*ਕਰੋਨਾ ਦੀ ਵਰਤਮਾਨ ਸਥਿਤੀ..!*

0
11

2020 ਵਿਚ ਭਾਰਤ ਵਿਚ ਆਈ ਕਰੋਨਾ ਦੀ ਪਹਿਲੀ ਲਹਿਰ ਦੌਰਾਨ ਜਦੋਂ ਸਾਡੇ ਦੇਸ਼ ਦੇ ਸਿਹਤ ਢਾਂਚੇ ਤੇ ਇਕਦਮ ਬਹੁਤ ਜ਼ਿਆਦਾ ਦਬਾਅ ਪਿਆ, ਜਿਸ ਦੇ ਲਈ ਨਾ ਤਾਂ ਸਾਡੇ ਦੇਸ਼ ਦੀਆ ਸਰਕਾਰਾਂ ,ਨਾ ਹੀ ਡਾਕਟਰ ਤੇ ਨਾ ਹੀ ਲੋਕ ਤਿਆਰ ਸਨ, ਨੇ ਸਾਡੇ ਸਮਾਜ ਨੂੰ ਬਹੁਤ ਜ਼ਿਆਦਾ ਜਾਨੀ ਤੇ ਮਾਲੀ ਨੁਕਸਾਨ ਪਹੁੰਚਾਇਆ।
ਮਾਹਿਰਾਂ ਦੀ ਰਾਇ ਅਨੁਸਾਰ ਅਸੀਂ ਕਰੋਨਾ ਤੋ ਤਾਂ ਹੀ ਬਚ ਸਕਦੇ ਹਾਂ ਜੇਕਰ ਅਸੀਂ :–
1) ਲਗਾਤਾਰ ਸਹੀ ਤਰੀਕੇ ਦਾ ਮਾਸਕ , ਸਹੀ ਤਰੀਕੇ ਨਾਲ ਪਾ ਕੇ ਰੱਖੀਏ।
2) ਏਧਰ ਓਧਰ ਆਉਣ ਜਾਣ ਤੋਂ ਬਾਅਦ ਹਰ ਵਾਰੀ ਚੰਗੀ ਤਰ੍ਹਾਂ, ਘੱਟੋ ਘੱਟ 20 ਸੈਕਿੰਡ ਲਈ, ਮਲ ਮਲ ਕੇ ਹੱਥ ਧੋਈਏ।
3) ਬੇਲੋੜੀਂਦੇ ਇੱਕਠ ਨਾ ਕਰੀਏ ਅਤੇ ਇੱਕਠਾਂ ਵਿਚ ਨਾ ਜਾਈਏ। ਜਿੱਥੇ ਅਣ ਸਰਦੇ ਨੂੰ ਜਾਣਾ ਪਵੇ ਤਾਂ ਦੂਸਰਿਆ ਤੋਂ ਘਟੋ ਘੱਟ 2 ਗਜ਼ ਦੀ ਦੂਰੀ ਬਣਾ ਕੇ ਰੱਖੀਏ।
ਇਹ ਸਾਰਾ ਕੁਝ ਕਰਨ ਲਈ ਅਸੀਂ ਅਸਮਰਥ ਰਹੇ, ਜਿਸ ਕਰਕੇ ਇਸ ਸਾਲ ਕਰੋਨਾ ਦੀ ਦੂਸਰੀ ਲਹਿਰ ਨੇ ਪਹਿਲੀ ਲਹਿਰ ਨਾਲੋ ਜ਼ਿਆਦਾ ਕਹਿਰ ਸਾਡੇ ਉਪਰ ਢਾਹਿਆ। ਜਿਸ ਕਰਕੇ ਸਾਡਾ ਜਾਨੀ ਤੇ ਮਾਲੀ ਨੁਕਸਾਨ ਫਿਰ ਹੋਇਆ।
ਹੁਣ ਹਾਲੇ ਦੂਸਰੀ ਲਹਿਰ ਪੂਰੀ ਤਰ੍ਹਾਂ ਖਤਮ ਵੀ ਨਹੀਂ ਹੋਈ ਅਤੇ ਸਾਡੇ ਵਿਚੋਂ ਬਹੁਤਿਆਂ ਨੇ ਉੱਪਰ ਲਿਖੀਆਂ 3 ਸਾਵਧਾਨੀਆਂ/ਬਚਾਅ ਦੇ ਸਾਧਨ ਰੱਖਣੇ ਜਾਂ ਤਾਂ ਬੰਦ ਹੀ ਕਰ ਦਿੱਤੇ ਹਨ ਜਾਂ ਫਿਰ ਬਹੁਤ ਘਟਾ ਦਿੱਤੇ ਹਨ। ਜਿਸਦਾ ਜ਼ਿੰਦਾ ਜਾਗਦਾ ਸਬੂਤ ਬਜ਼ਾਰਾਂ ਵਿਚ ਉਮੜਦੀ ਭੀੜ ਅਤੇ ਪਹਾੜੀ ਇਲਾਕਿਆਂ ਵਿਚ ਪੂਰੀ ਤਰ੍ਹਾਂ ਭਰੇ ਹੋਏ ਹੋਟਲ ਆਦਿ ਹਨ।
ਹੁਣ ਜਦੋਂ ਕਿ ਅਗਸਤ ਸਤੰਬਰ ਮਹੀਨੇ ਵਿਚ ਕਰੋਨਾ ਦੀ ਤੀਸਰੀ ਲਹਿਰ ਆਉਣ ਦੀਆ ਚਰਚਾਵਾਂ ਜ਼ੋਰਾਂ ਤੇ ਹਨ ਅਤੇ ਸਾਡੇ ਵਿਚੋਂ ਕੋਈ ਵੀ ਨਹੀਂ ਚਾਹੁੰਦਾ ਕਿ ਹੁਣ ਕਿਸੇ ਦਾ ਜਾਨੀ ਤੇ ਮਾਲੀ ਨੁਕਸਾਨ ਹੋਵੇ। ਇਸ ਲਈ ਸਾਨੂੰ ਅਤੇ ਸਾਡੀਆ ਸਰਕਾਰਾਂ ਨੂੰ ਜੁਲਾਈ ਅਤੇ ਮੱਧ ਅਗਸਤ ਤੱਕ ਹੀ ਤਿਆਰੀ ਪੂਰੀ ਕਰਨੀ ਹੋਵੇਗੀ।
ਜਿਸ ਲਈ , ਜੋ ਸਾਡੇ ਹਿੱਸੇ ਆਉਂਦਾ ਹੈ ਉਹ ਇਹ ਹੈ ਕਿ ਉੱਪਰ ਲਿਖੇ 3 ਬਚਾਅ ਦੇ ਸਾਧਨਾਂ ਤੋਂ ਅਸੀਂ ਬਿਲਕੁਲ ਮੁਨਕਰ ਨਾ ਹੋਈਏ ਬਲਕਿ ਉਸ ਦੀ ਜ਼ੋਰ – ਸ਼ੋਰ ਨਾਲ ਪਾਲਣਾ ਕਰੀਏ।
ਪ੍ਰਮਾਤਮਾ ਦੀ ਕਿਰਪਾ ਨਾਲ ਇਹਨਾਂ ਸਾਵਧਾਨੀਆਂ ਦੇ ਨਾਲ ਨਾਲ, ਕਰੋਨਾ ਤੋ ਬਚਣ ਲਈ ਸਾਡੇ ਦੇਸ਼ ਵਿਚ 2 ਤਰ੍ਹਾਂ ਦੀ ਵੈਕਸੀਨ ਮੌਜੂਦ ਹੈ ਜਿਸ ਨੂੰ ਕਿ ਸਾਰੇ ਸਰਕਾਰੀ ਹਸਪਤਾਲਾਂ ਵਿਚ ਜਾਂ ਫਿਰ ਜਿੱਥੇ ਪਬਲਿਕ ਚਾਹੇ ਓਥੇ ਕੈਂਪਾਂ ਰਾਹੀਂ ਬਿਲਕੁਲ ਮੁਫ਼ਤ ਲਗਾਇਆ ਜਾਂਦਾ ਹੈ।
