ਮਾਨਸਾ 18 ਮਾਰਚ(ਬਪਸ):ਕਰੋਨਾ ਵਾਇਰਸ ਦੇ ਸਬੰਧ ਵਿੱਚ ਐਸਡੀਐਮ ਸਰਦੂਲਗੜ੍ਹ ਰਾਜਪਾਲ ਸਿੰਘ ਨੇ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਵਿਸ਼ੇਸ਼ ਯਤਨ ਕੀਤੇ ਜਾਣ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਵੱਖ-ਵੱਖ ਸਾਧਨਾਂ ਰਾਹੀਂ ਹਰ ਵਿਅਕਤੀ ਨੂੰ ਦੱਸਿਆ ਜਾਵੇ ਕਿ ਆਪਣੇ ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਇਆ ਜਾਵੇ। ਹੱਥਾਂ ਨੂੰ ਮੂੰਹ, ਅੱਖਾਂ, ਕੰਨ, ਨੱਕ ਆਦਿ ਤੇ ਵਾਰ-ਵਾਰ ਨਾ ਲਗਾਇਆ ਜਾਵੇ। 50 ਤੋਂ ਜ਼ਿਆਦਾ ਵਿਅਕਤੀਆਂ ਦਾ ਇਕੱਠ ਨਾ ਹੋਣ ਦਿੱਤਾ ਜਾਵੇ। ਕਿਸੇ ਵੀ ਵਿਅਕਤੀ ਨੂੰ ਖੰਘ, ਜੁਕਾਮ ਆਦਿ ਹੋਣ ਤੇ ਤੁਰੰਤ ਹਸਪਤਾਲ ਵਿੱਚੋਂ ਦਵਾਈ ਲਈ ਲਿਜਾਇਆ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਪੰਚਾਂ-ਸਰਪੰਚਾਂ ਪਿੰਡਾਂ ਵਿੱਚ ਅਨਾਊਂਸਮੈਂਟ ਕਰਵਾਕੇ ਕਰੋਨਾ ਵਾਇਰਸ ਤੋਂ ਬਚਣ ਦੇ ਤਰੀਕਿਆਂ ਬਾਰੇ ਜਾਣੂ ਕਰਵਾਉਣ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਕਰੋਨਾ ਵਾਇਰਸ ਨੂੰ ਫ਼ੈਲਣ ਤੋ ਰੋਕਣ ਸਬੰਧੀ ਸੂਬੇ ਚ ਜਨਤਕ ਥਾਵਾਂ ਜਿਵੇਂ ਜਿੰਮ ਤੇ ਸਿਨੇਮੇ ਆਦਿ ਨੂੰ ਬੰਦ ਰੱਖਣ ਦੇ ਹੁਕਮਾਂ ਦੀ ਪਾਲਣਾ ਤਹਿਤ ਬਣਾਈ ਗਈ ਇੱਕ ਟੀਮ ਨੇ ਸਬ-ਤਹਿਸੀਲ ਅੰਦਰ ਆਉਂਦੇ ਜਿੰਮ, ਸਿਨੇਮਾ ਹਾਲ ਆਦਿ ਹੋਰ ਜਨਤਕ ਥਾਵਾਂ ਤੇ ਜਾ ਕੇ ਜਾਂਚ ਕੀਤੀ ਅਤੇ ਟੀਮ ਵੱਲੋਂ ਵੱਖ-ਵੱਖ ਹੋਟਲਾਂ, ਰੈਸਟੋਰੈਂਟਾਂ , ਢਾਬਿਆਂ ਆਦਿ ਵਿੱਚ ਵੀ ਸਾਫ-ਸਫਾਈ ਦਾ ਜਾਇਜ਼ਾ ਲੈ ਕੇ ਵਿਸ਼ੇਸ਼ ਸਫ਼ਾਈ ਰੱਖਣ ਸਬੰਧੀ ਹਦਾਇਤ ਜਾਰੀ ਕੀਤੀਆਂ ਗਈਆਂ । ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਕਰੋਨਾ ਵਾਇਰਸ ਨੂੰ ਲੈ ਕੇ ਪੂਰੀ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ। ਪ੍ਰਸ਼ਾਸਨ ਵੱਲੋਂ ਕੱਲ੍ਹ ਵੀਰਵਾਰ ਨੂੰ ਜ਼ਿਲ੍ਹੇ ਦੇ ਹਰ ਪਿੰਡ ਅਤੇ ਹਰ ਘਰ ਵਿੱਚ ਕਰੋਨਾ ਵਾਰਿਸ ਸਬੰਧੀ ਜਾਗਰੂਕ ਕਰਨ ਲਈ ਪਰਚੇ ਵੰਡੇ ਜਾ ਰਹੇ ਹਨ ਤਾਂ ਕਿ ਕਰੋਨਾ ਵਾਇਰਸ ਨੂੰ ਫੈਲਣ ਤੋਂ ਪਹਿਲਾਂ ਹੀ ਰੋਕਿਆ ਜਾ ਸਕੇ। ਇਸ ਮੌਕੇ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀ ਅਤੇ ਕਰਮਚਾਰੀ ਆਦਿ ਹਾਜ਼ਰ ਸਨ।