ਬੁਢਲਾਡਾ 2 ਜੁਲਾਈ (ਸਾਰਾ ਯਹਾ/ ਅਮਨ ਮਹਿਤਾ, ਜਿੰਦਲ) ਪੰਜਾਬ ਅੰਦਰ ਫਾਰਮਹਾਊਸਾ ਵਿੱਚ ਬੈਠ ਕੇ ਸਰਕਾਰਾਂ ਨਹੀਂ ਚਲਦਿਆਂ ਸਗੋਂ ਲੋਕਾਂ ਦੀ ਕਚਿਹਰੀ ਵਿੱਚ ਲੋਕਾਂ ਦੇ ਦੁੱਖ ਸੁੱਖ ਅਤੇ ਸਮੱਸਿਆਵਾਂ ਦੇ ਹੱਲ ਕਰਨ ਨਾਲ ਹੀ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ। ਪਰ ਇਸ ਸਰਕਾਰ ਨੇ ਬਿਨ੍ਹਾਂ ਯੌਜਨਾਵਾਂ ਅਧੀਨ ਕਰਫਿਊ ਅਤੇ ਲਾਕਡਾਊਨ ਦੌਰਾਨ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਟੈਕਸ, ਬਿਜਲੀ ਦੇ ਬਿੱਲ, ਰੋਡ ਟੈਕਸ ਵਸੂਲਣ ਦੇ ਫਰਮਾਨ ਜਾਰੀ ਕਰ ਦਿੱਤੇ ਅਤੇ ਲੋਕਾਂ ਦੇ ਘਰਾਂ ਵਿੱਚ ਹਜ਼ਾਰਾ ਰੁਪਏ ਦੇ ਬਿੱਲ ਭੇਜ਼ ਦਿੱਤੇ ਹਨ ਜ਼ੋ ਮੁਆਫ ਹੋਣੇ ਚਾਹੀਦੇ ਹਨ। ਇਹ ਸ਼ਬਦ ਅੱਜ ਇਥੋਂ ਨੇੜਲੇ ਪਿੰਡ ਚੱਕ ਭਾਈਕੇ ਵਿਖੇ ਆਮ ਆਦਮੀ ਪਾਰਟੀ ਦੇ ਸੂਬਾ ਮੀਡੀਆ ਕੋਆਰਡੀਨੇਟਰ ਮਨਜੀਤ ਸਿੰਘ ਸਿੱਧੂ ਦੇ ਪਿਤਾ ਨਮਿੱਤ ਸ਼ਰਧਾਜਲੀ ਸਮਾਗਮ ਚ ਪਹੁੰਚੇ ਪਾਰਟੀ ਦੇ ਪੰਜਾਬ ਮੁੱਖੀ ਭਗਵੰਤ ਮਾਨ ਨੇ ਕਹੇ। ਉਨ੍ਹਾਂ ਕਿਹਾ ਕਿ ਲਾਕਡਾਊਨ ਦੌਰਾਨ ਆਪਣੇ ਰੁਜ਼ਗਾਰ ਖੋਹ ਚੁੱਕੇ ਲੋਕਾਂ ਨੂੰ ਆਪਣੀ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਔਖਾਂ ਹੋਇਆ ਪਿਆ ਸੀ ਪਰ ਸਰਕਾਰ ਨੂੰ ਲੋਕਾਂ ਦੀ ਕੋਈ ਚਿੰਤਾ ਨਹੀਂ ਸਗੋਂ ਬਿੱਲ ਭੇਜ਼ ਦਿੱਤੇ। ਆਰਥਿਕ ਤੌਰ ਤੇ ਟੁੱਟੇ ਲੋਕਾਂ ਨੂੰ ਸਹਾਰਾ ਦੇਣ ਦੀ ਬਜਾਏ ਇਸ ਮਹਾਮਾਰੀ ਦੀ ਆੜ ਹੇਠ ਲੋਕਾਂ ਨੂੰ ਆਰਥਿਕ ਤੌਰ ਤੇ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਤੰਜ ਕਸਦਿਆਂ 125 ਕਰੋੜ ਦੀ ਅਬਾਦੀ ਵਾਲੇ ਦੇਸ਼ ਵਿੱਚ 80 ਕਰੋੜ ਲੋਕਾਂ ਨੂੰ ਪੇਟ ਭਰ ਖਾਣਾ ਦੇਣ ਦੇ ਕੀਤੇ ਐਲਾਨ ਤੇ ਕਿਹਾ ਕਿ ਜ਼ੋ ਲੋਕ ਖਾਣੇ ਤੱਕ ਸੀਮਤ ਹਨ ਉਹ ਦੇਸ਼ ਕਿਸ ਤਰ੍ਹਾਂ ਤਰੱਕੀ ਕਰ ਸਕਦਾ ਹੈ। ਆਤਮਨਿਰਭਰ ਦੀ ਗੱਲ ਕਰਨ ਵਾਲੇ ਮੋਦੀ ਸਰਕਾਰ ਦੇ ਰਾਜ ਵਿੱਚ ਕਾਰਪੋਰੇਟ ਘਰਾਣਿਆ ਨੂੰ ਹੋਰ ਮਜਬੂਤ ਕਰਨ ਲਈ ਦੇਸ਼ ਦੀ ਜਨਤਾ ਨੂੰ ਕਮਜੋਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੀਨ ਭਾਰਤ ਵਿੱਚ ਮੈਪ ਦਾ ਝਗੜਾ ਸੀ ਪਰ ਸਰਕਾਰ ਨੇ ਐਪ ਬੰਦ ਕਰ ਦਿੱਤੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਸਿਰਫ ਹੱਥ ਮਿਲਾਉਣ ਤੱਕ ਸੀਮਤ ਰਹਿ ਗਈ ਹੈ। ਕੋਈ ਵਿਦੇਸ਼ ਨੀਤੀ ਨਹੀਂ ਹੈ ਚੀਨ ਤੇ ਖਿਲਾਫ ਕੁੜ ਪ੍ਰਚਾਰ ਕਰਨ ਵਾਲੀ ਮੋਦੀ ਸਰਕਾਰ ਨੇ ਇੱਕ ਪਾਸੇ ਟਿੱਕਟੋਕ, ਵੀਵੋ, ਔਪੋ ਆਦਿ ਚਾਈਨੀਜ਼ ਕੰਪਨੀਆਂ ਤੋਂ ਪ੍ਰਧਾਨ ਮੰਤਰੀ ਕੇਅਰ ਫੰਡ ਲਈ ਚੰਦਾ ਲੈ ਰਹੀ ਹੈ ਦੂਸਰੇ ਪਾਸੇ ਦੇਸ਼ ਦੀ ਜਨਤਾ ਨੂੰ ਮੂਰਖ ਬਣਾਇਆ ਜਾ ਰਿਹਾ ਹੈ। ਇਸ ਮੌਕੇ ਮੌਜੂਦ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾਂ ਨੇ ਕਿਹਾ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਚ ਆਈ ਕਾਂਗਰਸ ਸਰਕਾਰ ਨੇ ਗਰੀਬ ਪਰਿਵਾਰਾਂ ਦੀਆਂ ਬੱਚੀਆਂ ਲਈ ਸ਼ਗਨ ਸਕੀਮ, ਆਟਾ ਦਾਲ ਅਤੇ ਬੁਢਾਪਾ-ਵਿਧਵਾਂ ਤੇ ਅੰਗਹੀਣ ਪੈਨਸ਼ਨਾਂ ਬੰਦ ਕਰਕੇ ਲੋਕਾਂ ਨਾਲ ਧੋਖਾ ਕੀਤਾ ਹੈ ਅਤੇ ਨੌਜਵਾਨਾਂ ਨੂੰ ਰੁਜਗਾਰ ਦੇਣ ਦਾ ਸੁਪਨਾ ਦਿਖਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਸਾਂਝ ਕੇਦਰਾਂ ਨੂੰ ਬੰਦ ਕਰਕੇ ਹਜ਼ਾਰਾਂ ਨੌਜਵਾਨਾਂ ਦਾ ਰੁਜ਼ਗਾਰ ਖੋਹ ਲਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸਪੀਕਰ ਨੂੰ ਮੰਗ ਪੱਤਰ ਦੇ ਕੇ ਵਿਧਾਨ ਸਭਾ ਦੇ ਸ਼ੈਸ਼ਨ ਦੌਰਾਨ ਬਿਜਲੀ ਐਕਟ 2020 ਅਤੇ ਖੇਤੀਬਾੜੀ ਨੋਟੀਫਿਕੇਸ਼ਨ ਤੇ ਪ੍ਰਚਰਚਾ ਕਰਵਾ ਕੇ ਲੋਕਾਂ ਲਈ ਟੀ ਵੀ ਰਾਹੀ ਲਾਇਵ ਪਰਸਾਰਨ ਦੀ ਮੰਗ ਕੀਤੀ ਗਈ ਹੈ ਜਿਸ ਨਾਲ ਪਤਾ ਲੱਗੇਗਾ ਕਿ ਕਿਹੜੀ ਪਾਰਟੀ ਕਿਸਾਨ ਮਜਦੂਰ ਤੇ ਆਮ ਲੋਕਾਂ ਦੇ ਹੱਕ ਚ ਖੜਦੀ ਹੈ। ਇਸ ਮੌਕੇ ਹਲਕਾ ਵਿਧਾਇਕ ਬੁੱਧ ਰਾਮ , ਵਿਧਾਇਕ ਕੁਲਵੰਤ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰੀ, ਕਰਤਾਰ ਸਿੰਘ ਸੰਧਵਾਂ, ਕੁਲਦੀਪ ਸਿੰਘ ਧਾਲੀਵਾਲ, ਜਿਲ੍ਹਾ ਪ੍ਰਧਾਨ ਜਸਪਾਲ ਸਿੰਘ, ਡਾ. ਵਿਜੈ ਗੋਇਲ, ਗੁਰਪ੍ਰੀਤ ਸਿੰਘ ਬਣਾਂਵਾਲੀ, ਸ਼ਤੀਸ਼ ਕੁਮਾਰ ਸਿੰਗਲਾ, ਰੁਪਿੰਦਰ ਰੂਬੀ, ਕੁਲਦੀਪ ਸਿੰਘ ਧਾਲੀਵਾਲ ਅੰਮ੍ਰਿਤਸਰ, ਸਵੀਟੀ ਸ਼ਰਮਾ ਡੇਰਾਬੱਸੀ, ਕਰਮਜੀਤ ਸਿੰਘ ਅਨਮੋਲ, ਸ਼ਹਿਰੀ ਕਲਸੀ ਗੁਰਦਾਸਪੁਰ ਹਾਜ਼ਰ ਸਨ।