ਹੁਣ ਜਦੋਂ ਕਿ 35 ਕਰੋੜ ਦੇ ਲਗਭਗ ਵਿਅਕਤੀਆਂ ਨੂੰ ਇਹ ਵੈਕਸੀਨ ਸਾਡੇ ਦੇਸ਼ ਵਿਚ ਲੱਗ ਚੁੱਕੀ ਹੈ ਤਾਂ ਇਸ ਨੂੰ ਲਗਵਾਉਣ ਲਈ ਕੋਈ ਵਹਿਮ ਭਰਮ ਜਾਂ ਡਰ ਨਹੀਂ ਰਹਿਣਾ ਚਾਹੀਦਾ ਸਗੋਂ ਸਾਨੂੰ ਭੱਜ ਭੱਜ ਕੇ ਜਲਦੀ ਨਾਲ ਸਮੇਂ ਰਹਿੰਦੇ ਆਪ ਨੂੰ ਅਤੇ ਆਪਣਿਆਂ ਪਿੰਡਾਂ ਵਿੱਚ, ਸ਼ਹਿਰਾਂ ਵਿੱਚ ਸਭ ਨੂੰ ਟੀਕਾਕਰਨ ਕਰਵਾ ਦੇਣਾ ਚਾਹੀਦਾ ਹੈ ਤਾਂ ਜੋਂ ਕਿ ਅਸੀਂ 70% ਤੋ 80% ਤੱਕ ਵਿਅਕਤੀਆਂ ਦਾ ਟੀਕਾਕਰਨ ਕਰਕੇ ਹਰਡ ਇਮੂਨਿਟੀ ਲਿਆਉਣ ਵਿੱਚ ਕਾਬਿਲ ਹੋ ਸਕੀਏ ਤਾਂ ਜੋ ਕਿ ਅਗਰ ਤੀਸਰੀ ਲਹਿਰ ਆਉਦੀ ਹੈ ਤਾਂ ਉਹ ਸਾਡਾ ਕੁਝ ਵੀ ਨਾ ਵਿਗਾੜ ਸਕੇ। ਇਸ ਕੰਮ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਲੀਡਰ ਅਤੇ ਵਰਕਰ, ਸਾਰੇ ਕਲੱਬਾਂ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਆਗੂ, ਸਰਪੰਚ ਸਾਹਿਬ, ਮਿਉਂਸੀਪਲ ਕੌਂਸਲਰ ਆਦਿ ਨੂੰ ਅੱਗੇ ਆ ਕਿ ਆਪਣੀ ਡਿਊਟੀ ਨਿਭਾਉਣੀ ਚਾਹੀਦੀ ਹੈ। ਕਿਉਂਕਿ ਇਕੱਲੀ ਸਰਕਾਰ ਜਾ ਸਿਹਤ ਵਿਭਾਗ ਇਹ ਕੰਮ ਪੂਰੀ ਤਰ੍ਹਾਂ ਨੇਪਰੇ ਨਹੀਂ ਚਾੜ੍ਹ ਸਕਦਾ।
ਇਸ ਤੋਂ ਪਹਿਲਾ ਕਿ ਤੀਸਰੀ ਲਹਿਰ ਤੋਂ ਹੋਏ ਨੁਕਸਾਨ ਤੋ ਬਾਅਦ ਅਸੀਂ ਸਰਕਾਰਾਂ ਜਾ ਹਸਪਤਾਲਾਂ ਵਿਚ ਨੁਕਸ ਕੱਢੀਏ ਉਸ ਤੋਂ ਪਹਿਲਾਂ ਸਾਨੂੰ ਸਾਡੀ ਪੂਰੀ ਤਿਆਰੀ – ਉੱਪਰ ਲਿਖੇ 3 ਬਚਾਅ ਦੇ ਤਰੀਕੇ ਅਤੇ ਟੀਕਾਕਰਨ, ਪੂਰੀ ਤਰ੍ਹਾਂ ਕਰ ਲੈਣਾ ਚਾਹੀਦੀ ਹੈ।

         ਡਾਕਟਰ  ਜਨਕ ਰਾਜ ਸਿੰਗਲਾ
        ਮੈਂਬਰ ਪੰਜਾਬ ਮੈਡੀਕਲ ਕੌਸਿਲ, 

NO COMMENTS