  ਲਾਇਬਰੇਰੀਆਂ ਖੋਲ੍ਹਣ ਦਾ ਮਕਸਦ ਬੱਚਿਆਂ, ਨੌਜਵਾਨ ਲੜਕੇ ਲੜਕੀਆਂ ਅਤੇ ਸਾਹਿਤ ’ਚ ਰੁਚੀ ਰੱਖਣ ਵਾਲੇ ਲੋਕਾਂ ਨੂੰ ਕਿਤਾਬਾਂ ਨਾਲ ਜੋੜਨਾ ਹੈ ਤਾਂ ਜੋ ਉਹ ਹੋਰ ਵਿਸ਼ਿਆਂ ਦਾ ਵੀ ਕਿਤਾਬੀ ਗਿਆਨ ਹਾਸਲ ਕਰ ਸਕਣ, ਜਿਸ ਨਾਲ ਸਮਾਜ ਵਿੱਚ ਉੱਚੀ ਤੇ ਚੰਗੀ ਸੋਚ ਦੀ ਸਿਰਜਣਾ ਕੀਤੀ ਜਾ ਸਕੇ।
ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ, ਸ੍ਰ. ਚਰਨਜੀਤ ਸਿੰਘ ਅੱਕਾਂਵਾਲੀ ਨੇ ਕਿਹਾ ਕਿ ਹਲਕਾ ਵਿਧਾਇਕ ਬੁੱਧ ਰਾਮ ਦੀ ਦੂਰ-ਅੰਦੇਸ਼ੀ ਸੋਚ ਸਦਕਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਲਾਇਬਰੇਰੀਆਂ ਦੀ ਸਥਾਪਨਾ ਹੋ ਰਹੀ ਹੈ, ਜਿਸ ਨਾਲ ਸਮਾਜ ਦੇ ਲੋਕ ਹੋਰ ਗਿਆਨ ਹਾਸਲ ਕਰਕੇ ਚੇਤਨ ਬੁੱਧੀ ਸਦਕਾ ਸਮਾਜ ਵਿੱਚ ਪੈਦਾ ਹੋਈਆਂ ਮਾੜੀਆਂ ਕੁਰੀਤੀਆਂ ਨੂੰ ਠੱਲ੍ਹ ਪਾ ਸਕਣਗੇ।
ਇਸ ਮੌਕੇ ਐਸ.ਡੀ.ਐਮ. ਬੁਢਲਾਡਾ ਸ੍ਰ ਗਗਨਦੀਪ ਸਿੰਘ, ਗੁਰਜਿੰਦਰ ਸਿੰਘ ਬੀ.ਡੀ.ਪੀ.ਓ. ਬੁਢਲਾਡਾ, ਰਣਜੀਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਬਰੇਟਾ, ਬੋਹਾ, ਰਮਨ ਗੁੜੱਦੀ ਜਿਲ੍ਹਾ ਪ੍ਰਧਾਨ ਯੂਥ ਵਿੰਗ, ਜਸਪਾਲ ਸਿੰਘ ਹੀਰੋਂ ਖੁਰਦ ਜੁਆਇੰਟ ਸਕੱਤਰ ਯੂਥ ਵਿੰਗ, ਸਰਪੰਚ ਰਾਜਵੀਰ ਸਿੰਘ ਕੁੱਲਰੀਆਂ, ਕੇਵਲ ਸ਼ਰਮਾ ਬਰੇਟਾ, ਨੈਬ ਸਿੰਘ, ਚਮਕੌਰ ਸਿੰਘ, ਬਲਦੇਵ ਸਿੰਘ ਅੱਕਾਂਵਾਲੀ ਤੋਂ ਇਲਾਵਾ ਪਿੰਡ ਅੱਕਾਂਵਾਲੀ, ਹੀਰੋਂ ਖੁਰਦ, ਕੁੱਲਰੀਆਂ ਦੇ ਪਿੰਡ ਨਿਵਾਸੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

NO COMMENTS