*ਕਣਕ ਦਾ ਵਧੇਗਾ ਰੇਟ: ਯੂਕਰੇਨ ਜੰਗ ਕਾਰਨ ਮਿਲਿਆ ਨਵਾਂ ਬਾਜ਼ਾਰ, ਹੁਣ ਭਾਰਤ ਮਿਸਰ ਨੂੰ ਵੇਚੇਗਾ ਕਣਕ*

0
222

ਨਵੀਂ ਦਿੱਲੀ 15,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼): ਵਣਜ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਯੂਕਰੇਨ ਤੇ ਰੂਸ ਤੋਂ ਕਣਕ ਦੇ ਸਭ ਤੋਂ ਵੱਡੇ ਦਰਾਮਦਕਾਰ ਮਿਸਰ ਨੇ ਭਾਰਤ ਨੂੰ ਕਣਕ ਸਪਲਾਇਰ ਵਜੋਂ ਮਨਜ਼ੂਰੀ ਦਿੱਤੀ ਹੈ। ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੇ ਟਕਰਾਅ ਕਾਰਨ ਗਲੋਬਲ ਬਾਜ਼ਾਰਾਂ ‘ਚ ਕਣਕ ਦੀ ਉਪਲਬਧਤਾ ‘ਚ ਭਾਰੀ ਗਿਰਾਵਟ ਆਈ ਹੈ। ਇਹ ਦੋਵੇਂ ਦੇਸ਼ ਕਣਕ ਦੇ ਪ੍ਰਮੁੱਖ ਉਤਪਾਦਕ ਤੇ ਨਿਰਯਾਤਕ ਹਨ। ਮਿਸਰ ਨੇ 2020 ਵਿੱਚ ਰੂਸ ਤੋਂ $1.8 ਬਿਲੀਅਨ ਤੇ ਯੂਕਰੇਨ ਤੋਂ $610.8 ਮਿਲੀਅਨ ਦੀ ਕਣਕ ਦਰਾਮਦ ਕੀਤੀ। ਹੁਣ ਮਿਸਰ ਭਾਰਤ ਤੋਂ 1 ਮਿਲੀਅਨ ਟਨ ਕਣਕ ਦਰਾਮਦ ਕਰਨਾ ਚਾਹੁੰਦਾ ਹੈ ਤੇ ਅਪ੍ਰੈਲ ਵਿੱਚ ਉਸ ਨੂੰ 2,40,000 ਟਨ ਕਣਕ ਦੀ ਲੋੜ ਪਵੇਗੀ।

ਗੋਇਲ ਨੇ ਟਵੀਟ ਕੀਤਾ ਕਿ ਭਾਰਤੀ ਕਿਸਾਨ ਦੁਨੀਆ ਦਾ ਢਿੱਡ ਭਰ ਰਹੇ ਹਨ। ਮਿਸਰ ਨੇ ਭਾਰਤ ਨੂੰ ਕਣਕ ਸਪਲਾਇਰ ਵਜੋਂ ਮਨਜ਼ੂਰੀ ਦਿੱਤੀ ਹੈ। ਵਿਸ਼ਵ ਟਿਕਾਊ ਭੋਜਨ ਸਪਲਾਈ ਦੇ ਭਰੋਸੇਯੋਗ ਵਿਕਲਪਕ ਸਰੋਤ ਦੀ ਭਾਲ ਵਿੱਚ ਹੈ ਤੇ ਮੋਦੀ ਸਰਕਾਰ ਅੱਗੇ ਆਈ ਹੈ। ਸਾਡੇ ਕਿਸਾਨਾਂ ਨੇ ਭੰਡਾਰ ਭਰ ਕੇ ਰੱਖੇ ਹਨ ਤੇ ਅਸੀਂ ਦੁਨੀਆ ਦੀ ਸੇਵਾ ਲਈ ਤਿਆਰ ਹਾਂ।

