ਮਾਨਸਾ 14 ਸਤੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ):
ਮਾਨਸਾ ਬਲਾਕ ਦੇ ਪਿੰਡ ਬੁਰਜ ਹਰੀ ਵਿੱਚ ਉਸ ਵਕਤ ਸੋਗ ਦੀ ਲਹਿਰ ਫੈਲ ਗਈ ਜਦ ਪਿੰਡ ਦੇ ਇੱਕ ਕਿਸਾਨ ਵੱਲੋਂ ਲਗਾਤਾਰ ਮਿਹਨਤ ਮੁਸ਼ੱਕਤ ਕਰਨ ਦੇ ਬਾਵਜੂਦ ਵੀ ਕਰਜ਼ਾ ਨਾ ਉਤਰਨ ਕਾਰਨ ਖੁਦਕਸ਼ੀ ਕਰ ਲਈ ਗਈ । ਇਸ ਵਕਤ ਪਹੁੰਚੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਧਨੇਰ ਦੇ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਪ੍ਰਗਟ ਸਿੰਘ ਪੁੱਤਰ ਧਿਆਨ ਸਿੰਘ ਉਮਰ ਕਰੀਬ 45 ਸਾਲ ਇੱਕ ਦਰਮਿਆਨੇ ਪਰਿਵਾਰ ਨਾਲ ਸੰਬੰਧਤ ਸੀ ਅਤੇ ਜਿਸਦਾ ਆਮਦਨ ਦਾ ਵਸੀਲਾ ਖੇਤੀਬਾੜੀ ਸੀ । ਲਗਾਤਾਰ ਫ਼ਸਲੀ ਕਰੋਪੀ ਅਤੇ ਜਿਨਸ ਦੀ ਉਚਿੱਤ ਕੀਮਤ ਨਾ ਮਿਲਣ ਕਾਰਨ ਪਰੇਸ਼ਾਨ ਕਿਸਾਨ ਵੱਲੋਂ ਕਰਜ਼ੇ ਦੇ ਬੋਝ ਹੇਠ ਆ ਕੇ ਅਖੀਰ ਫਾਹਾ ਲਗਾ ਲਿਆ । ਪ੍ਰਗਟ ਸਿੰਘ ਆਪਣੇ ਪਿੱਛੇ ਪਤਨੀ, ਇੱਕ ਪੁੱਤਰ ਅਤੇ ਦੋ ਧੀਆਂ ਅਤੇ ਲਗਭਗ 4 ਲੱਖ ਸਰਕਾਰੀ ਅਤੇ ਗੈਰ ਸਰਕਾਰੀ ਕਰਜ਼ਾ ਛੱਡ ਗਿਆ ਹੈ । ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਦਾ ਸਾਰਾ ਕਰਜ਼ਾ ਰੱਦ ਕੀਤਾ ਜਾਵੇ ਅਤੇ ਜ਼ਿੰਦਗੀ ਚਲਾਉਣ ਲਈ ਸਰਕਾਰੀ ਤੌਰ ‘ਤੇ ਪਰਿਵਾਰ ਦੀ ਆਰਥਿਕ ਮੱਦਦ ਕੀਤੀ ਜਾਵੇ । ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਨੂੰ ਖੁਦਕਸ਼ੀ ਦੀ ਕਗਾਰ ‘ਤੇ ਖੜੇ ਪਰਿਵਾਰਾਂ ਦੀ ਨਿਸ਼ਾਨਦੇਹੀ ਕਰਕੇ ਤੁਰੰਤ ਉਨ੍ਹਾਂ ਨੂੰ ਮੌਤ ਦੇ ਮੂੰਹ ਵਿੱਚ ਜਾਣ ਤੋਂ ਰੋਕਣਾ ਚਾਹੀਦਾ ਹੈ । ਪੁਲਸ ਚੌਕੀ ਠੂਠਿਆਂ ਵਾਲੀ ਨੇ 174 ਦੀ ਕਾਰਵਾਈ ਕਰਕੇ ਲਾਸ਼ ਪਰਿਵਾਰ ਨੂੰ ਸਪੁੱਰਦ ਕਰ ਦਿੱਤੀ ਹੈ ।