ਮਾਨਸਾ, 16 ਦਸੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਮਾਨਸਾ ਵਿਖੇ 10 ਦਸੰਬਰ ਨੂੰ ਹੋਏ ਕਥਿਤ ਲਾਠੀਚਾਰਜ਼ ਦੀ ਮੈਜਿਸਟਰੇਟ ਜਾਂਚ ਲਈ ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਵੱਲੋ ਵਧੀਕ ਜ਼ਿਲ੍ਹਾ ਮੈਜਿਸਟੇ੍ਰਟ ਸੰਗਰੂਰ ਸ੍ਰੀ ਅਨਮੋਲ ਸਿੰਘ ਧਾਲੀਵਾਲ ਨੂੰ ਪੜ੍ਹਤਾਲੀਆ ਅਫਸਰ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਵੱਲੋਂ 15 ਦਸੰਬਰ 2021 ਨੂੰ ਸਥਾਨਕ ਬੱਚਤ ਭਵਨ ਵਿਖੇ ਇਸ ਘਟਨਾ ਸਬੰਧੀ ਲੋਕਾਂ ਦੇ ਬਿਆਨ ਦਰਜ ਕਰਵਾਏ ਸਨ।
ਸ਼੍ਰੀ ਧਾਲੀਵਾਲ ਨੇ ਦੱਸਿਆ ਕਿ ਉਹ 17 ਦਸੰਬਰ ਨੂੰ ਦੁਪਹਿਰ 2.30 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਅਗਲੇਰੀ ਕਾਰਵਾਈ ਹਿੱਤ ਮਾਨਸਾ ਵਿਖੇ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਜੇਕਰ ਕੋਈ ਵਿਅਕਤੀ ਇਸ ਕਥਿਤ ਲਾਠੀਚਾਰਜ ਸਬੰਧੀ ਆਪਣੇ ਬਿਆਨ, ਗਵਾਹ ਜਾਂ ਦਸਤਾਵੇਜ਼ ਪੇਸ਼ ਕਰਨਾ ਚਾਹੁੰਦਾ ਹੈ ਤਾਂ ਉਹ ਬੱਚਤ ਭਵਨ ਵਿਖੇ ਆਪਣਾ ਪੱਖ ਰੱਖ ਸਕਦਾ ਹੈ।