*ਕਰੋਨਾ ਕਾਰਨ ਵਧੇ ਸਬਜ਼ੀਆਂ ਤੇ ਫਲਾਂ ਦੇ ਰੇਟਾਂ ਨੇ ਰਸੋਈ ਦਾ ਵਿਗਾੜਿਆ ਬਜਟ..!*

0
160

ਬੁਢਲਾਡਾ 8 ਮਈ ( ਸਾਰਾ ਯਹਾਂ/ਅਮਨ ਮਹਿਤਾ): ਕਰੋਨਾ ਵਾਇਰਸ ਦੀ ਚੱਲ ਰਹੀ ਦੂਜੀ ਲਹਿਰ ਦੇ ਵਧਣ ਕਰਕੇ ਸਖ਼ਤੀ ਵਰਤਦੇ ਹੋਏ ਜਿੱਥੇ ਪੰਜਾਬ ਸਰਕਾਰ ਨੇ ਲੋਕਡਾਉਨ ਤੇ ਕਰਫ਼ਿਊ ਵਰਗੀਆਂ ਸਖ਼ਤ ਪਾਬੰਦੀਆਂ ਲਗਾਈਆਂ ਹਨ ਉੱਥੇ ਕੋਰੋਨਾ ਕਹਿਰ ਵਧਣ ਨਾਲ ਸਬਜ਼ੀਆਂ ਦੀਆਂ ਕੀਮਤਾਂ ਵੀ ਅਸਮਾਨ ਛੂਹਣ ਲੱਗ ਪਈਆਂ ਹਨ ਅਤੇ ਹਾਲਾਤ ਇਹ ਬਣ ਗਏ ਹਨ ਕਿ ਸਬਜ਼ੀਆਂ  ਦੇ ਰੇਟ 50 ਫ਼ੀਸਦੀ ਤਕ ਵਧਣ ਨਾਲ ਘਰੇਲੂ ਰਸੋਈ ਦਾ ਬਜਟ ਵਿਗੜਨ ਲੱਗਾ ਹੈ।  ਸਬਜ਼ੀਆਂ ਦੇ ਰੇਟ ਵਧਣ ਕਰਕੇ ਲੋਕ ਇਸ ਗੱਲੋਂ ਵੀ ਵਧੇਰੇ ਚਿੰਤਾ ਦੇ ਆਲਮ ਵਿੱਚ ਹਨ ਕਿਉਂਕਿ ਕਾਰੋਬਾਰ ਠੱਪ ਹੋਣ ਕਰਕੇ ਲੋਕਾਂ ਦਾ ਸਮੁੱਚਾ ਘਰੇਲੂ ਤਾਣਾ ਬਾਣਾ ਪਹਿਲਾਂ ਹੀ ਉਲਝਿਆ ਪਿਆ ਹੈ। ਮੰਡੀ ਚ ਸਬਜ਼ੀਆਂ ਦੀ ਖ਼ਰੀਦ ਕਰਨ ਆਏ ਦਵਿੰਦਰ ਸਿੰਘ, ਹੰਸ ਰਾਜ  ਅਮਨ  ਬਲਜਿੰਦਰ ਸਿੰਘ, ਰਿੰਕੂ  ਅਤੇ ਹੋਰ ਲੋਕਾਂ ਨੇ ਕਿਹਾ ਕਿ ਇਨ੍ਹੀਂ ਦਿਨੀਂ ਗਰਮੀਆਂ ਦੇ ਸੀਜ਼ਨ ਵਾਲੀਆਂ ਸਬਜ਼ੀਆਂ ਦੀ ਪੈਦਾਵਾਰ ਜ਼ਿਆਦਾ ਹੋ ਰਹੀ ਹੈ ਅਤੇ ਪਿਛਲੇ ਸਾਲਾਂ ਦੌਰਾਨ ਅੱਤ ਦੀ ਗਰਮੀ ਦੇ ਦਿਨਾਂ ਦੌਰਾਨ ਜੂਨ ਦੇ ਦੂਜੇ ਹਫ਼ਤੇ ਤੋਂ ਸਬਜ਼ੀਆਂ ਦੇ ਰੇਟ ਵਧਦੇ ਹਨ ਪਰ ਐਤਕੀਂ ਪਹਿਲੀ ਦਫਾ ਦੇਖਣ ਨੂੰ ਮਿਲਿਆ ਕਿ ਕਰੋਨਾ ਕਾਲ ਕਰਕੇ  ਸਬਜ਼ੀਆਂ ਦੇ ਰੇਟ ਪਹਿਲਾਂ ਹੀ ਵਧ ਗਏ ਹਨ। ਸਬਜੀਆਂ ਵਾਲੇ ਅਪਣੀ ਮਨਮਰਜ਼ੀ ਦੇ ਰੇਟ ਲਾਉਂਦੇ ਨੇ, ਅਤੇ ਕਹਿੰਦੇ ਹਨ ਕਿ ਲੈਣੀ ਹੈ ਤਾਂ ਲੈ ਲਿਓ ਸਾਡਾ ਤਾ ਏਹੀ ਰੇਟ ਹੈ।