*ਕਾਂਗਰਸ ਦੀ ਸੁਖਬੀਰ ਬਾਦਲ ਨੂੰ ਚੁਣੌਤੀ, ਸਾਰਾ ਅਕਾਲੀ ਦਲ ਸਿੱਧੂ ਖਿਲਾਫ ਲੜ ਲਵੇ ਤਾਂ ਵੀ ਸਾਡੀ ਜਿੱਤ ਪੱਕੀ…*

0
28

ਚੰਡੀਗੜ੍ਹ 27,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵਜੋਤ ਸਿੱਧੂ ਖਿਲਾਫ ਬਿਕਰਮ ਮਜੀਠੀਆ ਨੂੰ ਲੜਾਉਣ ਦੇ ਸਵਾਲ ‘ਤੇ ਕਾਂਗਰਸ ਨੇ ਸੁਖਬੀਰ ਬਾਦਲ ਨੂੰ ਚੁਣੌਤੀ ਦਿੱਤੀ ਹੈ। ਕਾਂਗਰਸ ਦੇ ਲੀਡਰ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਹੈ ਕਿ ਸਾਰਾ ਅਕਾਲੀ ਦਲ ਵੀ ਨਵਜੋਤ ਸਿੱਧੂ ਖਿਲਾਫ ਲੜ ਲਵੇ ਤਾਂ ਵੀ ਸਿੱਧੂ ਜਿੱਤ ਕੇ ਹੀ ਆਉਣਗੇ। ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ਦੀ ਹਾਰ ਯਕੀਨੀ ਹੈ।

ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਨੇ ਅੰਮ੍ਰਿਤਸਰ ਪੂਰਬੀ ਸੀਟ ਤੋਂ ਨਵਜੋਤ ਸਿੰਘ ਸਿੱਧੂ ਖਿਲਾਫ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਸਿਆਸੀ ਜੀਵਨ ਖ਼ਤਮ ਹੋਣ ਜਾ ਰਿਹਾ ਹੈ। ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਨਵਜੋਤ ਸਿੱਧੂ ਦੀ ਜ਼ਮਾਨਤ ਜ਼ਬਤ ਹੋ ਜਾਵੇਗੀ।

ਬਿਕਰਮ ਮਜੀਠੀਆ ‘ਮਾਝੇ ਦਾ ਜਰਨੈਲ’
ਬਿਕਰਮ ਮਜੀਠੀਆ ਨੂੰ ਅਕਾਲੀਆਂ ਵੱਲੋਂ ‘ਮਾਝੇ ਦਾ ਜਰਨੈਲ’ ਕਿਹਾ ਜਾਂਦਾ ਹੈ। ਡਰੱਗਜ਼ ਮਾਮਲੇ ਦਾ ਸਾਹਮਣਾ ਕਰ ਰਹੇ ਮਜੀਠੀਆ ਨੂੰ ਹਾਲਾਂਕਿ ਅੱਜ ਸੁਪਰੀਮ ਕੋਰਟ ਨੇ 31 ਜਨਵਰੀ ਤੱਕ ਗ੍ਰਿਫਤਾਰੀ ‘ਤੇ ਰੋਕ ਲਗਾ ਕੇ ਰਾਹਤ ਦਿੱਤੀ ਹੈ ਜਿਸ ਦੌਰਾਨ ਉਹ ਨਾਮਜ਼ਦਗੀ ਭਰ ਸਕਦੇ ਹਨ ਪਰ ਅਜੇ ਵੀ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ।

ਬਿਕਰਮ ਮਜੀਠੀਆ ਦੋ ਸੀਟਾਂ ਤੋਂ ਲੜ ਰਹੇ ਚੋਣ
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਬਿਕਰਮ ਮਜੀਠੀਆ ਦੋ ਸੀਟਾਂ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ। ਉਹ ਅੰਮ੍ਰਿਤਸਰ ਪੂਰਬੀ ਦੇ ਨਾਲ-ਨਾਲ ਆਪਣੀ ਪੁਰਾਣੀ ਸੀਟ ਮਜੀਠਾ ਤੋਂ ਵੀ ਚੋਣ ਲੜ ਰਹੇ ਹਨ। ਮਜੀਠੀਆ ਇਸ ਸੀਟ ਤੋਂ ਲਗਾਤਾਰ ਤਿੰਨ ਵਾਰ ਵਿਧਾਨ ਸਭਾ ਚੋਣਾਂ ਜਿੱਤਦੇ ਰਹੇ ਹਨ।

ਸਿੱਧੂ ਵੀ ਅੱਜ ਤੱਕ ਨਹੀਂ ਹਾਰੇ ਕੋਈ ਚੋਣ
ਨਵਜੋਤ ਸਿੰਘ ਸਿੱਧੂ ਸਾਲ 2004 ਵਿੱਚ ਸਿਆਸਤ ਵਿੱਚ ਆਏ ਅਤੇ ਦਬਦਬਾ ਕਾਇਮ ਕੀਤਾ। ਉਨ੍ਹਾਂ ਅੰਮ੍ਰਿਤਸਰ ਤੋਂ ਪਹਿਲੀ ਵਾਰ ਲੋਕ ਸਭਾ ਚੋਣ ਲੜੀ ਅਤੇ ਕਾਂਗਰਸ ਦੇ ਆਰ.ਐੱਲ.ਭਾਟੀਆ ਨੂੰ 90 ਹਜ਼ਾਰ ਵੋਟਾਂ ਨਾਲ ਹਰਾਇਆ। 2009 ਦੀਆਂ ਲੋਕ ਸਭਾ ਚੋਣਾਂ ਵਿੱਚ ਉਹ ਫਿਰ ਜਿੱਤੇ ਪਰ 2014 ਵਿੱਚ ਭਾਜਪਾ ਨੇ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਹਾਲਾਂਕਿ ਪਾਰਟੀ ਨੇ ਉਨ੍ਹਾਂ ਨੂੰ ਰਾਜ ਸਭਾ ਰਾਹੀਂ ਸੰਸਦ ਭੇਜਿਆ ਸੀ।

ਸਿੱਧੂ 2017 ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ ਸਨ ਅਤੇ ਅੰਮ੍ਰਿਤਸਰ ਪੂਰਬੀ ਤੋਂ ਵਿਧਾਨ ਸਭਾ ਚੋਣ ਲੜੀ। ਉਨ੍ਹਾਂ ਨੂੰ 60 ਹਜ਼ਾਰ 477 ਵੋਟਾਂ ਮਿਲੀਆਂ। ਉਨ੍ਹਾਂ ਨੇ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਰਾਜੇਸ਼ ਕੁਮਾਰ ਹਨੀ ਨੂੰ 42 ਹਜ਼ਾਰ 809 ਵੋਟਾਂ ਨਾਲ ਹਰਾਇਆ। ਹਨੀ ਨੂੰ ਸਿਰਫ਼ 17,668 ਵੋਟਾਂ ਮਿਲੀਆਂ। ਤੀਜੇ ਨੰਬਰ ‘ਤੇ ਆਮ ਆਦਮੀ ਪਾਰਟੀ ਦੇ ਸਰਬਜੋਤ ਧੰਜਲ ਰਹੇ ਸਨ, ਜਿਨ੍ਹਾਂ ਨੂੰ 14 ਹਜ਼ਾਰ 715 ਵੋਟਾਂ ਮਿਲੀਆਂ। ਯਾਨੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਤੱਕ ਕੋਈ ਚੋਣ ਨਹੀਂ ਹਾਰੇ ਹਨ।

NO COMMENTS