ਬੁਢਲਾਡਾ -,06 ਨਵੰਬਰ (ਸਾਰਾ ਯਹਾ /ਅਮਨ ਮਹਿਤਾ) – ਦੇਸ਼ ਅਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਮੋਦੀ ਸਰਕਾਰ ਦੁਆਰਾ ਖੇਤੀ ਸਬੰਧੀ ਘੜੇ ਤਿੰਨ ਕਾਲੇ ਕਾਨੂੰਨਾਂ ਖਿਲਾਫ਼ ਆਰੰਭੇ ਸੰਘਰਸ਼ ਤਹਿਤ ਇੱਥੋਂ ਦੇ ਰਿਲਾਇੰਸ ਪੈਟਰੋਲ ਪੰਪ ‘ਤੇ ਲਾਏ ਮੋਰਚੇ ਦੇ 35 ਵੇਂ ਦਿਨ ਕਿਸਾਨ ਡੱਟੇ ਰਹੇ। ਅੱਜ ਕਿਸਾਨ ਮੋਰਚੇ ‘ਤੇ ਜੁੜੇ ਕਿਸਾਨਾਂ ਦਾ ਨੁੱਕੜ ਨਾਟਕ ‘ ਹਾਂ ਅਸੀਂ ਪਾਗਲ ਹਾਂ ‘ ਖੇਡਕੇ ਜੋਸ਼ ਭਰਿਆ ਅਤੇ ਸੰਘਰਸ਼ਾਂ ਨਾਲ ਇੱਕ-ਮਿੱਕ ਹੋ ਕੇ ਜਿੰਦਗੀ ਜਿਉਣ ਦਾ ਹੋਕਾ ਦਿੱਤਾ । ਇਸ ਮੌਕੇ ਪੰਜਾਬੀ ਗਾਇਕਾ ਰੁਪਿੰਦਰ ਰਿੰਪੀ ਨੇ ਆਪਣੀ ਦਮਦਾਰ ਅਵਾਜ਼ ਨਾਲ ਗੀਤ ਪੇਸ਼ ਕੀਤੇ , ਸੰਘਰਸ਼ੀ ਕਿਸਾਨਾਂ ਨੇ ਨਾਅਰੇ ਲਾ ਕੇ ਆਪਣੇ ਜੋਸ਼ ਦਾ ਮੁਜ਼ਾਹਰਾ ਕੀਤਾ । ਆਗੂਆਂ ਨੇ ਬੋਲਦਿਆਂ ਕਿ ਖੇਤੀ ਦੇ ਧੰਦੇ ‘ਤੇ ਕਿਸਾਨਾਂ ਅਤੇ ਹੋਰ ਤਬਕਿਆਂ ਦਾ ਪੂਰਾ ਦਾਰੋਮਦਾਰ ਨਿਰਭਰ ਹੈ , ਤਿੰਨੇ ਕਾਲੇ ਕਾਨੂੰਨ ਖੇਤੀ ਨੂੰ ਤਬਾਹ ਕਰਕੇ ਰੱਖ ਦੇਣਗੇ। ਖੇਤੀ ਦੀ ਤਬਾਹੀ ਨੂੰ ਬਚਾਉਣ ਲਈ ਕਿਸਾਨ ਅਤੇ ਸਬੰਧਤ ਬਾਕੀ ਤਬਕੇ ਮੋਦੀ ਸਰਕਾਰ ਦੀ ਨੀਂਦ ਹਰਾਮ ਕਰ ਦੇਣਗੇ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਕੇ ਹੀ ਜੁਝਾਰੂ ਕਿਸਾਨ ਚੁੱਪ ਬੈਠਣਗੇ । ਇਸ ਮੋਕੇ ਅੱਜ ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ ( ਡਕੌਂਦਾ ) ਦੇ ਜ਼ਿਲਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ , ਜਮਹੂਰੀ ਕਿਸਾਨ ਸਭਾ ਦੇ ਆਗੂ ਅਮਰੀਕ ਸਿੰਘ ਫਫੜੇ ਭਾਈਕੇ , ਆਲ ਇੰਡੀਆ ਕਿਸਾਨ ਸਭਾ ਦੇ ਆਗੂ ਸਵਰਨਜੀਤ ਸਿੰਘ ਦਲਿਓ , ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸਵਰਨ ਸਿੰਘ ਬੋੜਾਵਾਲ , ਕੁਲ ਹਿੰਦ ਕਿਸਾਨ ਸਭਾ ਦੇ ਆਗੂ ਸੁਖਦੇਵ ਸਿੰਘ ਬੋੜਾਵਾਲ , ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਆਗੂ ਪਰਸ਼ੋਤਮ ਸਿੰਘ ਗਿੱਲ, ਸਤਪਾਲ ਸਿੰਘ ਬਰੇ , ਪਿਰਤਪਾਲ ਸਿੰਘ ਭੱਠਲ , ਦਰਸ਼ਨ ਸਿੰਘ ਗੁਰਨੇ , ਜਸਵੰਤ ਸਿੰਘ ਬੀਰੋਕੇ , ਜਸਕਰਨ ਸਿੰਘ ਸ਼ੇਰਖਾਂ , ਅਮਰੀਕ ਸਿੰਘ ਮੰਦਰਾਂ ਆਦਿ ਨੇ ਸੰਬੋਧਨ ਕੀਤਾ।