ਅਸੀਂ ਇਸ ਤੋ ਘੱਟ ਨਹੀ ਲਾਉਂਦੇ। ਉਨ੍ਹਾਂ ਆਖਿਆ ਕਿ ਆਮ ਲੋਕ ਪਹਿਲਾਂ ਹੀ ਪਿਛਲੇ ਇੱਕ ਵਰ੍ਹੇ ਤੋਂ ਚਿੰਤਾ ਵਿਚ ਡੁੱਬੇ ਹੋਏ ਹਨ ਕਿਉਂਕਿ ਕਰੋਨਾ ਕਾਰਨ ਸਮੁੱਚੇ ਕਾਰੋਬਾਰ ਨੂੰ ਪ੍ਰਭਾਵਿਤ ਕੀਤਾ ਹੈ। ਉਹਨਾਂ ਕਿਹਾ ਕਿ ਪਿਛਲੇ ਸਾਲ ਦੇ ਚਿੰਤਕ ਲੋਕ  ਹੁਣ ਮੁੜ ਆਪਣੇ ਕਾਰੋਬਾਰ ਦੁਬਾਰਾ ਕਰਨ ਲੱਗੇ ਸਨ ਕਿ ਮੁੜ ਕਰੋਨਾ ਕਾਲ ਦੀ ਦੂਜੀ ਲਹਿਰ ਨੇ ਘੇਰ ਲਿਆ ਅਤੇ ਜਿਸ ਕਾਰਨ ਲੋਕ ਆਪਣਾ ਅੱਖਾਂ ਮੂਹਰੇ ਬੰਦ ਹੋਇਆ ਕਾਰੋਬਾਰ ਦੇਖ ਕੇ ਪ੍ਰੇਸ਼ਾਨ ਹਨ। ਸ਼ਹਿਰ ਦੇ ਘਰੇਲੂ ਔਰਤਾਂ ਆਸ਼ੂ ਆਹੂਜਾ, ਮੋਨਿਕਾ ਮਹਿਤਾ ਸ਼ਿਲਪੀ ਜਿੰਦਲ, ਰਵਿੰਦਰ ਕੌਰ, ਵੰਧਨਾ, ਜਗਜੀਤ ਕੌਰ , ਰੇਖਾ,  ਆਦਿ ਨੇ ਕਿਹਾ ਕਿ ਇਕ ਤਾਂ ਆਦਮੀ ਪਹਿਲਾਂ ਕਰੋਨਾ ਦੀ ਵਧ ਰਹੀ ਤੇ ਰਫ਼ਤਾਰ ਤੋਂ ਪ੍ਰੇਸ਼ਾਨ ਹੈ। ਦੂਜੇ ਪਾਸੇ ਸਬਜ਼ੀਆਂ ਤੇ ਫਲਾਂ ਦੇ ਵਧੇ ਰੇਟਾਂ ਦੇ ਰਸੋਈ ਦੇ ਬਜਟ ਨੂੰ ਹਿਲਾ ਕੇ  ਰੱਖ ਦਿੰਦਾ ਹੈ। ਕਰੋਨਾ ਕਾਲ ਚ ਡਾਕਟਰਾਂ ਵੱਲੋਂ ਸਬਜ਼ੀਆਂ ਅਤੇ ਫਲਾਂ ਦੀਆਂ ਜ਼ਿਆਦਾ ਵਰਤੋਂ ਕਰਨ ਲਈ ਕਿਹਾ ਜਾਂਦਾ ਹੈ ਤਾਂ ਕਿ ਵਿਅਕਤੀ ਦੀ ਇਮਿਊਨਿਟੀ ਠੀਕ ਰਹੇ ਪ੍ਰੰਤੂ ਸਬਜ਼ੀਆਂ ਤੇ ਫਲਾਂ ਦੇ ਵਧੇ ਰੇਟਾ ਨੇ ਇਨ੍ਹਾਂ ਸਾਰੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਹੈ। ਆਮ ਆਦਮੀ ਜੋ ਨੌਕਰੀ ਪੇਸ਼ਾ ਕਰਕੇ ਮਸਾਂ ਆਪਣੇ ਘਰ ਨੂੰ ਚਲਾਉਂਦਾ ਹੈ ਪ੍ਰੰਤੂ ਥੋੜ੍ਹੇ ਬਜਟ ਚ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ। ਸਬਜ਼ੀ ਵਿਕਰੇਤਾ  ਨੇ ਕਿਹਾ ਕਿ ਸਬਜ਼ੀਆਂ ਦੀਆਂ ਕੀਮਤਾਂ ਵਧੀਆ ਹਨ ਪ੍ਰੰਤੂ ਉਨ੍ਹਾਂ ਕਿਹਾ ਕਿ ਮੰਡੀ ਵਿਚ ਬਾਹਰੋਂ ਸਬਜ਼ੀ ਘੱਟ ਆਉਣ ਕਰਕੇ ਭਾਅ ਵਧਣਾ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਸ਼ਾਮ ਵੇਲੇ ਦੁਕਾਨਾਂ ਬੰਦ ਹੋਣ ਕਰਕੇ ਸਬਜ਼ੀਆ ਦੁਕਾਨਦਾਰਾਂ ਦੇ ਪੱਲੇ ਪੈ ਰਹੀਆਂ ਹਨ ਅਤੇ ਇਸ ਵਿੱਚ ਕੋਈ ਬਚਤ ਨਹੀਂ ਹੋ ਰਹੀ

NO COMMENTS