ਕਰੋਨਾ ਵਾਇਰਸ ਵਿਰੋਧੀ ਮੁਹਿੰਮ ’ਚ ਵਿਜੀਲੈਂਸ ਬਿਓਰੋ ਦੇਵੇਗੀ ਜ਼ਿਲਾ ਪ੍ਰਸਾਸ਼ਨ ਨੂੰ ਮੱਦਦ

0
21

ਚੰਡੀਗੜ 24 ਮਾਰਚ : ਕੋਵਿਡ-19 (ਕਰੋਨਾ) ਵਾਇਰਸ ਦੀ ਮਹਾਂਮਾਰੀ ਅੱਜ ਵਿਸ਼ਵਵਿਆਪੀ ਚਿੰਤਾ ਦੀ ਸਭ ਤੋਂ ਵੱਡੀ ਜਨਤਕ ਸਿਹਤ ਸੰਕਟ ਵਜੋਂ ਸਾਹਮਣੇ ਆਈ ਹੈ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਇਸ ਖਤਰਨਾਕ ਵਾਇਰਸ ਨੂੰ ਅੱਗ ਫੈਲਣ ਤੋਂ ਰੋਕਣ ਲਈ ਕਰਫਿਊ ਲਗਾਉਣ ਸਮੇਤ ਸਾਰੇ ਜਰੂਰੀ ਕਦਮ ਚੁੱਕ ਰਹੀ ਹੈ ਜਿਸ ਦੀ ਸਭ ਪਾਸਿਓਂ ਪ੍ਰਸੰਸਾ ਕੀਤੀ ਜਾ ਰਹੀ ਹੈ।

ਮੁੱਖ ਡਾਇਰੈਕਟਰ, ਵਿਜੀਲੈਂਸ ਬਿਓਰੋ ਬੀ.ਕੇ. ਉੱਪਲ ਨੇ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਇਸ ਤੱਥ ਨੂੰ ਸਮਝਦਿਆਂ ਕਿ ਜ਼ਿਲਾ ਪ੍ਰਸਾਸ਼ਨ ਉਪਰ ਸੇਵਾਵਾਂ ਅਤੇ ਸਰੋਤ ਮੁਹੱਈਆ ਕਰਵਾਉਣ ਲਈ ਭਾਰੀ ਦਬਾਅ ਹੈ, ਬਿਓਰੋ ਦੇ ਸਾਰੇ ਅਧਿਕਾਰੀਆਂ ਨੂੰ ਜ਼ਿਲਾ ਪ੍ਰਸਾਸਨ ਅਤੇ ਜ਼ਿਲਾ ਪੁਲਿਸ ਨਾਲ ਤਾਲਮੇਲ ਰੱਖਣ ਅਤੇ ਹਰ ਤਰਾਂ ਦੇ ਸਹਿਯੋਗ ਅਤੇ ਸਹਾਇਤਾ ਦੀ ਪੇਸ਼ਕਸ਼ ਦੇਣ ਦਾ ਨਿਰਦੇਸ਼ ਦਿੱਤਾ ਹੈ।

ਇਸ ਸਬੰਧੀ ਵਿਜੀਲੈਂਸ ਬਿਓਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਬਿਓਰੋ ਦੇ ਚੀਫ ਡਾਇਰੈਕਟਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅਮਲ ਕਰਦਿਆਂ ਵਿਜੀਲੈਂਸ ਬਿਓਰੋ ਦੇ ਐਸਐਸਪੀਜ਼ ਨੇ ਪਹਿਲਾਂ ਹੀ ਸਬੰਧਤ ਡਿਪਟੀ ਕਮਿਸਨਰਾਂ ਅਤੇ ਜ਼ਿਲਾ ਪੁਲਿਸ ਮੁਖੀਆਂ ਨੂੰ ਅਰਧ ਸਰਕਾਰੀ ਪੱਤਰ ਭੇਜ ਦਿੱਤੇ ਹਨ ਅਤੇ ਉਨਾਂ ਨੂੰ ਆਪਣੇ ਵੱਲੋਂ ਹਰ ਸੰਭਵ ਸਹਾਇਤਾ ਅਤੇ ਸਹਿਯੋਗ ਦੀ ਪੇਸ਼ਕਸ਼ ਕੀਤੀ ਹੈ।

ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਬੀ.ਕੇ. ਉੱਪਲ ਨੇ ਆਪਣੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਜਰੂਰੀ ਚੀਜਾਂ ਨੂੰ ਭੰਡਾਰ ਕਰਨ ਜਾਂ ਮੁਨਾਫ਼ਖੋਰੀ ਕਰਨ ਵਾਲਿਆਂ ’ਤੇ ਕਰੜੀ ਨਜ਼ਰ ਰੱਖਣ ਅਤੇ ਕਰੋਨਾ ਵਾਇਰਸ ਦੀ ਰੋਕਥਾਮ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾ ਨੂੰ ਲਾਗੂ ਕਰਨ ਵਿਚ ਜਾਣਬੁੱਝ ਕੇ ਬੇਨਿਯਮੀਆਂ ਕਰਨ ਵਾਲਿਆਂ ‘ਤੇ ਵੀ ਨਜ਼ਰ ਰੱਖਣ। ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਓਰੋ ਦੇ ਅਧਿਕਾਰੀ ਪਹਿਲਾਂ ਹੀ ਆਪਣੀ ਇਕ ਦਿਨ ਦੀ ਤਨਖਾਹ ਮੁੱਖ ਮੰਤਰੀ ਰਾਹਤ ਫੰਡ ਵਿੱਚ ਦੇਣ ਦਾ ਫੈਸਲਾ ਕਰ ਚੁੱਕੇ ਹਨ।

NO COMMENTS