*ਕਾਂਗਰਸ ਅਤੇ ਆਪ ਪਾਰਟੀ ਕੋਲ ਪਿੰਡਾਂ ਦੀਆਂ ਸੱਥਾਂ ਵਿੱਚ ਜਾਣ ਲਈ ਕੋਈ ਵੀ ਮੁੱਦਾ ਨਹੀਂ: ਅਕਾਲੀ ਆਗੂ*

0
38

ਮਾਨਸਾ 27,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ) —- ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ ਆਪਣੇ ਆਕਾ ਗਾਂਧੀ ਪਰਿਵਾਰ ਦੀਆਂ ਹਦਾਇਤਾਂ ਉੱਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੇ ਮੁੜ ਤੋਂ ਸਿਆਸਤ ਕਰਨ ਲਈ ਨਵੀਂ ਗਠਿਤ ਕੀਤੀ ਸਿਟ ਰਾਹੀਂ ਬਾਦਲ ਪਰਿਵਾਰ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਦੂਸਰੀ ਵਾਰ ਕੁਰਸੀ ਤੇ ਕਾਬਜ ਹੋ ਸਕਣ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੌਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਨਸਾ ਦੇ ਪ੍ਰਧਾਨ ਰਘੁਵੀਰ ਸਿੰਘ ਮਾਨਸਾ, ਹਰਵਿੰਦਰ ਸਿੰਘ ਧਲੇਵਾਂ, ਦਵਿੰਦਰ ਸਿੰਘ ਚੱਕ ਅਲੀਸ਼ੇਰ ਨੇ ਸਾਂਝੇ ਤੌਰ ਤੇ ਕਰਦਿਆਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਆਪਣਾ ਸਮਾਂ ਕੁਰਸੀ ਬਚਾਉਣ ਦੀ ਲੜਾਈ ਵਿੱਚ ਸਾਢੇ ਚਾਰ ਸਾਲ ਪੂਰੇ ਕਰ ਦਿੱਤੇ। ਜਦੋਂਕਿ ਕੋਰੋਨਾ ਦੀ ਮਹਾਂਮਾਰੀ ਦੌਰਾਨ ਪੀੜਤ ਮਰੀਜ ਦਵਾਈਆਂ ਅਤੇ ਆਕਸੀਜਨ ਲਈ ਕੁਰਲਾ ਰਹੇ ਸਨ ਅਤੇ ਬੇਰੁਜਗਾਰ ਨੌਜਵਾਨ ਸਲਫਾਸ ਖਾਣ ਲਈ ਮਜਬੂਰ ਹੋ ਰਹੇ ਹਨ। ਉਸ ਸਮੇਂ ਪੰਜਾਬ ਦੇ ਲੋਕਾਂ ਨਾਲ ਖੜ੍ਹਣ ਦੀ ਬਜਾਏ, ਇਹ ਸੂਬਾ ਸਰਕਾਰ ਨੇ ਐਸ਼ ਪ੍ਰਸਤੀ, ਕੁਰਸੀ ਦੀ ਲੜਾਈ ਅਤੇ ਟੈਕਸਾਂ ਦੇ ਬੋਝ ਰਾਹੀਂ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਤੇ ਡਾਕਾ ਮਾਰਨ ਦੇ ਯਤਨ ਕੀਤੇ ਅਤੇ ਹੁਣ ਜਦ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ 2-4 ਮਹੀਨੇ ਰਹਿ ਗਏ ਹਨ ਤਾਂ ਹੁਣ ਕੈਪਟਨ ਸਰਕਾਰ ਦਾ ਇੱਕੋ ਹੀ ਨਿਸ਼ਾਨਾ ਹੈ ਕਿ ਕਿਸ ਤਰ੍ਹਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ ਸ਼੍ਰੌਮਣੀ ਅਕਾਲੀ ਦਲ ਦੇ ਵਿਰੁੱਧ ਲਗਾ ਕੇ ਪੰਜਾਬੀਆਂ ਨੂੰ ਹੀ ਨਹੀਂ ਪੂਰੀ ਸਿੱਖ ਕੌਮ ਨੂੰ ਗੁੰਮਰਾਹ ਕੀਤਾ ਜਾ ਸਕੇ। ਉਕਤ ਆਗੂਆਂ ਨੇ ਦੋਸ਼ ਲਗਾਇਆ ਕਿ ਕਾਂਗਰਸ ਪਾਰਟੀ ਵੱਲੋਂ ਘੜੀ ਜਾ ਰਹੀ ਇਹ ਘਟੀਆ ਰਾਜਨੀਤੀ ਵਿੱਚ ਆਮ ਪਾਰਟੀ ਵੀ ਬੈਕ ਸਾਇਡ ਤੇ ਰਹਿ ਕੇ ਰੋਲ ਅਦਾ ਕਰ ਰਹੀ ਹੈ ਕਿਉਂਕਿ ਇਸ ਪਾਰਟੀ ਨੇ ਵੀ ਵਿਰੋਧੀ ਧਿਰ ਦੀ ਭੁਮਿਕਾ ਵਿੱਚ ਪੂਰੀ ਤਰ੍ਹਾਂ ਅਸਫਲਤਾ ਹਾਸਲ ਕੀਤੀ ਹੈ ਜਦੋਂ ਕਿ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਹਿੱਤਾਂ ਦੀ ਲੜਾਈ ਵਿਧਾਨ ਸਭਾ ਅੰਦਰ ਅਤੇ ਪੰਜਾਬ ਦੀਆਂ ਸੜਕਾਂ ਤੇ ਹਿੱਕ ਥਾਪੜ ਕੇ ਲੜੀ ਹੈ ਅਤੇ ਨਾਲ ਹੀ ਕੋਰੋਨਾ ਦੀ ਮਹਾਂਮਾਰੀ ਦੌਰਾਨ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਆਕਸੀਜਨ ਦੇ ਲੰਗਰ ਲਗਾ ਕੇ ਲੋੜਵੰਦ ਮਰੀਜਾਂ ਦੀ ਸੇਵਾ ਕੀਤੀ ਜਾ ਰਹੀ ਹੈ। ਉੇਕਤ

