*ਕਾਰਪੋਰੇਸ਼ਨ ਚੋਣਾਂ ‘ਚ ਆਜਾਦ ਉੱਮੀਦਵਾਰ ਖੜੇ ਕਰਨ ਸਬੰਧੀ ਸਿਆਸੀ ਆਗੂਆਂ ਤੋਂ ਨਿਰਾਸ਼ ਸ਼ਹਿਰੀਆਂ ਦੀ ਹੋਈ ਮੀਟਿੰਗ*

0
20

ਫਗਵਾੜਾ 3 ਦਸੰਬਰ (ਸਾਰਾ ਯਹਾਂ/ਸ਼ਿਵ ਕੋੜਾ) ਕਾਰਪੋਰੇਸ਼ਨ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਬੇਸ਼ਕ ਹਾਲੇ ਚੋਣ ਕਮਿਸ਼ਨ ਪੰਜਾਬ ਵਲੋਂ ਕੀਤਾ ਜਾਣਾ ਬਾਕੀ ਹੈ, ਪਰ ਲੰਬੇ ਅੰਤਰਾਲ ਤੋਂ ਬਾਅਦ ਫਗਵਾੜਾ ਕਾਰਪੋਰੇਸ਼ਨ ਦੀਆਂ ਹੋਣ ਜਾ ਰਹੀਆਂ ਚੋਣਾਂ ਤੋਂ ਪਹਿਲਾਂ ਇੱਥੋਂ ਦੇ ਸਿਆਸੀ ਸਮੀਕਰਣਾਂ ਵਿਚ ਰੋਜਾਨਾ ਹੀ ਨਵਾਂ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਇੱਕ ਪਾਸੇ ਜਿੱਥੇ ਕਿਸੇ ਵੀ ਸਿਆਸੀ ਪਾਰਟੀ ਦਾ ਕਿਸੇ ਧਿਰ ਨਾਲ ਗਠਜੋੜ ਨਾ ਹੋਣ ਕਰਕੇ ਸ਼ਹਿਰ ਦੇ ਕੁੱਲ ਪੰਜਾਹ ਵਾਰਡਾਂ ਵਿਚ ਉੱਮੀਦਵਾਰਾਂ ਦੀ ਤਲਾਸ਼ ਹਰੇਕ ਪਾਰਟੀ ਲਈ ਮੁਸ਼ਕਲ ਹੋ ਰਹੀ ਹੈ, ਉੱਥੇ ਹੀ ਕਾਰਪੋਰੇਸ਼ਨ ਚੋਣਾਂ ਵਿਚ ਜੋਰ ਅਜਮਾਇਸ਼ ਕਰਨ ਦੇ ਚਾਹਵਾਨ ਰੋਜਾਨਾ ਇੱਕ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀ ਦਾ ਲੜ ਫੜ ਰਹੇ ਹਨ। ਇਸੇ ਅਦਲਾ-ਬਦਲੀ ਤੋਂ ਆਹਤ ਫਗਵਾੜਾ ਦੇ ਵੱਖ-ਵੱਖ ਵਾਰਡਾਂ ਦੇ ਪਤਵੰਤਿਆਂ ਦੀ ਇੱਕ ਮੀਟਿੰਗ ਜਤਿੰਦਰ ਸਿੰਘ ਪਲਾਹੀ ਦੀ ਅਗਵਾਈ ਹੇਠ ਹੋਈ। ਜਿਸ ਵਿਚ ਜਸਵਿੰਦਰ ਸਿੰਘ ਘੁੰਮਣ, ਮੋਹਨ ਸਿੰਘ ਸਾਂਈ, ਜਸਵੀਰ ਸਿੰਘ ਭੁੱਲਾਰਾਈ, ਪ੍ਰਦੀਪ ਬਸਰਾ, ਇੰਦਰਜੀਤ ਸਿੰਘ ਬਸਰਾ, ਸਤਨਾਮ ਸਿੰਘ, ਹਰਵਿੰਦਰ ਸਿੰਘ, ਉਂਕਾਰ ਸਿੰਘ, ਦਿਲਰਾਜ ਸਿੰਘ ਆਦਿ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਵਾਰਡ ਪੱਧਰ ਤੇ ਆਜਾਦ ਉੱਮੀਦਵਾਰ ਖੜੇ ਕਰਨ ਬਾਰੇ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਜਤਿੰਦਰ ਸਿੰਘ ਪਲਾਹੀ ਅਤੇ ਹੋਰਨਾਂ ਨੇ ਕਿਹਾ ਕਿ ਫਗਵਾੜਾ ਕਾਰਪੋਰੇਸ਼ਨ ਨੂੰ ਭੰਗ ਹੋਏ ਕਈ ਸਾਲ ਬੀਤ ਚੁੱਕੇ ਹਨ ਜਿਸ ਕਰਕੇ ਸ਼ਹਿਰ ਦਾ ਵਿਕਾਸ ਠੱਪ ਪਿਆ ਹੈ। ਹੁਣ ਜਦੋਂ ਇਹ ਚੋਣਾਂ ਹੋਣ ਜਾ ਰਹੀਆਂ ਹਨ ਤਾਂ ਸ਼ਹਿਰ ਦੇ ਬੁੱਧੀਜੀਵੀ ਵਰਗ ਦਾ ਇਹ ਫਰਜ਼ ਬਣਦਾ ਹੈ ਕਿ ਅਜਿਹੇ ਉੱਮੀਦਵਾਰਾਂ ਨੂੰ ਕੌਂਸਲਰ ਚੁਣਿਆ ਜਾਵੇ ਜੋ ਕਿ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਆਪਣੇ ਵਾਰਡ ਦਾ ਵਿਕਾਸ ਕਰਵਾਉਣ ਦੀ ਸਮਰੱਥਾ ਰੱਖਦੇ ਹੋਣ। ਪਰ ਜਿਸ ਤਰ੍ਹਾਂ ਨਾਲ ਕੋਂਸਲਰ ਬਣਨ ਦੀ ਚਾਹਤ ਵਿਚ ਪਾਰਟੀਆਂ ਦੇ ਵਰਕਰ ਇੱਧਰ-ਉੱਧਰ ਜਾ ਰਹੇ ਹਨ, ਉਸਨੂੰ ਦੇਖਦੇ ਹੋਏ ਲੱਗਦਾ ਨਹੀਂ ਕਿ ਉਹਨਾਂ ਵਲੋਂ ਕੌਂਸਲਰ ਬਣਨ ਤੋਂ ਬਾਅਦ ਵਾਰਡਾਂ ਦੇ ਵਿਕਾਸ ਨੂੰ ਤਰਜੀਹ ਦਿੱਤੀ ਜਾਵੇਗੀ। ਜੇਕਰ ਕਿਸੇ ਉੱਮੀਦਵਾਰ ਦਾ ਆਪਣੇ ਵਾਰਡ ਵਿਚ ਚੰਗਾ ਰਸੂਖ ਹੈ ਤਾਂ ਉਹ ਕਿਸੇ ਪਾਰਟੀ ਸਿੰਬਲ ਦਾ ਮੋਹਤਾਜ ਨਹੀਂ ਹੋ ਸਕਦਾ। ਇਸ ਕਰਕੇ ਮੀਟਿੰਗ ਵਿਚ ਸ਼ਹਿਰ ਦੇ ਵੱਖ-ਵੱਖ ਵਾਰਡਾਂ ਤੋਂ ਚੰਗੀ ਇਮੇਜ ਵਾਲੇ ਆਜਾਦ ਉੱਮੀਦਵਾਰ ਖੜੇ ਕਰਨ ਬਾਰੇ ਵਿਚਾਰਾਂ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਜਲਦੀ ਹੀ ਅਗਲੀ ਮੀਟਿੰਗ ਚੋਣ ਤਰੀਕਾਂ ਦੇ ਐਲਾਨ ਤੋਂ ਬਾਅਦ ਕੀਤੀ ਜਾਵੇਗੀ।

NO COMMENTS