ਕਾਮੇਡੀ ਅਦਾਕਾਰ ਗੁਰਚੇਤ ਚਿੱਤਰਕਾਰ ਨਵਜੰਮੇ ਬੱਚੇ ਦੀ ਮਾਂ ਨੂੰ ਪੰਜ਼ੀਰੀ ਦੇਣ ਝੁੱਗੀਆਂ ਵਿੱਚ ਪਹੁੰਚੇ

0
54

ਬਠਿੰਡਾ (ਸਾਰਾ ਯਹਾ/ ਹਿਤੇਸ਼ ਸ਼ਰਮਾ ) ਸੁਖ ਸੇਵਾ ਸੁਸਾਇਟੀ ਪੰਜਾਬ ਅਤੇ ਵਰਲਡ ਕੈਂਸਰ ਕੇਅਰ ਟੀਮ ਵੱਲੋਂ ਲਾਕਡਾਊਨ ਦੌਰਾਨ ਲਗਾਤਾਰ ਉਦੋਂ ਤੋਂ ਹੀ ਲੋੜਵੰਦਾਂ ਲਈ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ, ਜਦੋਂ ਤੋਂ ਪੰਜਾਬ ਵਿੱਚ ਲਾਕਡਾਊਨ ਲੱਗਿਆ ਹੈ। ਸੁਸਾਇਟੀ ਵੱਲੋਂ ਹਰ ਰੋਜ਼ ਲੋੜਵੰਦ ਪਰਿਵਾਰਾਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਅਨੁਸਾਰ ਸਾਵਧਾਨੀਆਂ ਵਰਤਦੇ ਹੋਏ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਕੱਲ੍ਹ ਜਦ ਟੀਮ ਲੰਗਰ ਸੇਵਾ ਲਈ ਬਾਬਾ ਫਰੀਦ ਨਗਰ ਦੀਆਂ ਝੁੱਗੀਆਂ ਵਿੱਚ ਪਹੁੰਚੀ ਤਾਂ ਇੱਕ ਪਰਿਵਾਰ ਨੇ ਸੁਸਾਇਟੀ ਦੇ ਸੇਵਾਦਾਰ ਸੁਖਪਾਲ ਸਿੰਘ ਸਿੱਧੂ ਨੂੰ ਕਿਹਾ ਕਿ ਸਾਡੇ ਘਰ ਵਿੱਚ ਬੱਚਾ ਪੈਦਾ ਹੋਇਆ ਹੈ ਅਤੇ ਉਸ ਦੀ ਮਾਂ ਲਈ ਪੰਜ਼ੀਰੀ ਦੀ ਲੋੜ ਹੈ ਪਰ ਲਾਕਡਾਊਨ ਕਾਰਨ ਸਾਡੇ ਕੋਲ ਕੋਈ ਗੁੰਜਾਇਸ਼ ਹੀ ਨਹੀਂ ਕਿ ਅਸੀਂ ਪੰਜ਼ੀਰੀ ਦਾ ਖਰਚਾ ਉਠਾ ਸਕੀਏ ਤਾਂ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਵੱਲੋਂ ਪੰਜ਼ੀਰੀ ਦਾ ਪ੍ਰਬੰਧ ਕੀਤਾ ਜਾਵੇਗਾ। ਜਦ ਸਿੱਧੂ ਨੇ ਕਾਮੇਡੀ ਅਦਾਕਾਰ ਗੁਰਚੇਤ ਚਿੱਤਰਕਾਰ ਜੀ ਨਾਲ ਇਸ ਪਰਿਵਾਰ ਬਾਰੇ ਗੱਲਬਾਤ ਕੀਤੀ ਤਾਂ ਚਿੱਤਰਕਾਰ ਜੀ ਨੇ ਝੱਟ ਹੀ ਹਾਂ ਕਰ ਦਿੱਤੀ ਕਿ ਉਹ ਨਵਜੰਮੇ ਬੱਚੇ ਦੇ ਘਰ ਜਾ ਕੇ ਉਸਦੀ ਮਾਂ ਨੂੰ ਪੰਜ਼ੀਰੀ ਦੇਣ ਲਈ ਜਰੂਰ ਆਉਣਗੇ। ਅੱਜ ਬਾਅਦ ਦੁਪਹਿਰ ਸੁਖ ਸੇਵਾ ਸੁਸਾਇਟੀ ਪੰਜਾਬ ਅਤੇ ਵਰਲਡ ਕੈਂਸਰ ਕੇਅਰ ਦੀ ਟੀਮ ਨਾਲ ਲਾਕਡਾਊਨ ਦੌਰਾਨ ਲੋਕਾਂ ਨੂੰ ਡਿਪਰੈਸ਼ਨ ਤੋਂ ਬਚਾਉਣ ਲਈ ਅਤੇ ਹਸਾ ਹਸਾ ਕੇ ਢਿੱਡੀਂ ਪੀੜਾਂ ਪਾਉਣ ਵਾਲੇ ਕਾਮੇਡੀ ਅਦਾਕਾਰ ਗੁਰਚੇਤ ਚਿੱਤਰਕਾਰ ਜੀ ਉਸ ਨਵਜੰਮੇ ਬੱਚੇ ਦੀ ਮਾਂ ਨੂੰ ਪੰਜ਼ੀਰੀ ਦੇਣ ਲਈ ਉਨ੍ਹਾਂ ਦੀ ਝੁੱਗੀ ਵਿੱਚ ਪਹੁੰਚੇ। ਉਨ੍ਹਾਂ ਬੱਚੇ ਨੂੰ ਆਪਣੀ ਗੋਦੀ ਵਿੱਚ ਚੁੱਕਿਆ ਅਤੇ ਸ਼ਗਨ ਦੇ ਕੇ ਬੱਚੇ ਦਾ ਮੂੰਹ ਦੇਖਿਆ। ਇਸ ਵੇਲੇ ਉਸ ਪਰਿਵਾਰ ਦੀ ਖੁਸ਼ੀ ਦਾ ਕੋਈ ਅੰਤ ਨਹੀਂ ਸੀ ਤੇ ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਗੁਰਚੇਤ ਚਿੱਤਰਕਾਰ ਨੇ ਸੁਖ ਸੇਵਾ ਸੁਸਾਇਟੀ ਪੰਜਾਬ ਅਤੇ ਵਰਲਡ ਕੈਂਸਰ ਕੇਅਰ ਟੀਮ ਦੇ ਉਪਰਾਲਿਆਂ ਦੀ ਸਲਾਘਾ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਮਾਜ ਸੇਵੀ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਵਰਲਡ ਕੈਂਸਰ ਕੇਅਰ ਦੇ ਮਾਲਵਾ ਇੰਚਾਰਜ ਸੁਖਪਾਲ ਸਿੰਘ ਸਿੱਧੂ ਨੇ ਗੁਰਚੇਤ ਚਿੱਤਰਕਾਰ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਚਿੱਤਰਕਾਰ ਜ਼ਮੀਨ ਨਾਲ ਜੁੜਿਆ ਹੋਇਆ ਆਮ ਲੋਕਾਂ ਦਾ ਅਦਾਕਾਰ ਹੈ ਜੋ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਹੀ ਆਪਣੇ ਰੁਝੇਵਿਆਂ ਨੂੰ ਛੱਡ ਕੇ ਬਠਿੰਡਾ ਦੀਆਂ ਝੁੱਗੀਆਂ ਵਿੱਚ ਸੇਵਾ ਕਰਨ ਲਈ ਆਏ। ਇਸ ਮੌਕੇ ਗੁਰਚੇਤ ਚਿੱਤਰਕਾਰ ਦੇ ਨਾਲ ਫੈਮਿਲੀ ਟੀਮ ਦੇ ਅਦਾਕਾਰ ਸਮਸ਼ੇਰ ਮੱਲੀ, ਡਾਇਰੈਕਟਰ ਜੀਤ ਭਰੀ, ਲੱਖਾ ਸਿੱਧੂ ਮਹਿਰਾਜ, ਸੁਖਪਾਲ ਮਹਿਰਾਜ ਅਤੇ ਨਰਾਇਣ ਚੋਟੀਆਂ ਹਾਜ਼ਿਰ ਸਨ। ਸੁਖ ਸੇਵਾ ਸੁਸਾਇਟੀ ਪੰਜਾਬ ਦੇ ਪ੍ਰਧਾਨ ਐਸ ਪੀ ਸਿੱਧੂ ਵੱਲੋਂ ਡਾ ਰਣਜੀਤ ਸਿੰਘ ਲੁੱਧੜ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਜਿੰਨ੍ਹਾਂ ਵੱਲੋਂ 59 ਵੇਂ ਦਿਨ ਦੇ ਲੰਗਰ ਦੀ ਸੇਵਾ ਨਿਭਾਈ ਗਈ। ਸੁਖ ਸੇਵਾ ਸੁਸਾਇਟੀ ਪੰਜਾਬ ਦੇ ਪ੍ਰੈਸ ਸਕੱਤਰ ਅਵਿਨਾਸ਼ ਗੋਂਦਾਰਾ, ਸੈਕਟਰੀ ਲਖਵਿੰਦਰ ਲੱਕੀ, ਹਰਭਜਨ ਪੰਜਾਬ ਪੁਲਿਸ, ਗੁਰਵਿੰਦਰ ਪਾਂਡਾ, ਰੋਮੀ ਕੈਨੇਡਾ,ਅਰਮਾਨ ਧਾਲੀਵਾਲ ਅਤੇ ਕੈਪਟਨ ਜੁਗਰਾਜ ਸਿੰਘ ਸਿੱਧੂ ਵੱਲੋਂ ਕਾਮੇਡੀ ਅਦਾਕਾਰ ਗੁਰਚੇਤ ਚਿੱਤਰਕਾਰ ਦਾ ਧੰਨਵਾਦ ਕੀਤਾ ਜਿੰਨ੍ਹਾਂ ਬਠਿੰਡਾ ਵਿਖੇ ਆ ਕੇ ਸੁਸਾਇਟੀ ਮੈਂਬਰਾਂ ਦੀ ਹੌਂਸਲਾ ਅਫਜ਼ਾਈ ਕੀਤੀ। ਵਰਲਡ ਕੈਂਸਰ ਕੇਅਰ ਦੇ ਗਲੋਬਲ ਅੰਬੈਸਡਰ ਕੁਲਵੰਤ ਧਾਲੀਵਾਲ ਅਤੇ ਕੁਲਦੀਪ ਸਿੰਘ ਟੱਲੇਵਾਲ ਵੱਲੋਂ ਗੁਰਚੇਤ ਚਿੱਤਰਕਾਰ ਅਤੇ ਸੁਸਾਇਟੀ ਮੈਂਬਰਾਂ ਦੇ ਉਪਰਾਲੇ ਦਾ ਧੰਨਵਾਦ ਕੀਤਾ ਗਿਆ ਜੋ ਲਗਾਤਾਰ ਮਹਾਂਮਾਰੀ ਦੇ ਦੌਰ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।

LEAVE A REPLY

Please enter your comment!
Please enter your name here