ਮਾਨਸਾ, 24 ਮਾਰਚ(ਸਾਰਾ ਯਹਾ, ਬਲਜੀਤ ਸ਼ਰਮਾ): ਕੋਰੋਨਾ ਵਾਇਰਸ ਤੋਂ ਬਚਾਅ ਲਈ ਸੂਬਾ ਭਰ ਵਿਚ ਲਗਾਏ ਗਏ ਕਰਫਿਊ ਦੀ ਪਾਲਣਾ ਕਰਨ ਹਿਤ ਲੋਕਾਂ ਦੀਆਂ ਰੋਜ਼ਾਨਾ ਦੀਆਂ ਆਮ ਲੋੜਾਂ ਦੀ ਪੂਰਤੀ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਘਰ-ਘਰ ਤੱਕ ਲੋੜੀਂਦਾ ਰੋਜਾਨਾ ਵਰਤੋਂ ਦਾ ਸਾਮਾਨ ਪਹੁੰਚਾਉਣ ਦਾ ਫੈਸਲਾ ਕੀਤਾ ਗਿਆ ਹੈ, ਜੋ ਕਿ ਟਰਾਇਲ ਕਰਨ ਤੋਂ ਬਾਅਦ ਜਲਦ ਹੀ ਲਾਗੂ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਗੁਰਪਾਲ ਸਿੰਘ ਚਹਿਲ ਅਤੇ ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਅੱਜ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਕੀਤੀ ਇਕ ਮੀਟਿੰਗ ਦੌਰਾਨ ਦੱਸਿਆ ਕਿ ਰੋਜਾਨਾ ਵਰਤੋਂ ਦੀਆਂ ਚੀਜ਼ਾਂ ਦੀ ਘਰ-ਘਰ ਤੱਕ ਪਹੁੰਚ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਤਰਤੀਬਵਾਰ ਸਮਾਂ ਨਿਰਧਾਰਤ ਕਰਦਿਆਂ ਸਵੇਰੇ 7 ਵਜੇ ਤੋਂ 9 ਵਜੇ ਤੱਕ ਦੁੱਧ, ਸਵੇਰੇ 10 ਵਜੇ ਤੋਂ 12 ਵਜੇ ਤੱਕ ਸਬਜ਼ੀਆਂ, ਫਲ ਤੇ ਰਾਸ਼ਨ, ਸ਼ਾਮ 4 ਵਜੇ ਤੋਂ 5 ਵਜੇ ਤੱਕ ਪਸ਼ੂਆਂ ਦਾ ਚਾਰਾ, ਸਵੇਰੇ 7 ਵਜੇ ਤੋਂ 9 ਵਜੇ ਤੱਕ ਅਖ਼ਬਾਰ ਪਹੁੰਚਾਉਣਾ ਨਿਸ਼ਚਤ ਕੀਤਾ ਹੈ। ਇਸ ਤੋਂ ਇਲਾਵਾ ਜ਼ਰੂਰਤ ਪੈਣ ਤੇ ਸਵੇਰੇ 10 ਵਜੇ ਤੋਂ 1 ਵਜੇ ਤੱਕ ਐਲ.ਪੀ.ਜੀ. ਗੈਸ ਅਤੇ ਸ਼ਾਮ 4 ਵਜੇ ਤੋਂਂ 5 ਵਜੇ ਤੱਕ ਦਵਾਈਆਂ ਪਹੁੰਚਾਉਣ ਦੀ ਵੀ ਤਜਵੀਜ਼ ਹੈ।
ਘਰ-ਘਰ ਤੱਕ ਸਮਾਨ ਪਹੁੰਚਾਉਣ ਵਾਲੇ ਵਿਅਕਤੀਆਂ ਨੂੰ ਪਹਿਲਾਂ ਰੈਗੂਲੇਟ ਕਰਕੇ ਆਰਗੇਨਾਇਜ਼ਡ ਤਰੀਕੇ ਨਾਲ ਤਰਤੀਬਵਾਰ ਡਿਊਟੀ ਲਗਾਈ ਜਾਵੇਗੀ ਅਤੇ ਉਨ੍ਹਾਂ ਨੂੰ ਰਵਾਨਾ ਕਰਨ ਤੋਂ ਪਹਿਲਾਂ ਡਾਕਟਰਾਂ ਦੀ ਟੀਮ ਵੱਲੋਂ ਮੈਡੀਕਲ ਚੈੱਕਅੱਪ ਕੀਤਾ ਜਾਵੇਗਾ। ਇਸ ਉਪਰੰਤ ਹੀ ਉਹ ਘਰ-ਘਰ ਤੱਕ ਸਾਮਾਨ ਮੁਹੱਈਆ ਕਰਵਾਉਣ ਲਈ ਜਾ ਸਕਣਗੇ। ਪ੍ਰਸ਼ਾਸ਼ਨ ਵੱਲੋਂ ਸ਼ਨਾਖਤ ਕੀਤੇ ਗਏ ਇਨ੍ਹਾਂ ਵਿਅਕਤੀਆਂ ਤੋਂ ਇਲਾਵਾ ਹੋਰ ਕਿਸੇ ਵੀ ਆਮ ਵਿਅਕਤੀ ਨੂੰ ਸਾਮਾਨ ਘਰ-ਘਰ ਤੱਕ ਪਹੁੰਚਾਉਣ ਦੀ ਇਜਾਜ਼ਤ ਨਹੀਂ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸੇ ਨੂੰ ਵੀ ਘਰ ਤੋਂ ਬਾਹਰ ਨਿੱਕਲਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਲੋਕਾਂ ਲਈ ਲੋੜੀਂਦਾ ਸਾਮਾਨ ਉਨ੍ਹਾਂ ਦੇ ਘਰ ਤੱਕ ਪਹੁੰਚਦਾ ਹੋਵੇ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਰਫਿਊ ਦੌਰਾਨ ਘਰਾਂ ਦੇ ਅੰਦਰ ਹੀ ਰਹਿਣ ਅਤੇ ਘਰਾਂ ਤੱਕ ਪਹੁੰਚਣ ਵਾਲਾ ਲੋੜੀਂਦਾ ਸਾਮਾਨ ਲੈਣ ਸਮੇਂ ਇਕੱਠ ਨਾ ਕਰਨ। ਉਨ੍ਹਾਂ ਲੋਕਾਂ ਨੂੰ ਸੰਜਮ ਵਰਤਣ ਦੀ ਅਪੀਲ ਦਿੱਤੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਕਤ ਵਸਤਾਂ ਤੋਂ ਇਲਾਵਾ ਪੈਟਰੋਲ, ਡੀਜ਼ਲ, ਪਾਣੀ, ਬਿਜਲੀ, ਸੀਵਰੇਜ, ਟੈਲਫੋਨ, ਕੇਬਲ ਨੈਟਵਰਕ, ਵੈਟਰਨਰੀ, ਏ.ਟੀ.ਐਮ., ਮੈਡੀਕਲ, ਵਿਆਹ, ਸੰਸਕਾਰ (ਮਨੁੱਖਾਂ ਅਤੇ ਜਾਨਵਰਾਂ) ਆਦਿ ਲਈ ਵੀ ਵਿਊਂਤਬੰਦੀ ਕੀਤੀ ਜਾ ਰਹੀ ਹੈ।
ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਪੁਲਿਸ ਕਰਮੀਆਂ ਅਤੇ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਿਹਾ ਕਿ ਇਹ ਜ਼ਿੰਦਗੀ ਵਿਚ ਲੋਕਾਂ ਦੀ ਸੇਵਾ ਕਰਨ ਦਾ ਇਕ ਵਿਸ਼ੇਸ਼ ਮੌਕਾ ਹੈ ਅਤੇ ਇਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਲੋਕ ਪੁਲਿਸ ਨਾਲ ਸਹਿਯੋਗ ਕਰਨ ਅਤੇ ਕਰਫਿਊ ਦੀ ਪਾਲਣਾ ਕਰਦੇ ਹੋਏ ਆਪਣੇ ਘਰਾਂ ਵਿਚ ਆਪਣੇ ਪਰਿਵਾਰ ਨਾਲ ਰਹਿਣ, ਅਜਿਹਾ ਹੀ ਉਨ੍ਹਾਂ ਦੀ ਸਿਹਤ ਦੇ ਭਲੇ ਲਈ ਜਰੂਰੀ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਗੁਰਮੀਤ ਸਿੰਘ ਸਿੱਧੂ, ਸਹਾਇਕ ਕਮਿਸ਼ਨਰ (ਜ) ਸ੍ਰੀ ਨਵਦੀਪ ਕੁਮਾਰ, ਐਸ.ਡੀ.ਐਮ. ਮਾਨਸਾ ਸ੍ਰੀਮਤੀ ਸਰਬਜੀਤ ਕੌਰ, ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਰਾਜਪਾਲ ਸਿੰਘ, ਐਸ.ਡੀ.ਐਮ. ਬੁਢਲਾਡਾ ਸ੍ਰੀ ਆਦਿੱਤਯ ਡੇਚਲਵਾਲ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਦਿਨੇਸ਼ ਵਸ਼ਿਸ਼ਟ ਮੌਜੂਦ ਸਨ।