ਅਪ੍ਰੈਲ 2021 ਤੋਂ ਜਨਵਰੀ 2022 ਦਰਮਿਆਨ ਭਾਰਤ ਦੀ ਕਣਕ ਦੀ ਬਰਾਮਦ 1.74 ਬਿਲੀਅਨ ਡਾਲਰ ਹੋ ਗਈ। ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ‘ਚ ਇਹ 34.017 ਮਿਲੀਅਨ ਡਾਲਰ ਸੀ। 2019-20 ਵਿੱਚ ਕਣਕ ਦੀ ਬਰਾਮਦ $61.84 ਕਰੋੜ ਰਹੀ, ਜੋ 2020-21 ਵਿੱਚ ਵੱਧ ਕੇ $549.67 ਕਰੋੜ ਹੋ ਗਈ। ਭਾਰਤ ਮੁੱਖ ਤੌਰ ‘ਤੇ ਗੁਆਂਢੀ ਦੇਸ਼ਾਂ ਨੂੰ ਕਣਕ ਦੀ ਬਰਾਮਦ ਕਰਦਾ ਹੈ, ਜਿਸ ਵਿੱਚੋਂ 54% ਬੰਗਲਾਦੇਸ਼ ਨੂੰ ਨਿਰਯਾਤ ਕੀਤਾ ਜਾਂਦਾ ਹੈ। ਭਾਰਤ ਨੇ ਯਮਨ, ਅਫਗਾਨਿਸਤਾਨ, ਕਤਰ ਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਵਿੱਚ ਵੀ ਕਣਕ ਦੀ ਨਵੀਂ ਮੰਡੀ ਵਿੱਚ ਪ੍ਰਵੇਸ਼ ਕੀਤਾ ਹੈ।

2020-21 ਵਿੱਚ ਭਾਰਤ ਤੋਂ ਕਣਕ ਦਰਾਮਦ ਕਰਨ ਵਾਲੇ ਚੋਟੀ ਦੇ ਦਸ ਦੇਸ਼ਾਂ ਵਿੱਚ ਬੰਗਲਾਦੇਸ਼, ਨੇਪਾਲ, ਸੰਯੁਕਤ ਅਰਬ ਅਮੀਰਾਤ, ਸ਼੍ਰੀਲੰਕਾ, ਯਮਨ, ਅਫਗਾਨਿਸਤਾਨ, ਕਤਰ, ਇੰਡੋਨੇਸ਼ੀਆ, ਓਮਾਨ ਅਤੇ ਮਲੇਸ਼ੀਆ ਸ਼ਾਮਲ ਹਨ। ਵਿਸ਼ਵ ਦੀ ਕੁੱਲ ਕਣਕ ਦੀ ਬਰਾਮਦ ਵਿੱਚ ਭਾਰਤ ਦਾ ਹਿੱਸਾ ਇੱਕ ਫੀਸਦੀ ਤੋਂ ਵੀ ਘੱਟ ਹੈ। ਹਾਲਾਂਕਿ, ਇਸਦਾ ਹਿੱਸਾ 2016 ਵਿੱਚ 0.14 ਪ੍ਰਤੀਸ਼ਤ ਤੋਂ ਵੱਧ ਕੇ 2020 ਵਿੱਚ 0.54 ਪ੍ਰਤੀਸ਼ਤ ਹੋ ਗਿਆ ਸੀ।

ਭਾਰਤ ਕਣਕ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਹੈ ਅਤੇ 2020 ਵਿੱਚ ਵਿਸ਼ਵ ਵਿੱਚ ਕਣਕ ਦੇ ਕੁੱਲ ਉਤਪਾਦਨ ਵਿੱਚ ਇਸਦੀ ਹਿੱਸੇਦਾਰੀ ਲਗਪਗ 14.14 ਪ੍ਰਤੀਸ਼ਤ ਸੀ। ਭਾਰਤ ਸਾਲਾਨਾ ਲਗਭਗ 10.759 ਮਿਲੀਅਨ ਟਨ ਕਣਕ ਦਾ ਉਤਪਾਦਨ ਕਰਦਾ ਹੈ ਅਤੇ ਜ਼ਿਆਦਾਤਰ ਖਪਤ ਘਰੇਲੂ ਤੌਰ ‘ਤੇ ਕੀਤੀ ਜਾਂਦੀ ਹੈ।

NO COMMENTS