ਕਾਰਪੋਰੇਟ ਘਰਾਣਿਆਂ ਨੂੰ ਮਾਲੀ ਨੁਕਸਾਨ ਪਹੁੰਚਾਉਣ ਦੀ ਤਿਆਰੀ, ਜੀਓ ਦੇ ਟਾਵਰ ਦਾ ਕੱਟਿਆ ਕਨੈਕਸ਼ਨ

0
46

ਖੰਨਾ 23 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਖੰਨਾ ‘ਚ ਪੈਂਦੇ ਪਿੰਡ ਬੀਜਾ ‘ਚ ਅੱਜ ਕਿਸਾਨਾਂ ਦੇ ਹੱਕ ‘ਚ ਪਿੰਡ ਦੀ ਪੰਚਾਇਤ ਨੇ ਜੀਓ ਦੇ ਟਾਵਰ ਦਾ ਬਿਜਲੀ ਕਨੈਕਸ਼ਨ ਕੱਟ ਦਿੱਤਾ ਹੈ। ਪਿੰਡ ਵਾਲਿਆਂ ਨੇ ਮਤਾ ਪਾ ਜੀਓ ਦੇ ਸਾਰੇ ਸਿਮ ਬੰਦ ਕਰ ਦੂਜੇ ਨੈਟਵਰਕ ‘ਚ ਪੋਟ ਕਰਵਾਉਣ ਦਾ ਫੈਸਲਾ ਲਿਆ ਹੈ। ਬੀਜਾ ਪਿੰਡ ਦੇ ਸਰਪੰਚ ਸੁਖਰਾਜ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਜਦ ਤਕ ਮੋਦੀ ਦੀ ਸਰਕਾਰ ਕਿਸਾਨ ਵਿਰੋਧੀ ਪਾਸ ਕੀਤੇ ਗਏ ਕਨੂੰਨ ਰੱਦ ਨਹੀਂ ਕਰਦੀ, ਉਦੋਂ ਤੱਕ ਅਸੀਂ ਉਨ੍ਹਾਂ ਕਾਰਪੋਰੇਟ ਘਰਾਣਿਆਂ ਦਾ ਮਾਲੀ ਨੁਕਸਾਨ ਕਰਾਂਗੇ ਜਿਨ੍ਹਾਂ ਦੇ ਕਹੇ ‘ਤੇ ਮੋਦੀ ਸਰਕਾਰ ਨੇ ਇਹ ਕਾਲੇ ਕਨੂੰਨ ਪਾਸ ਕੀਤੇ ਹਨ।

ਉਨ੍ਹਾਂ ਕਿਹਾ ਕਿ ਅਸੀਂ ਪਿੰਡ ‘ਚ ਮਤਾ ਪਾ ਕੇ ਜੀਓ ਦੇ ਸਾਰੇ ਸਿਮ ਬੰਦ ਕਰਵਾ ਰਹੇ ਹਾਂ। ਉਥੇ ਹੀ ਪਿੰਡ ਦੇ ਪੰਚਾਇਤ ਮੈਂਬਰ ਕਮਲਜੀਤ ਸਿੰਘ ਨੇ ਕਿਹਾ ਕਿ ਜਿਹੜਾ ਮੋਦੀ ਆਪਣੇ ਆਪ ਨੂੰ ਚੌਂਕੀਦਾਰ ਕਹਿੰਦਾ ਹੈ, ਉਹ ਲੋਕਾਂ ਦਾ ਚੌਂਕੀਦਾਰ ਨਹੀਂ, ਅਡਾਨੀਆਂ ਅੰਬਾਨੀਆਂ ਦਾ ਚੌਂਕੀਦਾਰ ਹੈ। ਇਸੇ ਲਈ ਤਾਂ ਬਿੱਲ ਰੱਦ ਨਹੀਂ ਕਰਦਾ।

ਉਨ੍ਹਾਂ ਕਿਹਾ ਕਿ ਭਾਵੇਂ ਸਾਨੂੰ ਜਾਨਾਂ ਦੇਣੀਆਂ ਪੈਣ ਅਸੀਂ ਕਨੂੰਨ ਰੱਦ ਕਰਵਾ ਕੇ ਹੀ ਪਿੱਛੇ ਹਟਾਂਗੇ। ਉੱਥੇ ਹੀ ਜਦ ਪਾਵਰ ਕਾਰਪੋਰੇਸ਼ਨ ਮੰਡਲ ਚਾਵਾਂ ਦੇ ਐਸਡੀਓ ਯਗਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੇਰੇ ਧਿਆਨ ‘ਚ ਕਿਸੇ ਟਾਵਰ ਦੇ ਬਿਜਲੀ ਕੁਨੈਕਸ਼ਨ ਕੱਟਣ ਦਾ ਮਾਮਲਾ ਨਹੀਂ ਆਇਆ। ਜੇਕਰ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਚ ਅਧਿਕਾਰੀਆਂ ਦੇ ਧਿਆਨ ‘ਚ ਲਿਆਂਦਾ ਜਾਵੇਗਾ ਤੇ ਜੋ ਅਧਿਕਾਰੀਆਂ ਦੇ ਕਹੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

NO COMMENTS