ਕਰਫਿਊ ਦੌਰਾਨ ਅਜੇ ਤੱਕ ਮਜਦੂਰਾਂ ਅਤੇ ਦਿਹਾੜੀਦਾਰ ਪਰਿਵਾਰਾਂ ਤੱਕ ਨਹੀਂ ਪਹੁੰਚਿਆ ਸਰਕਾਰੀ ਰਾਸ਼ਨ

0
21

ਬੁਢਲਾਡਾ 12 ਅਪਰੈਲ(ਅਮਨ ਮਹਿਤਾ): ਕਰੋਨਾ ਵਾਇਰਸ ਦੇ ਚਲਦਿਆਂ ਇਤਿਹਾਤ ਵਜੋਂ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਦੌਰਾਨ ਜਿੱਥੇ ਹਰ ਵਰਗ ਨੂੰ ਘਰਾਂ ਅੰਦਰ ਰਹਿਣਾ ਪੈ ਰਿਹਾ ਹੈ ਉੱਥੇ ਰੋਜ਼ਾਨਾਂ ਕਮਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਨ ਕਰਨ ਵਾਲਿਆਂ ਨੂੰ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ. ਚਾਹੇ ਪ੍ਰਸ਼ਾਸ਼ਨ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਰੋਜ਼ਾਨਾਂ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਲੰਗਰ ਮੁਹੱਇਆ ਕਰਵਾਇਆ ਜਾ ਰਿਹਾ ਹੈ ਪਰ ਫਿਰ ਵੀ ਕੁੱਝ ਅਜਿਹੇ ਵਰਗ ਹਨ ਜਿਨ੍ਹਾਂ ਤੱਕ ਇਹ ਰਾਸ਼ਨ ਅਤੇ ਲੰਗਰ ਨਹੀਂ ਪਹੁੰਚ ਰਿਹਾ. ਇੱਕਤਰ ਕੀਤੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਵਾਰਡ ਨੰ 8 ਦੇ ਵਸਨੀਕਾਂ ਨੇ ਦੱਸਿਆ ਕਿ ਕਰਫਿਊ ਦੇ ਚਲਦਿਆ ਪਿਛਲੇ 20 ਦਿਨਾਂ ਤੋਂ ਕਿਸੇ ਵੀ ਸਰਕਾਰੀ ਅਧਿਕਾਰੀ ਵੱਲੋਂ ਰਾਸ਼ਨ ਲਈ ਮਜਦੂਰ ਪਰਿਵਾਰਾਂ ਤੱਕ ਪਹੁੰਚ ਨਹੀਂ ਕੀਤੀ. ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਨੂੰ ਵਧਾ ਕੇ 1 ਮਈ ਤੱਕ ਤਾਂ ਕਰ ਦਿੱਤਾ ਗਿਆ ਹੈ ਪਰ ਕਰਫਿਊ ਦੌਰਾਨ ਪਿਛਲੇ ਦਿਨਾਂ ਤੋਂ ਕੰਮ ਨਾ ਹੋਣ ਕਰਕੇ ਅਤੇ ਘਰਾਂ ਵਿੱਚ ਰਹਿਣ ਕਰਕੇ ਉਨ੍ਹਾਂ ਦੇ ਚੁੱਲ੍ਹੇ ਠੰਢੇ ਪਏ ਹਨ. ਜਿਸ ਦੇ ਰੋਸ ਵਜੋਂ ਅੱਜ ਗੁੱਸੇ ਵਿੱਚ ਆਏ ਵਾਰਡ ਦੇ ਮਜਦੂਰ ਪਰਿਵਾਰਾਂ ਵੱਲੋਂ ਸਰਕਾਰ ਅਤੇ ਪ੍ਰਸ਼ਾਸ਼ਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ. ਵਾਰਡ ਵਾਸੀਆਂ ਨੇ ਦੱਸਿਆ ਕਿ ਕਰਫਿਊ ਦੀ ਮਿਆਦ ਵੱਧਣ ਕਰਕੇ ਮਜਦੂਰ, ਛੋਟੇ ਦੁਕਾਨਦਾਰ ਅਤੇ ਦਿਹਾੜੀਦਾਰ ਪਰਿਵਾਰਾਂ ਲਈ ਚਿੰਤਾ ਵੱਧ ਗਈ ਹੈ. ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਘਰ ਘਰ ਰਾਸ਼ਨ ਪਹੁਚਾਉਣ ਦੇ ਦਾਅਵੇ ਤਾਂ ਕੀਤੇ ਜਾ ਰਹੇ ਹਨ ਪਰ ਅਜੇ ਤੱਕ ਕਿਸੇ ਵੀ ਪਰਿਵਾਰ ਨੂੰ ਕੋਈ ਰਾਸ਼ਨ ਨਹੀਂ ਮਿਲਿਆ. ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਤੋਂ ਕਿਸੇ ਵੀ ਸੰਸਥਾ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਨੇ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਗਈ. ਉਨ੍ਹਾਂ ਨੂੰ ਕਰਫਿਊ ਕਾਰਨ ਮਜਬੂਰਨ ਘਰਾਂ ਵਿੱਚ ਬੰਦ ਹੋ ਕੇ ਰਹਿਣਾ ਪੈ ਰਿਹਾ ਹੈ. ਉਨ੍ਹਾ ਕਿਹਾ ਕਿ ਇਸ ਮਹਾਮਾਰੀ ਤੋਂ ਤਾਂ ਚਾਹੇ ਅਸੀਂ ਬੱਚ ਜਾਂਦੇ ਪਰ ਹੁਣ ਭੁੱਖਮਰੀ ਤੋਂ ਕਿਸ ਤਰ੍ਹਾਂ ਬਚਾਗੇ. ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਹੀ ਮਜਦੂਰ, ਦਿਹਾੜੀਦਾਰ ਪਰਿਵਾਰਾਂ ਤੱਕ ਰਾਸ਼ਨ ਪਹੁੰਚਾਇਆ ਜਾਵੇ ਤਾਂ ਜ਼ੋ ਭੁੱਖਮਰੀ ਤੋਂ ਬੱਚ ਸਕੀਏ. 

NO COMMENTS