ਕਰੋਨਾ ਦੀ ਜਾਂਚ ਕਰਵਾਉਣ ਤੋਂ ਕਿਉਂ ਡਰਦੇ ਹਨ ਲੋਕ

0
124

ਜਾਂ ਕੋਵਿਡ-19 ਮਹਾਂਮਾਰੀ ਪਿਛਲੇ ਸਾਲ ਦੇ ਅੰਤ ਤੋਂ ਲੈ ਕੇ ਹੁਣ ਤੱਕ ਪੂਰੀ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅਤੀਤ ਵਿੱਚ ਬਹੁਤ ਸਾਰੀਆਂ ਬਿਮਾਰੀਆਂ, ਮਹਾਂਮਾਰੀਆਂ ਆਈਆਂ ਪਰ ਉਨ੍ਹਾਂ ਦਾ ਪ੍ਰਭਾਵ ਕੁਝ ਸੀਮਤ ਖੇਤਰਾਂ ਜਾਂ ਦੇਸ਼ਾਂ ਤੇ ਹੀ ਪਿਆ ਪਰ ਇਸ ਕੋਵਿਡ-19 ਵਾਇਰਸ ਨੇ ਦੁਨੀਆਂ ਭਰ ਦੇ ਲੋਕਾਂ ਨੂੰ ਸਰੀਰਕ, ਮਾਨਸਿਕ, ਆਰਥਿਕ ਕਿਸੇ ਨਾ ਕਿਸੇ ਪੱਖੋਂ ਲਾਜ਼ਮੀ ਤੌਰ ਤੇ ਪ੍ਰਭਾਵਿਤ ਕੀਤਾ ਹੈ। ਸੰਸਾਰਕ ਪੱਧਰ ਤੇ ਸ਼ਾਇਦ ਹੀ ਅੈਨਾ ਵੱਡਾ ਸਹਿਮ ਕਿਸੇ ਬੀਮਾਰੀ ਨੇ ਪਾਇਆ ਹੋਵੇ ਅਤੇ ਨਾ ਹੀ ਪਹਿਲਾਂ ਏਨਾ ਲੰਬਾ ਸਮਾਂ ਤਾਲਾਬੰਦੀ ਦੀ ਗੱਲ ਸੁਣਨ ਵਿੱਚ ਆਈ ਹੈ।ਸਭ ਤੋਂ ਵੱਡਾ ਖਤਰਾ ਇਸ ਬਿਮਾਰੀ ਦੇ ਫੈਲਣ ਦਾ ਤਰੀਕਾ ਹੈ। ਕਿਉਂਕਿ ਇਹ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਨਾਲ  ਦੂਸਰੇ ਵਿਅਕਤੀਆਂ ਨੂੰ ਹੋ ਜਾਂਦੀ ਹੈ। ਇਸ ਤਰ੍ਹਾਂ ਇਹ ਬੜੀ ਜਲਦੀ ਫੈਲਦੀ ਹੈ। ਦੂਸਰਾ ਇਸ ਨੂੰ ਨੰਗੀ ਅੱਖ ਨਾਲ ਜਾਂ ਇਸ ਦੇ ਲੱਛਣਾਂ ਤੋਂ ਸਹਿਜੇ ਪਹਿਚਾਣਿਆ ਨਹੀਂ ਜਾ ਸਕਦਾ। ਇਸ ਲਈ ਸਾਰੇ ਹੀ ਸਾਰੇ ਹੀ ਦੇਸ਼ਾਂ ਸਰਕਾਰਾਂ ਮਰੀਜ਼ਾਂ ਦੀ ਸ਼ਨਾਖਤ ਲਈ ਵੱਧ ਤੋਂ ਵੱਧ ਟੈਸਟਾਂ ਉੱਤੇ ਜ਼ੋਰ ਦੇ ਰਹੀਆਂ ਹਨ।  ਸਾਡੇ ਦੇਸ਼ ਵਿੱਚ ਕੁਝ ਦੇਰੀ ਨਾਲ ਹੀ ਸਹੀ ਪਰ ਹੁਣ ਟੈਸਟਾਂ ਦੀ ਰਫ਼ਤਾਰ ਤੇਜ਼ ਹੋਈ ਹੈ। ਪਰ ਹੁਣ ਲੋਕ ਇਨ੍ਹਾਂ ਟੈਸਟਾਂ ਤੋਂ ਡਰ ਰਹੇ ਹਨ। ਇਸ ਡਰ ਦਾ ਕਾਰਨ ਕੁਝ ਇਕ ਘਟਨਾਵਾਂ ਦੇ ਆਧਾਰ ਤੇ ਫੈਲ ਰਹੀਆਂ ਅਫਵਾਹਾਂ ਹਨ। ਡਰ ਦਾ ਮੁੱਖ  ਕਾਰਨ ਤਾਂ ਕਰੋਨਾ ਪਾਜ਼ਿਟਿਵ ਆਉਣ ਤੋਂ ਬਾਅਦ ਸਿਹਤ ਅਤੇ ਪੁਲਿਸ ਵਿਭਾਗ ਵੱਲੋਂ ਘਰਾਂ ਤੋਂ ਚੁੱਕ ਕੇ ਲੈ ਜਾਣ ਦਾ ਹੈ। ਫਿਰ ਅੱਗੇ ਆਇਸੋਲੇਸ਼ਨ ਖੇਤਰਾਂ ਅਤੇ ਸਰਕਾਰੀ ਹਸਪਤਾਲਾਂ ਦੇ ਮਾੜੇ ਪ੍ਰਬੰਧਾਂ ਦੀ ਚਰਚਾ ਵੀ ਡਰਾ ਰਹੀ ਹੈ। ਸੋਸ਼ਲ ਮੀਡੀਆ ਤੇ ਕੁਝ ਅਖ਼ਬਾਰਾਂ ਵਿੱਚ ਪੈਸੇ ਲੈ ਕੇ ਗਲਤ ਰਿਪੋਰਟ ਬਣਾਉਣ ਦੀਆਂ ਖ਼ਬਰਾਂ ਵੀ ਵੇਖਣ ਸੁਣਨ ਨੂੰ ਮਿਲ ਰਹੀਆਂ ਹਨ। ਕੁਝ ਇੱਕ ਖਬਰਾਂ ਤਾਂ ਕਰੋਨਾ ਕਾਰਨ ਮੌਤ ਪਿੱਛੋਂ ਸਰੀਰਕ ਅੰਗ ਕੱਢ ਲੈਣ ਦਾ ਦਾਅਵਾ ਵੀ ਕਰ ਰਹੀਆਂ ਹਨ। ਇਸ ਲਈ ਕੁਝ ਥਾਵਾਂ ਤੇ ਜਾਂਚ ਟੀਮਾਂ ਦਾ ਵਿਰੋਧ ਵੀ ਵੇਖਣ ਨੂੰ ਮਿਲਿਆ ਹੈ। ਕਈ ਪਿੰਡਾਂ ਵਿੱਚ ਸਪੀਕਰ ਵਿੱਚ ਅਨਾਊਂਸਮੈਂਟ ਕਰਵਾ ਕੇ ਟੈਸਟ ਨਾ ਕਰਵਾਉਣ ਲਈ ਵੀ ਕਿਹਾ ਗਿਆ ਹੈ।   ਚਲੋ ਮੰਨ ਲੈਂਦੇ ਹਾਂ ਕਿ ਇਨ੍ਹਾਂ ਵਿਚੋਂ ਕੁਝ ਘਟਨਾਵਾਂ ਸੱਚ ਵੀ ਹੋਣਗੀਆਂ । ਇਨ੍ਹਾਂ  ਨਾਲ ਨਜਿੱਠਣ ਲਈ ਹੋਰ ਰਸਤੇ ਅਪਣਾਏ ਜਾ ਸਕਦੇ ਹਨ ਪਰ ਇਨ੍ਹਾਂ ਘਟਨਾਵਾਂ ਦੇ ਆਧਾਰ ਤੇ ਸਾਨੂੰ ਜਾਂਚ ਕਰਵਾਉਣ ਤੋਂ ਗ਼ੁਰੇਜ਼ ਨਹੀਂ ਕਰਨਾ ਚਾਹੀਦਾ। ਕਿਉਂਕਿ ਜਦੋਂ ਤੱਕ ਟੈਸਟ ਨਹੀਂ ਹੋਵੇਗਾ ਕਿਸੇ ਨੂੰ ਇਸ ਬਿਮਾਰੀ ਨਾਲ ਪੀੜਤ ਹੋਣ ਬਾਰੇ ਪਤਾ ਨਹੀਂ ਲੱਗਦਾ ਅਤੇ ਉਹ ਪੀੜਤ ਵਿਅਕਤੀ ਜੇਕਰ ਬੇਖੋਫ ਹੋਰ ਲੋਕਾਂ ਵਿੱਚ ਵਿਚਰਦੇ ਹਨ ਇਸ ਨਾਲ ਬਿਮਾਰੀ ਵੱਡੀ ਪੱਧਰ ਤੇ ਫੈਲ ਸਕਦੀ ਹੈ। ਜਿਨ੍ਹਾਂ ਛੇਤੀ ਜਾਂਚ ਹੋ ਕੇ ਮਰੀਜ਼ਾਂ ਦੀ ਸ਼ਨਾਖਤ ਹੋਵੇਗੀ ਉਨ੍ਹਾਂ ਛੇਤੀ ਉਨ੍ਹਾਂ ਨੂੰ ਦੂਸਰੇ ਤੰਦਰੁਸਤ ਵਿਅਕਤੀਆਂ ਤੋਂ ਵਖਰਾ ਕੀਤਾ ਜਾ ਸਕੇਗਾ। ਹੁਣ ਤਾਂ ਟੈਸਟ ਕਰਵਾਉਣ ਸਮੇਂ ਇੱਕ ਘੋਸ਼ਣਾ ਪੱਤਰ ਦੇ ਕੇ ਘਰ ਵਿੱਚ ਹੀ ਇਕਾਂਤਵਾਸ ਹੋਇਆ ਜਾ ਸਕਦਾ ਹੈ। ਇਸ ਲਈ ਜੇਕਰ ਸਾਨੂੰ ਕੋਈ ਲੱਛਣ ਹੈ ਜਾਂ ਅਸੀਂ ਕਿਸੇ ਮਰੀਜ਼ ਦੇ ਸੰਪਰਕ ਵਿੱਚ ਆਏ ਹਾਂ ਤਾਂ ਸਾਨੂੰ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ ਤਾਂ ਕਿ ਅਸੀਂ ਆਪਣੇ ਪਰਿਵਾਰ ਅਤੇ ਸਮਾਜ ਵਿੱਚ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਇਸ ਬੀਮਾਰੀ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਅਤੇ ਮਾਸਕ ਪਹਿਨਣਾ, ਹੱਥ ਧੋਣਾ ਅਤੇ ਸਮਾਜਿਕ ਦੂਰੀ ਵਰਗੀਆਂ ਸਾਵਧਾਨੀਆਂ ਵੀ ਲਾਜ਼ਮੀ ਤੌਰ ਤੇ ਵਰਤਣੀਆਂ ਚਾਹੀਦੀਆਂ ਹਨ।  

ਚਾਨਣ ਦੀਪ ਸਿੰਘ ਔਲਖ

NO COMMENTS