ਅੰਮ੍ਰਿਤਸਰ 03,ਮਈ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਵੇਲੇ 900 ਰੁਪਏ ਸੈਂਕੜਾ ਰੇਤਾ ਵਿਕਦਾ ਸੀ ਜੋ ਅੱਜ ਇੱਕ ਮਹੀਨੇ ਬਾਅਦ 2200 ਰੁਪਏ ਸੈਂਕੜਾ ਹੋ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਅੱਜ ਰੇਤੇ ਦੀ ਟਰਾਲੀ 16000 ਨੂੰ ਵਿਕ ਰਹੀ ਹੈ। ਰੇਤੇ ਦੀ ਘਾਟ ਕਰਕੇ ਕੰਮ ਬੰਦ ਹੋ ਗਏ ਹਨ। ਮਜ਼ਦੂਰ ਘਰੇ ਬੈਠਣ ਲਈ ਮਜਬੂਰ ਹੋ ਗਏ ਹਨ। ਉਸਾਰੀ ਦਾ ਕੰਮ ਰੁਕਣ ਨਾਲ ਭੱਠੇ ਬੰਦ ਹੋ ਗਏ ਹਨ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਕਹਿੰਦੇ ਸੀ ਕਿ 2000 ਕਰੋੜ ਵਾਧੂ ਕਮਾਈ ਹੋਏਗੀ, ਉਹ ਹੁਣ ਕਿੱਥੇ ਹੈ। ਹਾਲਾਤ ਇਹ ਹਨ ਕਿ ਹੁਣ ਦੁਕਾਨਦਾਰ ਕਿੱਥੇ ਜਾਵੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਚੈਲੰਜ ਹੈ ਕਿ ਜਦ ਤੱਕ ਠੇਕੇਦਾਰੀ ਸਿਸਟਮ ਖਤਮ ਨਹੀਂ ਹੁੰਦਾ, ਕੁਝ ਨਹੀਂ ਹੋਏਗਾ। ਇਸ ਬਾਰੇ ਜਦ ਤੱਕ ਪਾਲਿਸੀ ਆਏਗੀ, ਪੰਜਾਬ ਬਰਬਾਦ ਹੋ ਜਾਵੇਗਾ।
ਅੰਮ੍ਰਿਤਸਰ ‘ਚ ਰੇਤੇ ਦੇ ਰੇਟਾਂ ਦੇ ਮਾਮਲੇ ‘ਚ ਭਗਵੰਤ ਮਾਨ ਸਰਕਾਰ ਨੂੰ ਘੇਰਨ ਦੇ ਨਾਲ-ਨਾਲ ਸਿੱਧੂ ਨੇ ਜਿੱਥੇ ਅਰਵਿੰਦ ਕੇਜਰੀਵਾਲ ਨੂੰ ਰੱਝ ਕੇ ਕੋਸਿਆ, ਉਥੇ ਹੀ ਆਪਣੀ ਪਾਰਟੀ ਦੀ ਵੀ ਨੈਤਿਕਤਾ ਦੇ ਮਾਮਲੇ ‘ਤੇ ਖੁੱਲ੍ਹ ਕੇ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਮੁੱਦਿਆਂ ‘ਤੇ ਹਮੇਸ਼ਾ ਬੋਲਦਾ ਰਹੂੰ ਕਿਉਂਕਿ ਮੈਂ ਪੰਜਾਬ ਦੀ ਗੱਲ ਕਰਨੀ ਹੈ ਤੇ ਮੇਰੇ ਵਿੱਚ ਨੈਤਿਕਤਾ ਹੈ ਤੇ ਮੈਨੂੰ ਈਡੀ ਜਾਂ ਕਿਸੇ ਹੋਰ ਦਾ ਡਰ ਨਹੀਂ।
ਸਿੱਧੂ ਨੇ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੇਜਰੀਵਾਲ ਕਹਿੰਦਾ ਸੀ ਕਿ ਉਹ ਪਹਿਲੇ ਦਿਨ ਹੀ 20 ਹਜ਼ਾਰ ਕਰੋੜ ਦਾ ਪ੍ਰਬੰਦ ਕਰ ਲਵੇਗਾ ਪਰ ਹੁਣ ਕੇਜਰੀਵਾਲ ਤੇ ਉਸ ਦਾ ਚੇਲਾ ਠੰਡੀਆਂ ਹਵਾਵਾਂ ਮਾਣ ਰਹੇ ਹਨ, ਜਿਨਾਂ ਨੇ ਪੰਜਾਬ ਦੇ ਲੋਕਾਂ ਨਾਲ ਠੱਗੀ ਮਾਰੀ ਹੈ।