*ਕਾਂਗਰਸ ਦਾ ਕੋਈ ਵਿਧਾਇਕ ਉਮੀਦਵਾਰ ਕਿਤੇ ਨਹੀਂ ਗਿਆ : ਮੋਫਰ*

0
182

ਮਾਨਸਾ 4 ਮਾਰਚ (ਸਾਰਾ ਯਹਾਂ/ ਮੁੱਖ ਸੰਪਾਦਕ ) —– ਪੰਜਾਬ ਵਿੱਚ ਵਿਧਾਨ ਸਭਾ ਦੀ ਚੋਣ ਲੜ ਰਹੇ ਕਾਂਗਰਸ ਦੇ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਪੰਜਾਬ ਛੱਡ ਕੇ ਕਿਧਰੇ ਨਹੀਂ ਗਏ। ਵਿਰੋਧੀ ਪਾਰਟੀਆਂ ਵੱਲੋਂ ਉਨ੍ਹਾਂ ਦੇ ਬਾਹਰ ਹੋਣ ਅਤੇ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਨੂੰ ਬਾਹਰ ਭੇਜਣ ਦੇ ਇਲਜਾਮ ਲਾਏ ਜਾ ਰਹੇ ਹਨ। ਹਲਕਾ ਸਰਦੂਲਗੜ੍ਹ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਜਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਕਿਹਾ ਕਿ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਇੱਕਜੁੱਟ ਹੈ ਅਤੇ ਵਿਰੋਧੀ ਪਾਰਟੀਆਂ ਜਾਣ ਬੁੱਝ ਕੇ ਕਾਂਗਰਸ ਵਿੱਚ ਫੁੱਟ ਦੀ ਗੱਲ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ 10 ਮਾਰਚ ਨੂੰ ਚੋਣ ਨਤੀਜੇ ਆ ਕੇ ਮੁੜ ਤੋਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ। ਜਿਸ ਲਈ ਪੰਜਾਬ ਦੇ ਲੋਕ ਆਪਣਾ ਮਤ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੂਬੇ ਨੇ ਕਾਂਗਰਸ ਸਰਕਾਰ ਦੀ ਅਗਵਾਈ ਵਿੱਚ ਤਰੱਕੀ ਅਤੇ ਵਿਕਾਸ ਕੀਤਾ ਹੈ। ਹੁਣ ਫਿਰ ਪੰਜਾਬ ਨੂੰ ਇਹ ਲੀਹ ਤੇ ਤੋਰਿਆ ਜਾਵੇਗਾ। ਮੋਫਰ ਨੇ ਕਿਹਾ ਕਿ ਜੋ ਕੁਝ ਵਿਅਕਤੀ ਇਹ ਕਹਿ ਰਹੇ ਹਨ ਕਿ ਕਾਂਗਰਸ ਦੇ ਵਿਧਾਇਕ ਪਾਰਟੀ ਨੇ ਕਿਸੇ ਟੁੱਟ ਭੱਜ ਦੀ ਸ਼ੰਕਾ ਦੇ ਮੱਦੇਨਜਰ ਰਾਜਸਥਾਨ ਵਿੱਚ ਬੈਠਾ ਰੱਖੇ ਹਨ। ਉਹ ਇੱਕ ਫਾਲਤੂ ਦੀ ਬਿਆਨਬਾਜੀ ਹੈ। ਕਾਂਗਰਸ ਦੇ ਵਿਧਾਇਕ ਅਤੇ ਚੋਣ ਲੜਨ ਵਾਲੇ ਉਮੀਦਵਾਰ ਹੋ ਸਕਦਾ ਹੈ ਕਿਸੇ ਆਪਣੇ ਕੰਮ ਧੰਦਿਆਂ ਵਿੱਚ ਇੱਧਰ ਉੱਧਰ ਗਏ ਹੋਣ। ਪਰ ਪਾਰਟੀ ਵੱਲੋਂ ਇਸ ਤਰ੍ਹਾਂ ਦੇ ਕੋਈ ਆਦੇਸ਼ ਜਾਂ ਹੁਕਮ ਨਹੀਂ। ਜਿਸ ਵਿੱਚ ਉਨ੍ਹਾਂ ਨੂੰ ਕਿਹਾ ਗਿਆ ਹੋਵੇ ਕਿ ਉਹ ਰਾਜਸਥਾਨ ਪਹੁੰਚਣ। ਮੋਫਰ ਨੇ ਕਿਹਾ ਕਿ 10 ਮਾਰਚ ਨੂੰ ਫਿਰ ਕਾਂਗਰਸ ਸਰਕਾਰ ਸੱਤਾ ਵਿੱਚ ਵਾਪਸੀ ਕਰ ਰਹੀ ਹੈ ਅਤੇ ਇਸ ਵਿੱਚ ਉਸ ਦੀ ਵੱਡੀ ਜਿੱਤ ਸਾਹਮਣੇ ਆਵੇਗੀ। ਇਸ ਮੌਕੇ ਸੀਨੀਅਰੀ ਕਾਂਗਰਸੀ ਆਗੂ ਪ੍ਰਕਾਸ਼ ਚੰਦ ਕੁਲਰੀਆਂ, ਮਾਰਕਿਟ ਕਮੇਟੀ ਮਾਨਸਾ ਦੇ ਚੇਅਰਮੈਨ ਸੁਰੇਸ਼ ਕੁਮਾਰ ਨੰਦਗੜ੍ਹੀਆ, ਸਰਪੰਚ ਜਗਤਾਰ ਸਿੰਘ ਜੱਗਾ ਬੁਰਜ ਭਲਾਈਕੇ, ਸਾਬਕਾ ਸਰਪੰਚ ਗੁਰਦੀਪ ਸਿੰਘ ਲਖਮੀਰਵਾਲਾ, ਅਮਨਦੀਪ ਸਿੰਘ, ਸਾਬਕਾ ਸਰਪੰਚ ਦਰਸ਼ਨ ਸਿੰਘ ਮੋਫਰ, ਸਾਬਕਾ ਪ੍ਰਧਾਨ ਮਨਦੀਪ ਸਿੰਘ ਗੋਰਾ, ਸਰਪੰਚ ਪੋਲੋਜੀਤ ਸਿੰਘ ਬਾਜੇਵਾਲਾ ਤੋਂ ਇਲਾਵਾ ਹੋਰ ਵੀ ਮੌਜੂਦ ਸਨ।

NO COMMENTS