ਕਾਲੇ ਕਾਨੂੰਨ ਕਰੋਨਾ ਮਹਾਂਮਾਰੀ ਤੋਂ ਵੀ ਭਿਆਨਕ – ਜਨਤਕ ਜਥੇਬੰਦੀਆਂ

0
9

ਮਾਨਸਾ  4,ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲੋਕ ਵਿਰੋਧੀ ਪਾਸ ਕੀਤੇ ਕਾਨੂੰਨਾਂ ਖਿਲਾਫ਼ ਰੇਲਵੇ ਸਟੇਸ਼ਨ ਮਾਨਸਾ ਵਿਖੇ ਚੱਲ ਰਹੇ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਜੱਥੇਬੰਦੀਆਂ ਦੇ ਬੁਲਾਰਿਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਲੈ ਕੇ ਅਜੇ ਅੰਦੋਲਨ ਚੱਲ ਰਿਹਾ ਸੀ ਕੇਂਦਰ ਸਰਕਾਰ ਵੱਲੋਂ  ਪਰਾਲੀ ਸਮੇਟਣ ਲਈ ਕੋਈ ਵੀ ਮਾਲੀ ਮਦਦ ਕਰਨ ਦੀ ਬਜਾਏ ਪਰਾਲੀ ਸਾੜਨ ਤੇ 1 ਕਰੋੜ ਰੁਪਏ ਜੁਰਮਾਨਾ ਤੇ ਪੰਜ ਸਾਲ ਦੀ ਸਜ਼ਾ ਦਾ ਫੁਰਮਾਨ ਜਾਰੀ ਕਰ ਦਿੱਤਾ ਜਿਸ ਨੂੰ ਮਜਬੂਰ ਹੋਏ ਕਿਸਾਨ ਕਦੇ ਨਹੀਂ ਬਰਦਾਸ਼ਤ ਕਰਨਗੇ। 

               ਇਸ ਮੌਕੇ ਆੜਤੀਆ ਐਸੋਸੀਏਸ਼ਨ ਨੇ ਕਿਹਾ ਕਿ ਕਿਸਾਨੀ ਨਾਲ ਨਹੁੰ ਮਾਸ ਦਾ ਰਿਸ਼ਤਾ ਰੱਖਣ ਵਾਲਾ ਆੜਤੀਆ ਵਰਗ ਇਸ ਆਰ ਪਾਰ ਦੀ ਲੜਾਈ ਵਿੱਚ ਮੋਢੇ ਨਾਲ ਮੋਢਾ  ਲਾ ਅੰਦੋਲਨ ਜਿੱਤਣ ਤੱਕ ਕਿਸਾਨਾਂ ਦਾ ਸਾਥ ਦੇਵੇਗਾ।

          ਤਰਕਸ਼ੀਲ ਸੁਸਾਇਟੀ ਪੰਜਾਬ ਨੇ ਕਿਹਾ ਕਿ ਦੇਸ਼ ਅੰਦਰ  ਅੰਧਵਿਸ਼ਵਾਸ ਦੇ ਬੋਲਬਾਲੇ ਤੋਂ ਅਵੇਸਲੀਆਂ ਹੋਈਆਂ ਸਿਆਸੀ  ਧਿਰਾਂ ਕਿਸਾਨੀ ਅੰਦੋਲਨ ਅੰਦਰ ਆਪਣੇ ਚੈਨਲਾਂ ਰਾਹੀਂ ਫੈਲਾਏ ਜਾ ਰਹੇ ਫੁੱਟ ਪਾਊ ਭਰਮ ਭੁਲੇਖਿਆਂ ਤੋਂ ਬਾਜ਼ ਆਉਣ, ਦੇਸ ਦਾ ਤਮਾਮ ਵਰਗ ਅਜਿਹੀਆਂ ਚਾਲਾਂ ਤੋਂ ਸੁਚੇਤ ਕਿਸਾਨੀ ਦੀ ਪਿੱਠ ਤੇ ਖੜਾ ਕਾਲੇ ਕਾਨੂੰਨਾਂ ਦੀ ਵਾਪਸੀ ਤੱਕ ਆਪਣੇ ਅਧਿਕਾਰਾਂ ਲਈ ਲੜੇਗਾ। 

        ਇਸ ਧਰਨੇ ਨੂੰ ਆੜਤੀਆ ਐਸੋਸੀਏਸ਼ਨ ਦੇ ਆਗੂ ਰਮੇਸ਼ ਬੱਬੀ ਦਾਨੇਵਾਲੀਆ,ਏ ਆਈ ਸੀ ਸੀ ਟੀ ਯੂ ਦੇ ਆਗੂ ਰਾਜਵਿੰਦਰ ਰਾਣਾ, ਪੰਜਾਬ ਪੈਨਸ਼ਨਰ ਅਸੋਸੀਏਸ਼ਨ ਦੇ ਸੋਮ ਦੱਤ ਸ਼ਰਮਾ,ਜਮਹੂਰੀ ਕਿਸਾਨ ਸਭਾ ਦੇ ਆਗੂ ਮਾ.ਛੱਜੂ ਰਾਮ ਰਿਸ਼ੀ,ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨ ਦੇ ਆਗੂ ਨਰਿੰਦਰ ਕੌਰ ਬੁਰਜ ਹਮੀਰਾ,ਕੁਲ ਹਿੰਦ ਕਿਸਾਨ ਸਭਾ ਦੇ ਆਗੂ ਰਤਨ ਭੋਲਾ,ਉਸਾਰੀ ਮਿਸਤਰੀ ਮਜਦੂਰ ਯੂਨੀਅਨ ਦੇ ਆਗੂ ਗੁਰਜੰਟ ਸਿੰਘ ਮਾਨਸਾ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਮਾ.ਲੱਖਾ ਸਿੰਘ ਸਹਾਰਨਾ,ਮੁਸਲਿਮ ਫਰੰਟ ਪੰਜਾਬ ਦੇ ਆਗੂ ਹੰਸ ਰਾਜ ਮੋਫਰ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਹਰਬੰਸ ਕੌਰ ਭੈਣੀਬਾਘਾ, ਬੀ ਕੇ ਯੂ ਡਕੌਂਦਾ ਦੇ ਆਗੂ ਮੱਖਣ ਸਿੰਘ ਉੱਡਤ, ਮਜਦੂਰ ਮੁਕਤੀ ਮੋਰਚਾ ਦੇ ਆਗੂ ਕ੍ਰਿਸ਼ਨਾ ਕੌਰ ਨੇ ਵੀ ਸੰਬੋਧਨ ਕੀਤਾ। 

   ਇਸ ਸਮੇਂ ਆੜਤੀਆ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਮੇਸ਼ ਟੋਨੀ ਵੱਲੋਂ 21000/-ਰੁ. ਦੀ ਰਾਸ਼ੀ ਧਰਨੇ ਵਿੱਚ ਹਾਜ਼ਰੀਨ ਦੀ ਮੌਜੂਦਗੀ ਦੌਰਾਨ ਅੰਦੋਲਨਕਾਰੀਆਂ ਨੂੰ ਸਹਾਇਤਾ ਵਜੋਂ ਦਿੱਤੀ ਗਈ। 

NO COMMENTS