*ਕਣਕ ਦੀ ਖਰੀਦ ਦੌਰਾਨ ਕਿਸਾਨਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ-ਡਿਪਟੀ ਕਮਿਸ਼ਨਰ*

0
22

ਮਾਨਸਾ, 31 ਮਾਰਚ (ਸਾਰਾ ਯਹਾਂ/  ਮੁੱਖ ਸੰਪਾਦਕ): ਪੰਜਾਬ ਸਰਕਾਰ ਕਿਸਾਨਾਂ ਦੀ ਫਸਲ ਦਾ ਇਕ ਇਕ ਦਾਣਾ ਖਰੀਦ ਕਰਨ ਲਈ ਵਚਨਬੱਧ ਹੈ। ਸਾਰੀਆਂ ਮੰਡੀਆਂ ਵਿਚ ਕਿਸੇ ਵੀ ਤਰ੍ਹਾਂ ਦੇ ਪ੍ਰਬੰਧ ਵਿਚ ਕੋਈ ਉਣਤਾਈ  ਨਹੀਂ ਰਹਿਣੀ ਚਾਹੀਦੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਕੀਤਾ।
ਡਿਪਟੀ ਕਮਿਸ਼ਨਰ ਨੇ ਹਾੜ੍ਹੀ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਕਿਸਾਨਾਂ ਨੂੰ ਮੰਡੀਆਂ ਵਿਚ ਸੁੱਕੀ ਫਸਲ ਲਿਆਉਣ ਦੀ ਅਪੀਲ ਕੀਤੀ ਹੈ ਤਾਂ ਜੋ ਖਰੀਦ ਪ੍ਰਕਿਰਿਆ ਦੌਰਾਨ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਪੇਸ਼ ਨਾ ਆਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਾਲ ਜ਼ਿਲ੍ਹੇ ਵਿਚ 1 ਲੱਖ 70 ਹਜ਼ਾਰ ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਈ ਕੀਤੀ ਗਈ ਹੈ ਅਤੇ 9 ਲੱਖ 32 ਹਜ਼ਾਰ ਮੀਟਰਿਕ ਟਨ ਕਣਕ ਦੀ ਪੈਦਾਵਾਰ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਖਰੀਦ ਲਈ 6 ਲੱਖ 40 ਹਜ਼ਾਰ 162 ਮੀਟਰਿਕ ਟਨ ਕਣਕ ਆਉਣ ਦੀ ਸੰਭਾਵਨਾ ਹੈ।
ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਮੰਡੀਆਂ ਦੇ ਰੱਖ ਰਖਾਵ ਅਤੇ ਸਫ਼ਾਈ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ। ਸਾਰੇ ਖਰੀਦ ਕੇਂਦਰਾਂ ਵਿਚ ਫਸਟਏਡ ਕਿੱਟਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾਂ ਦੌਰਾਨ ਮੁੱਢਲੀ ਸਹਾਇਤਾ ਦਿੱਤੀ ਜਾ ਸਕੇ। ਉਨ੍ਹਾਂ ਮੰਡੀਆਂ ਵਿਚ ਪਾਣੀ ਅਤੇ ਪਖਾਨਿਆਂ ਦੇ ਪੁਖ਼ਤਾ ਪ੍ਰਬੰਧ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਖਰੀਦ ਕੇਂਦਰ ਤੋਂ ਸਟੋਰੇਜ਼ ਪੁਆਇੰਟ ਤੱਕ ਕਣਕ ਦੀ ਢੋਆ ਢੁਆਈ ਲਈ ਵਰਤੇ ਜਾਣ ਵਾਲੇ ਸਾਰੇ ਟਰਾਂਸਪੋਰਟ ਵਾਹਨਾਂ ਵਿਚ ਵਾਹਨ ਟਰੈਕਿੰਗ ਸਿਸਟਮ ਯਕੀਨੀ ਬਣਾਏ ਜਾਣ। ਉਨ੍ਹਾਂ ਪਹਿਲੇ ਦਿਨ ਤੋਂ ਹੀ ਫਸਲ ਦੀ ਅਦਾਇਗੀ ਕਰਵਾਉਣੀ ਯਕੀਨੀ ਬਣਾਉਣ ਲਈ ਕਿਹਾ।

NO COMMENTS