*ਕਣਕ ਦੀ ਫਸਲ ਵਿੱਚ ਛੋਟੇ ਤੱਤਾਂ ਦਾ ਧਿਆਨ ਰੱਖਦਿਆਂ ਖਾਦਾਂ ਦੀ ਸੰਜਮ ਨਾਲ ਵਰਤੋਂ ਕਰਨੀ ਚਾਹੀਦੀ ਹੈ-ਮੁੱਖ ਖੇਤੀਬਾੜੀ ਅਫ਼ਸਰ*

0
86

ਮਾਨਸਾ, 03 ਦਸੰਬਰ :(ਸਾਰਾ ਯਹਾਂ/ਮੁੱਖ ਸੰਪਾਦਕ)
ਮੁੱਖ ਖੇਤੀਬਾੜੀ ਅਫਸਰ ਡਾ. ਹਰਪ੍ਰੀਤ ਪਾਲ ਕੌਰ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਕਣਕ ਦੀ ਫਸਲ ਵਿੱਚ ਜਿੱਥੇ ਦੂਸਰੀਆਂ ਖਾਦਾਂ ਦੀ ਸੰਜਮ ਨਾਲ ਵਰਤੋਂ ਕੀਤੀ ਜਾਣੀ ਚਾਹੀਦੀ ਹੈ, ਉਥੇ ਛੋਟੇ ਤੱਤਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਦੱਸਿਆਂ ਕਿ ਕਣਕ ਦੀ ਫਸਲ ਵਿੱਚ ਆਮ ਤੌਰ ’ਤੇ ਮੈਗਨੀਜ਼ ਦੀ ਘਾਟ ਦੇਖਣ ਵਿੱਚ ਆਉਂਦੀ ਹੈ ਅਤੇ ਰੇਤਲੀਆਂ ਜ਼ਮੀਨਾਂ ਵਿੱਚ ਇਹ ਘਾਟ ਜ਼ਿਆਦਾ ਦੇਖਣ ਵਿੱਚ ਆਉਂਦੀ ਹੈ।
ਉਨ੍ਹਾਂ ਕਿਹਾ ਕਿ ਇਸ ਘਾਟ ਦੀਆਂ ਨਿਸ਼ਾਨੀਆਂ ਬੂਟਿਆਂ ਦੇ ਵਿਚਕਾਰਲੇ ਪੱਤਿਆਂ ਦੀ ਨਾੜੀਆਂ ਦੇ ਦਰਮਿਆਨ ਵਾਲੀ ਥਾਂ ’ਤੇ ਹਲਕੇ ਪੀਲੇ ਸਲੇਟੀ ਰੰਗ ਤੋਂ ਗੁਲਾਬੀ ਭੂਰੇ ਰੰਗ ਦੇ ਧੱਬਿਆਂ ਦੇ ਰੂਪ ਵਿੱਚ ਦਿਖਾਈ ਦਿੰਦੀਆਂ ਹਨ। ਇਹ ਧੱਬੇ ਪੱਤਿਆਂ ਦੇ ਮੁੱਢ ਵਾਲੇ 2/3 ਹਿੱਸੇ ਵਿੱਚ ਜ਼ਿਆਦਾ ਹੁੰਦੇ ਹਨ। ਬਾਅਦ ਵਿੱਚ ਇਹ ਧੱਬੇ ਨਾੜੀਆਂ ਵਿਚਕਾਰ, ਜਿਹੜੀਆਂ ਕਿ ਹਰੀਆਂ ਰਹਿੰਦੀਆਂ ਹਨ, ਇਕੱਠੇ ਹੋ ਕੇ ਇੱਕ ਲੰਮੀ ਧਾਰੀ ਦਾ ਅਕਾਰ ਧਾਰਣ ਕਰ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੱਤ ਦੀ ਬਹੁਤ ਜ਼ਿਆਦਾ ਘਾਟ ਆਉਣ ਕਾਰਨ ਬੂਟੇ ਸੁੱਕ ਜਾਂਦੇ ਹਨ ਅਤੇ ਜਦੋਂ ਫਸਲ ਦੇ ਸਿੱਟੇ ਨਿੱਕਲਦੇ ਹਨ ਤਾਂ ਇਸ ਘਾਟ ਦੀਆਂ ਨਿਸ਼ਾਨੀਆਂ ਬਿਲਕੁੱਲ ਉਪਰਲੇ ਪੱਤਿਆਂ ’ਤੇ ਸਾਫ ਦਿਖਾਈ ਦਿੰਦੀਆਂ ਹਨ।
ਉਨ੍ਹਾਂ ਦੱਸਿਆ ਕਿ ਮੈਗਨੀਜ ਦੀ ਘਾਟ ਆਉਣ ਉਪਰੰਤ ਖੇਤਾਂ ਵਿੱਚ 0.5 ਪ੍ਰਤੀਸ਼ਤ ਮੈਗਨੀਜ ਸਲਫੇਟ (1 ਕਿਲੋ ਮੈਗਨੀਜ ਸਲਫੇਟ 200 ਲੀਟਰ ਪਾਣੀ ਵਿੱਚ) ਦਾ ਇੱਕ ਛਿੜਕਾਅ ਪਹਿਲੇ ਪਾਣੀ ਤੋਂ 2-4 ਦਿਨ ਪਹਿਲਾਂ ਅਤੇ ਤਿੰਨ ਛਿੜਕਾਅ ਹਫਤੇ-ਹਫਤੇ ਦੇ ਫਰਕ ਨਾਲ ਧੁੱਪ ਵਾਲੇ ਦਿਨਾਂ ਵਿੱਚ ਕਰਨੇ ਚਾਹੀਦੇ ਹਨ। ਮੈਗਨੀਜ ਸਲਫੇਟ ਦੀ ਵਰਤੋਂ ਕਿਸਾਨਾਂ ਵੱਲੋਂ ਸਪਰੇਅ ਰਾਂਹੀ ਹੀ ਕਰੀ ਜਾਵੇ ਅਤੇ ਇਸ ਤੱਤ ਨੂੰ ਜ਼ਮੀਨ ਵਿੱਚ ਛਿੱਟੇ ਰਾਂਹੀ ਨਾ ਪਾਇਆ ਜਾਵੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ ਅਤੇ ਬਲਾਕ ਪੱਧਰ ਦੀਆਂ ਪੈਸਟ ਸਰਵੇਲੈਂਸ ਟੀਮਾਂ ਵੱਲੋਂ ਕਣਕ ਦੀ ਫਸਲ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਸਬੰਧੀ ਨਿਰੰਤਰ ਖੇਤਾਂ ਦਾ ਸਰਵੇਖਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਗੁਲਾਬੀ ਸੁੰਡੀ ਦੇ ਹਮਲੇ ਸਬੰਧੀ ਆਪਣੇ ਖੇਤਾਂ ਦਾ ਰੋਜ਼ਾਨਾ ਦੌਰਾ ਕੀਤਾ ਜਾਵੇ ਅਤੇ ਜੇਕਰ ਕਿਸੇ ਖੇਤ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਵੇਖਿਆ ਜਾਂਦਾ ਹੈ, ਤਾਂ ਤੁਰੰਤ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਰਾਬਤਾ ਕੀਤਾ ਜਾਵੇ।

NO COMMENTS