ਆਗੂਆਂ ਨੇ ਅਖੀਰ ਵਿੱਚ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਸ਼੍ਰੌਮਣੀ ਅਕਾਲੀ ਦਲ ਅਤੇ ਵਿਸ਼ੇਸ਼ ਤੌਰ ਤੇ ਬਾਦਲ ਪਰਿਵਾਰ ਨੂੰ ਬਦਨਾਮ ਕਰਨ ਦੀਆਂ ਘੜੀਆਂ ਜਾ ਰਹੀਆਂ ਘਟੀਆਂ ਚਾਲਾਂ ਸੰਪੁਰਨ ਨਹੀਂ ਹੋਣਗੀਆਂ ਕਿਉਂਕਿ ਪੰਜਾਬ ਦੇ ਲੋਕ ਸਮਝ ਚੁੱਕੇ ਹਨ ਕਿ ਕਾਂਗਰਸ ਅਤੇ ਆਮ ਪਾਰਟੀ ਬੇਅਦਬੀ ਦੇ ਮੁੱਦੇ ਤੇ ਰਾਜਨੀਤੀ ਕਰਕੇ ਆਪਣੀ ਸਰਕਾਰ ਬਣਾਉਣਾ ਚਾਹੁੰਦੀਆਂ ਹਨ। ਜਦਕਿ ਆਮ ਪਾਰਟੀ ਅਤੇ ਕਾਂਗਰਸ ਪਾਰਟੀ ਕੋਲ ਪਿੰਡਾਂ ਦੀਆਂ ਸੱਥਾਂ ਵਿੱਚ ਜਾਣ ਲਈ ਕੋਈ ਵੀ ਮੁੱਦਾ ਨਹੀਂ।

NO COMMENTS