*ਕਣਕ ਦੀ ਖਰੀਦ ਨਾ ਹੋਣ ਕਾਰਨ ਪਿੰਡ ਹਾਕਮਵਾਲਾ ਦੀ ਅਨਾਜ ਮੰਡੀ ਚ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ*

0
13

ਬੋਹਾ 16 ਅਪ੍ਰੈਲ ( ਸਾਰਾ ਯਹਾਂ /ਦਰਸ਼ਨ ਹਾਕਮਵਾਲਾ  )-ਪੰਜਾਬ ਸਰਕਾਰ ਅਤੇ ਪੰਜਾਬ ਮੰਡੀ ਬੋਰਡ ਵੱਲੋਂ ਕਣਕ ਖਰੀਦ ਪ੍ਰਬੰਧਾਂ ਨੂੰ ਲੈ ਕੇ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਉਸ ਵਕਤ ਨਿਕਲ ਗਈ ਜਦੋਂ ਪਿੰਡ ਹਾਕਮਵਾਲਾ ਦੀ ਅਨਾਜ ਮੰਡੀ ਵਿੱਚ ਖਰੀਦ ਨਾ ਹੋਣ ਤੋਂ  ਅੱਕੇ ਹੋਏ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਤਿੱਖੀ ਨਾਅਰੇਬਾਜ਼ੀ ਕੀਤੀ ਗਈ  ।ਇਸ ਮੌਕੇ ਬੋਲਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਜਗਬੀਰ ਸਿੰਘ ਮਾਨ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਮਨਜੀਤ ਸਿੰਘ ਮੰਨਾ, ਗੁਰਮੇਲ ਸਿੰਘ ਮੇਲਾ, ਟਹਿਲ ਸਿੰਘ ਸਾਬਕਾ ਪੰਚ’ ਮਿੱਠੂ ਸਿੰਘ ਨੰਬਰਦਾਰ ,ਦਵਿੰਦਰ ਸਿੰਘ  ਆਦਿ ਨੇ ਆਖਿਆ ਕਿ ਉਹ ਇਕ ਹਫ਼ਤੇ ਤੋਂ ਅਨਾਜ ਮੰਡੀ ਵਿੱਚ ਰੁਲ ਰਹੇ ਹਨ  ਅਤੇ ਕਣਕ ਦੀ ਬੋਲੀ ਸ਼ੁਰੂ ਹੋਏ ਨੂੰ ਅੱਜ ਹਫਤੇ ਦੇ ਕਰੀਬ ਹੋ ਗਿਆ ਹੈ ਪਰ ਦੁੱਖ ਦੀ ਗੱਲ ਹੈ ਕਿ ਪਿੰਡ ਹਾਕਮਵਾਲਾ ਦੀ ਅਨਾਜ ਮੰਡੀ ਵਿੱਚ ਅਜੇ ਕੋਈ ਵੀ ਅਧਿਕਾਰੀ ਬੋਲੀ ਲਾਉਣ ਨਹੀਂ ਆਇਆ  ।ਜਿਸ ਕਾਰਨ ਉਨ੍ਹਾਂ ਦੀ ਪੁੱਤਾਂ ਵਾਂਗੂ ਪਾਲੀ ਫ਼ਸਲ ਮੰਡੀਆਂ ਵਿੱਚ ਰੁਲਣ ਲਈ ਮਜਬੂਰ ਹੈ ਅਤੇ ਉਪਰੋਂ ਮੌਸਮ ਵੀ ਬਹੁਤ ਹੀ ਜ਼ਿਆਦਾ ਖ਼ਰਾਬ ਹੈ  ।ਕਿਸਾਨਾਂ ਨੇ ਮੰਗ ਕੀਤੀ ਕਿ ਇੱਥੇ ਸਿਰਫ਼ ਐਫਸੀਆਈ ਹੀ ਦੀ ਖਰੀਦ ਹੈ ਚਾਹੀਦਾ ਇਹ ਹੈ ਕਿ ਦੂਸਰੀਆਂ ਕੰਪਨੀਆਂ ਨੂੰ ਵੀ ਇੱਥੇ ਕਣਕ ਦੀ ਖ਼ਰੀਦ ਕਰਨੀ ਚਾਹੀਦੀ ਹੈ ਤਾਂ ਜੋ ਖਰੀਦ ਪ੍ਰਬੰਧਾਂ ਵਿੱਚ ਤੇਜ਼ੀ ਆ ਸਕੇ  ।ਕਿਸਾਨਾਂ ਨੇ ਆਖਿਆ ਕਿ ਜੇਕਰ ਜਲਦੀ ਤੋਂ ਜਲਦੀ ਖਰੀਦ ਸ਼ੁਰੂ ਨਾ ਕੀਤੀ ਗਈ ਤਾਂ ਉਹ ਸੜਕ ਕਿਨਾਰੇ ਜਾ ਕੇ ਪੱਕਾ ਜਾਮ ਲਾ ਦੇਣਗੇ  ।ਇਸ ਮੌਕੇ ਐਫਸੀਆਈ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਆਖਿਆ ਕਿ ਉਹ ਅੱਜ ਸ਼ਾਮ ਤੋਂ ਹੀ ਕਣਕ ਦੀ ਖ਼ਰੀਦ ਸ਼ੁਰੂ ਕਰ ਦੇਣਗੇ ਅਤੇ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ  ।ਇਹ ਸਮੱਸਿਆ ਸਮੱਸਿਆ ਸਬੰਧੀ ਗੱਲ ਕਰਦਿਆਂ ਮਾਰਕੀਟ ਕਮੇਟੀ ਬੋਹਾ ਦੇ ਚੇਅਰਮੈਨ ਜਗਦੇਵ ਸਿੰਘ ਘੋਗਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੁਝ ਅਨਾਜ ਕੇਂਦਰਾਂ ਵਿਚ ਥੋੜ੍ਹੀ ਬਹੁਤ ਸਮੱਸਿਆ ਆ ਰਹੀ ਹੈ ਜਿਸ ਨੂੰ ਹੱਲ ਕਰਵਾਉਣ ਲਈ ਉਹ ਲਗਾਤਾਰ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹਨ  ।ਚੇਅਰਮੈਨ ਘੋਗਾ ਨੇ ਆਖਿਆ ਕਿ ਪਿੰਡ ਹਾਕਮਵਾਲਾ ਰਿਓਂਦ ਚੱਕ ਅਲੀਸ਼ੇਰ ਆਦਿ ਖਰੀਦ ਕੇਂਦਰਾਂ ਵਿੱਚ ਕੁਝ ਸਮੱਸਿਆ ਹੈ ਜਿਸ ਨੂੰ ਬਹੁਤ ਜਲਦੀ ਹੱਲ ਕਰ ਲਿਆ ਜਾਵੇਗਾ ਅਤੇ ਪੰਜਾਬ ਸਰਕਾਰ ਕਿਸਾਨਾਂ ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦੇਵੇਗੀ  ।

NO COMMENTS