*ਕਾਂਗਰਸ ਛੱਡ ਕੇ ਬੀਜੇਪੀ ‘ਚ ਗਏ ਪੰਜਾਬ ਦੇ ਲੀਡਰਾਂ ਦੀ ਜਾਨ ਨੂੰ ਖਤਰਾ ? ਮੋਦੀ ਸਰਕਾਰ ਵੱਲੋਂ ‘ਐਕਸ’ ਸ਼੍ਰੇਣੀ ਦੀ ਸੁਰੱਖਿਆ ਦੇਣ ਦੇ ਹੁਕਮ*

0
40

(ਸਾਰਾ ਯਹਾਂ/ਬਿਊਰੋ ਨਿਊਜ਼ ) : ਕਾਂਗਰਸ ਛੱਡ ਕੇ ਬੀਜੇਪੀ ਵਿੱਚ ਪੰਜਾਬ ਦੇ ਲੀਡਰਾਂ ਨੂੰ ਕੇਂਦਰ ਸਰਕਾਰ ਪੂਰਾ ਮਾਣ-ਸਨਮਾਣ ਦੇ ਰਹੀ ਹੈ। ਪੰਜਾਬ ਵਿਚਲੀ ਭਗਵੰਤ ਮਾਨ ਸਰਕਾਰ ਜਿੱਥੇ ਵੀਆਈਪੀ ਕਲਚਰ ਨੂੰ ਨੱਥ ਪਾਉਣ ਲਈ ਸਿਆਸੀ ਲੀਡਰਾਂ ਦੀ ਬੇਲੋੜੀ ਸੁਰੱਖਿਆ ਘਟਾ ਰਹੀ ਹੈ, ਉੱਥੇ ਹੀ ਕੇਂਦਰ ਸਰਕਾਰ ਕਾਂਗਰਸ ਛੱਡ ਕੇ ਆਏ ਲੀਡਰਾਂ ਨੂੰ ‘ਐਕਸ’ ਸ਼੍ਰੇਣੀ ਦੀ ਸੁਰੱਖਿਆ ਨਾਲ ਨਿਵਾਜ਼ ਰਹੀ ਹੈ।

ਹਾਸਲ ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਨੇ ਪੰਜਾਬ ’ਚ ਭਾਜਪਾ ਦੇ ਚਾਰ ਆਗੂਆਂ ਬਲਬੀਰ ਸਿੰਘ ਸਿੱਧੂ ਤੇ ਗੁਰਪ੍ਰੀਤ ਸਿੰਘ ਕਾਂਗੜ (ਸਾਬਕਾ ਮੰਤਰੀ) ਤੇ ਸਾਬਕਾ ਵਿਧਾਇਕ ਜਗਦੀਪ ਸਿੰਘ ਨਕਈ ਤੇ ਅਮਰਜੀਤ ਸਿੰਘ ਟਿੱਕਾ ਨੂੰ ‘ਐਕਸ’ ਸ਼੍ਰੇਣੀ ਦੀ ਸੁਰੱਖਿਆ ਮੁਹੱਈਆ ਕਰਵਾਈ ਹੈ। ਇਹ ਚਾਰੋਂ ਆਗੂ ਪਿੱਛੇ ਜਿਹੇ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਹਨ।

ਸੂਤਰਾਂ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੀਆਰਪੀਐਫ ਨੂੰ ਹੁਕਮ ਜਾਰੀ ਕੀਤੇ ਹਨ ਕਿ ਭਾਜਪਾ ਦੇ ਇਨ੍ਹਾਂ ਆਗੂਆਂ ਨੂੰ 24 ਘੰਟੇ ‘ਐਕਸ’ ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕੀਤੀ ਜਾਵੇ। ਹਾਸਲ ਜਾਣਕਾਰੀ ਮੁਤਾਬਕ ਖ਼ੁਫ਼ੀਆ ਬਿਉਰੋ (ਆਈਬੀ) ਨੇ ਚਾਰੋਂ ਭਾਜਪਾ ਆਗੂਆਂ ਦੀ ਜਾਨ ਨੂੰ ਖ਼ਤਰੇ ਦੀਆਂ ਰਿਪੋਰਟਾਂ ਮਗਰੋਂ ਉਨ੍ਹਾਂ ਦੀ ਸੁਰੱਖਿਆ ਦਾ ਮੁਲਾਂਕਣ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਅਕਤੂਬਰ ’ਚ ਕੇਂਦਰ ਸਰਕਾਰ ਨੇ ਆਈਬੀ ਦੀ ਰਿਪੋਰਟ ਦੇ ਆਧਾਰ ’ਤੇ ਪੰਜਾਬ ਦੇ ਪੰਜ ਭਾਜਪਾ ਆਗੂਆਂ ਨੂੰ ‘ਵਾਈ’ ਸ਼੍ਰੇਣੀ ਦੀ ਸੁਰੱਖਿਆ ਮੁਹੱਈਆ ਕਰਵਾਈ ਸੀ।

ਕੇਂਦਰੀ ਗ੍ਰਹਿ ਮੰਤਰਾਲਾ ਇੰਟੈਲੀਜੈਂਸ ਬਿਊਰੋ ਦੀਆਂ ਰਿਪੋਰਟਾਂ ਦੇ ਆਧਾਰ ’ਤੇ ਆਗੂਆਂ ਨੂੰ ਸੀਆਰਪੀਐਫ ਤੇ ਸੀਆਈਐਸਐਫ ਵਰਗੀਆਂ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਰਾਹੀਂ ‘ਐਕਸ, ਵਾਈ, ਵਾਈ ਪਲੱਸ, ਜ਼ੈਡ ਤੇ ਜ਼ੈੱਡ ਪਲੱਸ’ ਸ਼੍ਰੇਣੀ ਦੀ ਸੁਰੱਖਿਆ ਮੁਹੱਈਆ ਕਰਵਾਉਂਦਾ ਹੈ। ਸੀਆਰਪੀਐਫ ਅਤੇ ਸੀਆਈਐਸਐਫ ’ਚ ਵੀਆਈਪੀ ਸੁਰੱਖਿਆ ਲਈ ਵਿਸ਼ੇਸ਼ ਕਮਾਂਡੋ ਹਨ ਜਿਨ੍ਹਾਂ ਕੋਲ ਅਤਿ ਆਧੁਨਿਕ ਹਥਿਆਰ ਹੁੰਦੇ ਹਨ।

NO COMMENTS