ਚੰਡੀਗੜ੍ਹ 25,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections 2022) ਲਈ ਕਾਂਗਰਸ ਦੀ ਦੂਜੀ ਸੂਚੀ ਅੱਜ-ਭਲਕ ਜਾਰੀ ਹੋ ਸਕਦੀ ਹੈ। ਪੰਜਾਬ ਦੇ 86 ਕਾਂਗਰਸੀ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਜਾ ਚੁੱਕੀ ਹੈ। ਦੂਜੀ ਸੂਚੀ ਵਿੱਚ 31 ਉਮੀਦਵਾਰਾਂ (Second List of Congress Candidates) ਦਾ ਐਲਾਨ ਕੀਤਾ ਜਾ ਸਕਦਾ ਹੈ। ਇਹ ਸੂਚੀ ਕੁਝ ਮੌਜੂਦਾ ਵਿਧਾਇਕਾਂ ਕਰਕੇ ਅਟਕੀ ਹੋਈ ਹੈ। ਕਾਂਗਰਸ (Punjab Congress) ਦਾ ਇੱਕ ਧੜਾ ਕੁਝ ਵਿਵਾਦਤ ਵਿਧਾਇਕਾਂ ਦੀ ਥਾਂ ਨਵੇਂ ਉਮੀਦਵਾਰ ਉਤਾਰਣ ਦੀ ਵਕਾਲਤ ਕਰ ਰਿਹਾ ਹੈ। ਇਸ ਕਰਕੇ ਰੇੜਕਾ ਪਿਆ ਹੋਇਆ ਹੈ।
ਇਸ ਕਰਕੇ ਹੀ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਨੇ ਪੰਜਾਬ ਚੋਣਾਂ ਲਈ ਦੂਜੀ ਸੂਚੀ ਤਿਆਰ ਕਰਨ ਲਈ ਸਬ-ਕਮੇਟੀ ਨੂੰ ਅਧਿਕਾਰ ਦੇ ਦਿੱਤੇ ਹਨ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ (Sonia Gandhi) ਨੇ ਕੇਂਦਰੀ ਚੋਣ ਕਮੇਟੀ ਦੀ ਪਹਿਲੀ ਮੀਟਿੰਗ ਵਿੱਚ ਕੁਝ ਵਿਧਾਇਕਾਂ ਦੀ ਟਿਕਟ ਸਬੰਧੀ ਪਏ ਰੱਫੜ ਦੇ ਨਿਬੇੜੇ ਲਈ ਸਬ-ਕਮੇਟੀ ਬਣਾਈ ਸੀ ਜਿਸ ਵਿੱਚ ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਅੰਬਿਕਾ ਸੋਨੀ, ਅਜੇ ਮਾਕਨ ਤੇ ਹਰੀਸ਼ ਚੌਧਰੀ ਆਦਿ ਸ਼ਾਮਲ ਹਨ।
ਸੂਤਰਾਂ ਮੁਤਾਬਕ ਸਬ ਕਮੇਟੀ ਵੱਲੋਂ ਮੁੱਖ ਮੰਤਰੀ ਨਾਲ ਮਸ਼ਵਰਾ ਕਰਕੇ 31 ਉਮੀਦਵਾਰਾਂ ਨੂੰ ਹਰੀ ਝੰਡੀ ਦਿੱਤੀ ਜਾਵੇਗੀ ਤੇ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਹੁਣ ਦੁਬਾਰਾ ਨਹੀਂ ਹੋਵੇਗੀ। ਉਮੀਦਵਾਰਾਂ ਦੇ ਨਾਮ ਫਾਈਨਲ ਕਰਨ ਮਗਰੋਂ ਸੋਨੀਆ ਗਾਂਧੀ ਕੋਲ ਸੂਚੀ ਪ੍ਰਵਾਨਗੀ ਲਈ ਜਾਵੇਗੀ। ਪਤਾ ਲੱਗਾ ਹੈ ਕਿ ਕੁਝ ਹਲਕਿਆਂ ਨੂੰ ਲੈ ਕੇ ਪ੍ਰਮੁੱਖ ਆਗੂਆਂ ਦੀ ਆਪਸੀ ਸਹਿਮਤੀ ਨਹੀਂ ਬਣ ਰਹੀ।
ਦੱਸ ਦਈਏ ਕਿ ਕਾਂਗਰਸ ਨੇ ਪਹਿਲੀ ਸੂਚੀ ਵਿੱਚ 4 ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਹਨ। 31 ਉਮੀਦਵਾਰਾਂ ਦੀ ਦੂਜੀ ਸੂਚੀ ‘ਚ 12 ਵਿਧਾਇਕਾਂ ਦੀ ਟਿਕਟ ‘ਤੇ ਤਲਵਾਰ ਲਟਕ ਰਹੀ ਹੈ। ਇਨ੍ਹਾਂ ਵਿੱਚੋਂ ਫਿਰੋਜ਼ਪੁਰ ਦੇਹਾਤੀ ਤੋਂ ਮੌਜੂਦਾ ਵਿਧਾਇਕ ਸਤਕਾਰ ਕੌਰ, ਸ਼ੁਤਰਾਣਾ ਤੋਂ ਨਿਰਮਲ ਸਿੰਘ, ਖੇਮਕਰਨ ਤੋਂ ਸੁਖਪਾਲ ਭੁੱਲਰ ਦੀ ਟਿਕਟ ਕੱਟੀ ਜਾ ਸਕਦੀ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ‘ਚ ਭਾਜਪਾ ਦੀ ਟਿਕਟ ‘ਤੇ ਚੋਣ ਲੜ ਰਹੀ ਅਦਿਤੀ ਸਿੰਘ ਦੇ ਪਤੀ ਅੰਗਦ ਸਿੰਘ ਦੀ ਟਿਕਟ ਵੀ ਕੱਟੀ ਜਾ ਸਕਦੀ ਹੈ। ਉਹ ਨਵਾਂਸ਼ਹਿਰ ਤੋਂ ਵਿਧਾਇਕ ਹਨ।