*ਕਾਂਗਰਸੀ ਵਿਧਾਇਕਾਂ ਨੇ ਸੁਖਬੀਰ ਬਾਦਲ ਵੱਲੋਂ ਪਰਗਟ ਸਿੰਘ ਉਤੇ ਮਨਘੜਤ ਤੇ ਤੱਥ ਰਹਿਤ ਦੋਸ਼ਾ ਲਾਉਣ ਦੀ ਕੀਤੀ ਕਰੜੀ ਨਿਖੇਧੀ*

0
32

ਚੰਡੀਗੜ੍ਹ, 5 ਦਸੰਬਰ(ਸਾਰਾ ਯਹਾਂ/ਮੁੱਖ ਸੰਪਾਦਕ )ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਸਿਸਟੈਂਟ ਪ੍ਰੋਫੈਸਰਾਂ ਦੀ ਭਰਤੀ ਨੂੰ ਲੈ ਕੇ ਉਚੇਰੀ ਸਿੱਖਿਆ ਮੰਤਰੀ ਪਰਗਟ ਸਿੰਘ ਖਿਲਾਫ ਲਾਏ ਦੋਸ਼ਾਂ ਨੂੰ ਮਨਘੜਤ ਤੇ ਤੱਥ ਰਹਿਤ ਦੱਸਦਿਆਂ ਕਾਂਗਰਸੀ ਵਿਧਾਇਕਾਂ ਨੇ ਆਖਿਆ ਕਿ ਇਹ ਤਾਂ ਉਹ ਗੱਲ ਹੋਈ ਛੱਜ ਤਾਂ ਬੋਲੇ ਛਾਣਨੀ ਕੀ ਬੋਲੇ। ਉਨ੍ਹਾਂ ਕਿਹਾ ਕਿ ਆਪਣੇ 10 ਸਾਲ ਦੇ ਕੁਸਾਸ਼ਨ ਦੌਰਾਨ ਮਾਫੀਆ ਰਾਜ ਕਾਇਮ ਕਰਨ ਵਾਲੇ ਸੁਖਬੀਰ ਬਾਦਲ ਨੂੰ ਅਜਿਹਾ ਬਿਆਨ ਦੇਣਾ ਸ਼ੋਭਦਾ ਨਹੀਂ।

            ਅੱਜ ਇਥੇ ਜਾਰੀ ਸਾਂਝੇ ਪ੍ਰੈਸ ਬਿਆਨ ਵਿੱਚ ਕਾਂਗਰਸੀ ਵਿਧਾਇਕਾਂ ਕੁਲਜੀਤ ਸਿੰਘ ਨਾਗਰਾ, ਬਰਿੰਦਰਮੀਤ ਸਿੰਘ ਪਾਹੜਾ, ਕੁਲਬੀਰ ਸਿੰਘ ਜ਼ੀਰਾ ਤੇ ਅਮਿਤ ਵਿੱਜ ਨੇ ਆਖਿਆ ਕਿ ਅਕਾਲੀ ਦਲ ਦੇ ਪ੍ਰਧਾਨ ਨੂੰ ਪਰਗਟ ਸਿੰਘ ਦੀ ਇਮਾਨਦਾਰੀ ਉਤੇ ਸ਼ੱਕ ਪ੍ਰਗਟਾਉਣ ਦਾ ਵੀ ਨੈਤਿਕ ਹੱਕ ਨਹੀਂ ਹੈ ਕਿਉਂਕਿ  ਉਚੇਰੀ ਸਿੱਖਿਆ ਮੰਤਰੀ ਸਿੱਖਿਆ ਖੇਤਰ ਵਿੱਚ ਸੁਧਾਰ ਲਿਆਉਣ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ ਜਦੋਂ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਰਾਜ ਦੌਰਾਨ ਮਾਫੀਆ ਦੇ ਸਰਗਣੇ ਵਜੋਂ ਕੰਮ ਕਰਦਿਆਂ ਸੂਬੇ ਦਾ ਵਿਨਾਸ਼ ਕੀਤਾ।

ਉਨ੍ਹਾਂ ਅੱਗੇ ਕਿਹਾ ਕਿ ਬਾਦਲਾਂ ਨੇ ਸਾਲਾਂਬੱਧੀ ਪੰਜਾਬ ਦੀ ਲੁੱਟ ਕੀਤੀ ਹੈ ਅਤੇ ਪਿਛਲੇ ਦੋ ਦਹਾਕਿਆਂ ਦੌਰਾਨ ਆਪਣੇ 15 ਸਾਲਾਂ ਦੇ ਰਾਜ ਦੌਰਾਨ ਇੱਕ ਵੀ ਸਰਕਾਰੀ ਕਾਲਜ ਵਿੱਚ ਪ੍ਰੋਫੈਸਰ ਦੀ ਭਰਤੀ ਨਹੀਂ ਕੀਤੀ। ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਯੋਗ ਅਗਵਾਈ ਵਿੱਚ ਉਚੇਰੀ ਸਿੱਖਿਆ ਮੰਤਰੀ ਵਲੋਂ 25 ਸਾਲਾਂ ਬਾਅਦ ਪਾਰਦਰਸ਼ੀ ਢੰਗ ਨਾਲ 1091 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਪਰ ਇਸ ਮਹੱਤਵਪੂਰਨ ਕਦਮ ਦਾ ਸਵਾਗਤ ਕਰਨ ਦੀ ਥਾਂ ਬਾਦਲ ਬੇਬੁਨਿਆਦ ਦੋਸ਼ ਲਗਾਉਣ ਵਿੱਚ ਜੁਟੇ ਹੋਏ  ਹਨ।

ਕਾਂਗਰਸੀ ਵਿਧਾਇਕਾਂ ਨੇ ਸਾਂਝੇ ਬਿਆਨ ਵਿੱਚ ਕਿਹਾ, “ਬਾਦਲਾਂ ਤੋਂ ਉਲਟ, ਪਰਗਟ ਸਿੰਘ ਦੀ ਕੋਈ ਟਰਾਂਸਪੋਰਟ, ਰੇਤ ਦੀ ਖਣਨ ਜਾਂ ਹੋਟਲ ਦਾ ਕਾਰੋਬਾਰ ਨਹੀਂ ਹੈ। ਸੁਖਬੀਰ ਬਾਦਲ , ਉਚੇਰੀ ਸਿੱਖਿਆ ਮੰਤਰੀ ਦੇ ਕਿਰਦਾਰ ‘ਤੇ ਉਂਗਲ ਚੁੱਕਣ ਦੀ ਹਿੰਮਤ ਵੀ ਕਿਵੇਂ ਕਰ ਸਕਦਾ ਹੈ? ਬਾਦਲਾਂ ਨੇ ਨਸ਼ਾ ਤਸਕਰਾਂ ਅਤੇ ਮਾਫੀਆ ਨੂੰ ਸ਼ੈਅ ਦੇ ਕੇ ਪੰਜਾਬ ਦੇ ਭਵਿੱਖ ਨੂੰ ਬਰਬਾਦ ਕੀਤਾ  ਹੈ। ਪੰਜਾਬੀ, ਬਾਦਲਾਂ ਦੇ ਗੁਨਾਹਾਂ ਨੂੰ ਕਦੇ ਵੀ ਨਹੀਂ ਭੁੱਲਣਗੇ ਅਤੇ ਉਨਾਂ (ਬਾਦਲਾਂ) ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ। ’’

****************

NO COMMENTS