ਮਾਨਸਾ 17 ਸਤੰਬਰ –(ਸਾਰਾ ਯਹਾਂ/ ਮੁੱਖ ਸੰਪਾਦਕ )— ਆੜ੍ਹਤੀਆ ਐਸੋਸੀਏਸ਼ਨ ਅਤੇ ਵਪਾਰ ਮੰਡਲ ਮਾਨਸਾ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਖਿਲਾਫ ਰੋਸ ਜਾਹਿਰ ਕਰਦਿਆਂ ਕਿਹਾ ਕਿ ਪੰਜਾਬ ਦੀ ਸੰਨਤ ਉਦਯੋਗ ਕਾਰੋਬਾਰ ਨੂੰ ਸਰਕਾਰ ਤਬਾਹ ਕਰਨਾ ਚਾਹੁੰਦੀ ਹੈ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਰਮਨੀ ਜਾਂ ਹੋਰ ਦੇਸ਼ਾਂ ਵਿੱਚ ਜਾ ਕੇ ਵੱਡੀਆਂ ਕੰਪਨੀਆਂ ਨੂੰ ਪੰਜਾਬ ਵਿੱਚ ਲਿਆਉਣ ਦੀ ਤਿਆਰੀ ਕਰ ਰਹੇ ਹਨ, ਦੂਜੇ ਪਾਸੇ ਸੈੱਲਰ, ਆੜ੍ਹਤ ਨਾਲ ਜੁੜੇ ਹੋਏ ਕੰਮ-ਧੰਦੇ ਦੇ ਕਾਰੋਬਾਰੀਆਂ ਦੀ ਸੰਘੀ ਘੁੱਟੀ ਜਾ ਰਹੀ ਹੈ। ਬੱਬੀ ਦਾਨੇਵਾਲੀਆ ਦਾ ਕਹਿਣਾ ਹੈ ਕਿ ਸੈੱਲਰ ਉਦਯੋਗ ਤੇ ਬੇਲੋੜੀਆਂ ਨਾ ਪੂਰੀਆਂ ਕਰ ਸਕਣ ਵਾਲੀਆਂ ਸ਼ਰਤਾਂ ਲਗਾ ਕੇ ਇਸ ਕਾਰੋਬਾਰ ਨੂੰ ਚੋਪਟ ਕੀਤਾ ਜਾ ਰਿਹਾ ਹੈ, ਜਿਸ ਪਿੱਛੇ ਪੰਜਾਬ ਸਰਕਾਰ ਦੀ ਮਨਸ਼ਾ ਹੈ ਕਿ ਇਹ ਕਾਰੋਬਾਰ, ਧੰਦੇ ਕਾਰਪੋਰੇਟ ਘਰਾਣਿਆਂ ਦੀ ਪਕੜ ਵਿੱਚ ਆ ਜਾਣ। ਬੱਬੀ ਨੇ ਕਿਹਾ ਕਿ ਫਸਲਾਂ ਉੱਤੇ ਆੜ੍ਹਤ ਦਾ ਕਮਿਸ਼ਨ ਘਟਾ ਕੇ ਪੰਜਾਬ ਸਰਕਾਰ ਨੇ ਨਾਦਰਸ਼ਾਹੀ ਫੈਸਲਾ ਲਿਆ ਹੈ, ਜਿਸ ਤੋਂ ਆੜ੍ਹਤੀਆ, ਮਜਦੂਰ ਵਰਗ ਔਖਾ ਹੈ। ਉਨ੍ਹਾਂ ਕਿਹਾ ਕਿ ਮਜਦੂਰ, ਕਿਸਾਨ ਆੜ੍ਹਤੀਏ ਦਾ ਨਹੁੰ-ਮਾਸ ਦਾ ਰਿਸ਼ਤਾ ਹੈ। ਕਿਸਾਨ ਅਤੇ ਮਜਦੂਰ ਦੀ ਸਲਾਨਾ ਆਮਦਨ ਮੁਨਾਫਾ ਅਤੇ ਜਮੀਨਾਂ ਤੇ ਬਣੀਆਂ ਬੈਂਕ ਲਿਮਟਾਂ ਅਨੁਸਾਰ ਉਨ੍ਹਾਂ ਨੂੰ ਘੱਟ ਖਰਚਾ ਕਰਨ ਲਈ ਆੜ੍ਹਤੀਏ ਪ੍ਰੇਰਿਤ ਕਰਦੇ ਹਨ ਤਾਂ ਜੋ ਉਹ ਬੇਲੋੜੇ ਖਰਚ ਕਰਕੇ ਨਪੀੜਿਆ ਨਾ ਜਾ ਸਕੇ। ਬੱਬੀ ਨੇ ਕਿਹਾ ਕਿ ਇਸ ਕਾਰੋਬਾਰ ਨਾਲ ਮਜਦੂਰ, ਕਿਸਾਨ, ਵਪਾਰੀ, ਆੜ੍ਹਤੀਆ, ਰੇਹੜੀ ਵਾਲੇ, ਲੇਵਰ, ਢੋਆ-ਢੁਆਈ ਅਤੇ ਹੋਰ ਛੋਟੇ-ਮੋਟੇ ਧੰਦੇ ਜੁੜੇ ਹੋਏ ਹਨ। ਜੇਕਰ ਆੜ੍ਹਤ ਅਤੇ ਸੈੱਲਰ ਠੱਪ ਹੁੰਦੇ ਹਨ ਤਾਂ ਇਸ ਨਾਲ ਇੱਕਲਾ ਆੜ੍ਹਤੀਆ ਅਤੇ ਵਪਾਰੀ ਵਰਗ ਨਹੀਂ ਬਲਕਿ ਉਕਤ ਸਾਰੇ ਧੰਦਿਆਂ ਨਾਲ ਜੁੜੇ ਹੋਏ ਵਿਅਕਤੀ ਪ੍ਰਭਾਵਿਤ ਹੋਣਗੇ ਅਤੇ ਆਰਥਿਕ ਪੱਖੋਂ ਉਨ੍ਹਾਂ ਦੀ ਹਾਲਤ ਪਤਲੀ ਹੋ ਜਾਵੇਗੀ, ਜੋ ਕੋਈ ਹੋਰ ਕੰਮ ਨਹੀਂ ਕਰ ਸਕਣਗੇ।