-ਕਰਫਿਊ ਪਾਸ ਬਣਾਉਣ ਲਈ ਆਨ-ਲਾਈਨ ਪ੍ਰਾਪਤ ਹੋਈਆਂ ਕਰੀਬ 800 ਦਰਖਾਸਤਾਂ 197 ਬਣਾਏ ਬਾਕੀ ਦਰਖਾਸਤਾਂ ਰੱਦ : ਡਿਪਟੀ ਕਮਿਸ਼ਨਰ

0
178

ਮਾਨਸਾ, 26 ਮਾਰਚ (ਸਾਰਾ ਯਹਾ, ਬਲਜੀਤ ਸ਼ਰਮਾ) : ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਕੋਰੋਨਾਂ ਬਿਮਾਰੀ ਤੋਂ ਜ਼ਿਲ੍ਹਾ ਵਾਸੀਆਂ ਨੂੰ ਬਚਾਉਣ ਅਤੇ ਉਨ੍ਹਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਲਗਾਏ ਕਰਫਿਊ ਦੌਰਾਨ ਲੋਕਾਂ ਨੂੰ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ਅਤੇ ਹੋਰ ਆਪਾਤਕਾਲੀਨ ਸੇਵਾਵਾਂ ਪ੍ਰਦਾਨ ਕਰਨ ਲਈ 26 ਮਾਰਚ 2020 ਤੋਂ ਕਰਫਿਊ ਪਾਸ ਜਾਰੀ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਸ਼੍ਰੀ ਚਹਿਲ ਨੇ ਦੱਸਿਆ ਕਿ ਇਹ ਪਾਸ ਕੇਵਲ ਉਨ੍ਹਾਂ ਲੋਕਾਂ ਨੂੰ ਜਾਰੀ ਕੀਤੇ ਗਏ ਹਨ ਜਿਨ੍ਹਾਂ ਨੂੰ ਕਿਤੇ ਆਉਣਾ-ਜਾਣਾ ਜਾਂ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣਾ ਬਹੁਤ ਜ਼ਰੂਰੀ ਸੀ। ਉਨ੍ਹਾਂ ਦੱਸਿਆ ਕਿ ਇਸ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ mansa.nic.in ਵੈਬਸਾਈਟ ਉਪਰ ਪ੍ਰੋਫਾਰਮਾ ਪਾਇਆ ਗਿਆ ਹੈ, ਜਿਸਨੂੰ ਕਿ ਮੁਕੰਮਲ ਤੌਰ ‘ਤੇ ਭਰ ਕੇ covid19mansa@gmail.com ‘ਤੇ ਭੇਜਿਆ ਜਾਣਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ 800 ਦੇ ਕਰੀਬ ਦਰਖ਼ਾਸਤਾਂ ਪ੍ਰਾਪਤ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ 197 ਯੋਗ ਦਰਖ਼ਾਸਤਾਂ ਦੇ ਕਰਫਿਊ ਪਾਸ ਜਾਰੀ ਕਰ ਦਿੱਤੇ ਗਏ ਹਨ ਅਤੇ ਬੇਤੂਕੀਆਂ ਦਰਖਾਸਤਾਂ ਰੱਦ ਕਰ ਦਿੱਤੀਆਂ ਗਈਆਂ। ਉਨ੍ਹਾ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਕਾਫ਼ੀ ਗੰਭੀਰ ਮਸਲਾ ਹੈ ਜਿਸ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਲੋਕਾਂ ਨੂੰ ਜ਼ਰੂਰੀ ਵਸਤਾਂ ਜਾਂ ਐਮਰਜੈਂਸੀ ਮੈਡੀਕਲ ਸੇਵਾਵਾਂ ਮੁਹੱਈਆ ਕਰਵਾਉਣ ਦਾ ਹਰ ਉਪਰਾਲਾ ਕੀਤਾ ਜਾ ਰਿਹਾ ਹੈ ਇਸ ਲਈ ਬੇਤੁਕੀਆਂ ਦਰਖ਼ਾਸਤਾਂ ਭੇਜਣ ਤੋਂ ਗੁਰੇਜ ਕੀਤਾ ਜਾਵੇ ਅਤੇ ਮੁਲਾਜ਼ਮਾਂ ਦਾ ਸਮਾਂ ਖ਼ਰਾਬ ਨਾ ਕੀਤਾ ਜਾਵੇ। ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਇਸ ਪਾਸ ਦੀ ਸਹੂਲਤ ਲਈ ਕਈ ਵਿਅਕਤੀ ਗੈਰ-ਜ਼ਰੂਰੀ ਦਰਖ਼ਾਸਤਾਂ ਵੀ ਭੇਜ ਰਹੇ ਹਨ ਜਿਵੇਂ ਇੱਕ ਮੁਹੱਲੇ ਤੋਂ ਦੂਜੇ ਮੁਹੱਲੇ ਤੱਕ ਜਾਣ ਲਈ ਪਾਸ, ਸੇਵਾ ਕਰਨ ਲਈ ਪਾਸ ਜਾਂ ਰਿਸ਼ਤੇਦਾਰਾਂ ਨੂੰ ਲਿਆਉਣ-ਛੱਡਣ ਲਈ ਪਾਸ। ਉਨ੍ਹਾਂ ਕਿਹਾ ਕਿ ਅਜਿਹੀਆਂ ਦਰਖ਼ਾਸਤਾਂ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਨਾਲ ਹੀ ਕਿਹਾ ਕਿ ਕਰਫਿਊ ਦੌਰਾਨ ਲੋਕ ਇੱਧਰ-ਉੱਧਰ ਨਾ ਆਉਣ ਅਤੇ ਧਾਰਾ 144 ਦੀ ਉਲੰਘਣਾਂ ਕਰਨ ਵਾਲੇ ਖਿਲਾਫ਼ ਧਾਰਾ 188 ਤਹਿਤ ਕਾਰਵਾਈ ਵੀ ਕੀਤੀ ਜਾ ਸਕਦੀ ਹੈ। 

NO COMMENTS