ਖੰਨਾ 9 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਬਾਗੀ ਲੀਡਰ ਨਵਜੋਤ ਸਿੱਧੂ ਮਾਈਗ੍ਰੇਟ ਕਰਕੇ ਲਿਆਂਦੇ ਗਏ ਹਨ। ਉਹ ਕਾਂਗਰਸੀ ਨਹੀਂ ਹਨ। ਇਸ ਲਈ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ। ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦੌਰਾਨ ਸਿੱਧੂ ਤੇ ਰੰਧਾਵਾ ਦੀ ਵੀ ਤਕਰਾਰ ਹੋ ਗਈ ਸੀ।
ਦੱਸ ਦਈਏ ਕਿ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦੌਰਾਨ ਸਾਬਕਾ ਮੰਤਰੀ ਨਵਜੋਤ ਸਿੰਘ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਰਮਿਆਨ ਤਕਰਾਰ ਜੱਗ-ਜ਼ਾਹਿਰ ਹੋਈ ਸੀ। ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈ ਸੀ। ਇਸ ‘ਚ ਰੰਧਾਵਾ ਨੇ ਸਿੱਧੂ ਨੂੰ ਸਟੇਜ ‘ਤੇ ਬੋਲਦੇ ਸਮੇਂ ਚਿੱਟ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਅੱਗੋਂ ਸਿੱਧੂ ਨੇ ਉਨ੍ਹਾਂ ਨੂੰ ਹੀ ਝਿੜਕ ਦਿੱਤਾ ਸੀ।
ਰੰਧਾਵਾ ਅੱਜ ਖੰਨਾ ਦੀਆਂ ਭੱਠੀਆਂ ਸਥਿਤ ਵੇਰਕਾ ਪਲਾਂਟ ਵਿੱਚ ਜਾਨਵਰਾਂ ਲਈ ਬਣੇ ਕੁਝ ਨਵੇਂ ਉਤਪਾਦਾਂ ਨੂੰ ਲਾਂਚ ਕਰਨ ਆਏ ਸੀ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਇੱਕ ਕਾਂਗਰਸੀ ਹਨ ਤੇ ਹਮੇਸ਼ਾਂ ਕਾਂਗਰਸ ਦੇ ਹਿੱਤ ਦੀ ਗੱਲ ਕਰਨਗੇ, ਪਰ ਸਿੱਧੂ ਪ੍ਰਵਾਸੀ ਨੇਤਾ ਹਨ। ਸੂਬਾ ਇੰਚਾਰਜ ਹਰੀਸ਼ ਰਾਵਤ ਨੂੰ ਵੀ ਇਸ ਬਾਰੇ ਸਾਰੀ ਜਾਣਕਾਰੀ ਦਿੱਤੀ ਹੈ।
ਰਾਹੁਲ ਗਾਂਧੀ ਦੀ ਫੇਰੀ ਦੌਰਾਨ ਵਿਵਾਦ ‘ਤੇ ਰੰਧਾਵਾ ਨੇ ਅੱਗੇ ਕਿਹਾ ਕਿ ਇਹ ਨੈਸ਼ਨਲ ਕਾਂਗਰਸ ਦਾ ਪ੍ਰੋਗਰਾਮ ਸੀ। ਉਨ੍ਹਾਂ ਭਾਸ਼ਣ ਖ਼ਤਮ ਕਰਨ ਲਈ ਸਿੱਧੂ ਨੂੰ ਜਿਹੜੀ ਪਰਚੀ ਭੇਜ ਦਿੱਤੀ ਸੀ, ਉਸ ‘ਤੇ ਹਰੀਸ਼ ਰਾਵਤ ਨੇ ਦਸਤਖਤ ਕੀਤੇ ਸੀ। ਇਸੇ ਕਰਕੇ ਸਿੱਧੂ ਨੇ ਹਰੀਸ਼ ਰਾਵਤ ਤੇ ਆਲ ਇੰਡੀਆ ਕਾਂਗਰਸ ਦਾ ਅਪਮਾਣ ਕੀਤਾ ਹੈ, ਉਨ੍ਹਾਂ ਦਾ ਨਹੀਂ।
ਇਸ ਤੋਂ ਅੱਗੇ ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਖੇਤੀ ਕਾਨੂੰਨਾਂ ‘ਤੇ ਦੋਸਤਾਨਾ ਮੈਚ ਖੇਡ ਰਹੇ ਹਨ। ਭਾਜਪਾ ਨੇ ਜਾਣਬੁੱਝ ਕੇ ਸਾਜਿਸ਼ ਤਹਿਤ ਅਕਾਲੀ ਦਲ ਨੂੰ ਆਪਣੇ ਤੋਂ ਵੱਖ ਕਰ ਲਿਆ ਤਾਂ ਜੋ ਉਹ ਪੰਜਾਬ ਅੰਦੋਲਨ ਨੂੰ ਅਸਫਲ ਕਰ ਸਕਣ। 2-3 ਮਹੀਨਿਆਂ ਵਿੱਚ ਦੋਵੇਂ ਧਿਰਾਂ ਫਿਰ ਇੱਕ-ਦੂਜੇ ਨਾਲ ਹੋਣਗੀਆਂ। ਰੰਧਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਕਿਸਾਨਾਂ ਵਰਗਾ ਸੂਬਾ ਬਣਾਉਣਾ ਚਾਹੁੰਦੀ ਹੈ।