*ਕਣਕ ਦਾ ਤਸਦੀਕਸ਼ੁਦਾ ਬੀਜ ਸਬਸਿਡੀ ’ਤੇ ਪ੍ਰਾਪਤ ਕਰਨ ਲਈ ਕਿਸਾਨ ਆਪਣੇ ਬਿਨ੍ਹੈ ਪੱਤਰ ਜਮ੍ਹਾ ਕਰਵਾਉਣ*

0
51

ਮਾਨਸਾ, 17 ਅਕਤੂਬਰ (ਸਾਰਾ ਯਹਾਂ/ ਮੁੱਖ ਸੰਪਾਦਕ )  : ਮੁੱਖ ਖੇਤੀਬਾੜੀ ਅਫਸਰ ਡਾ. ਸਤਪਾਲ ਸਿੱਘ ਨੇ ਦੱਸਿਆ ਕਿ ਹਾੜੀ 2022-23 ਦੌਰਾਨ ਕਣਕ ਦਾ ਤਸਦੀਕਸ਼ੁਦਾ ਬੀਜ ਸਬਸਿਡੀ ’ਤੇ ਪ੍ਰਾਪਤ ਕਰਨ ਲਈ ਕਿਸਾਨ ਆਪਣੇ ਬਿਨੈ ਪੱਤਰ ਮੁਕੰਮਲ ਭਰਕੇ ਆਪਣੇ ਦਸਤਖ਼ਤ ਕਰਕੇ ਅਤੇ ਪਿੰਡ ਦੇ ਸਰਪੰਚ, ਨੰਬਰਦਾਰ, ਐਮ.ਸੀ. ਤੋਂ ਤਸਦੀਕ ਕਰਵਾ ਕੇ ਖੇਤੀਬਾੜੀ ਵਿਭਾਗ ਦੇ ਬਲਾਕ ਦਫ਼ਤਰ ਵਿੱਚ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜਮ੍ਹਾ ਕਰਵਾਉਣ।
ਉਨ੍ਹਾਂ ਦੱਸਿਆ ਕਿ ਬਿਨੈ ਪੱਤਰ 26 ਅਕਤੂਬਰ 2022 ਤੱਕ ਜਮ੍ਹਾ ਕਰਵਾਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਯੋਗ ਪਾਏ ਗਏ ਲਾਭਪਾਤਰੀਆਂ ਨੂੰ ਖੇਤੀਬਾੜੀ ਦਫ਼ਤਰ ਵੱਲੋਂ ਤੁਰੰਤ ਪਰਮਿਟ ਜਾਰੀ ਕੀਤੇ ਜਾਣਗੇ। ਨਿਰਧਾਰਤ ਮਿਤੀ ਲੰਘ ਜਾਣ ਤੋਂ ਬਾਅਦ ਪ੍ਰਾਪਤ ਹੋਈਆਂ ਅਰਜੀਆਂ ’ਤੇ ਵਿਚਾਰ ਨਹੀ ਕੀਤਾ ਜਾਵੇਗਾ। ਕਣਕ ਦੇ ਬੀਜ ਦੀ ਸਬਸਿਡੀ ਦੀ ਵੰਡ ਢਾਈ ਏਕੜ ਰਕਬੇ ਵਾਲੇ ਕਿਸਾਨਾਂ, ਕਾਸ਼ਤਕਾਰਾਂ ਨੂੰ ਅਤੇ ਇਸ ਤੋਂ ਬਾਅਦ ਪੰਜ ਏਕੜ ਵਾਲੇ ਕਿਸਾਨਾਂ ਅਤੇ ਕਾਸ਼ਤਕਾਰਾਂ ਨੂੰ ਪਹਿਲ ਦੇ ਅਧਾਰ ’ਤੇ ਕੀਤੀ ਜਾਵੇਗੀ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਕਣਕ ਦੇ ਤਸਦੀਕਸ਼ੁਦਾ ਬੀਜ ਦੀ ਸਬਸਿਡੀ ਕੇਵਲ ਪੰਜਾਬ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫਾਰਸ਼ ਕੀਤੀਆਂ ਕਿਸਮਾਂ ਅਤੇ ਭਾਰਤ ਸਰਕਾਰ ਵੱਲੋਂ ਪੰਜਾਬ ਲਈ ਨੋਟੀਫਾਈ ਕੀਤੀਆਂ ਨਵੀਆਂ ਕਿਸਮਾਂ ਐਚ.ਡੀ. 3086, ਉੱਨਤ ਪੀ.ਬੀ.ਡਬਲਯੂ-343, ਉੱਨਤ ਪੀ.ਬੀ.ਡਬਲਯੂ-550, ਪੀ.ਬੀ.ਡਬਲਯੂ 1 ਜਿੰਕ, ਪੀ.ਬੀ.ਡਬਲਯੂ 725, ਪੀ.ਬੀ. ਡਬਲਯੂ-677, ਡਬਲਯੂ.ਐਚ-1105, ਪੀ.ਬੀ. ਡਬਲਯੂ-766, ਐਚ.ਡੀ.-3226, ਡੀ.ਬੀ. ਡਬਲਯੂ-187, ਡੀ.ਬੀ.ਡਬਲਯੂ-222, ਡੀ.ਬੀ.ਡਬਲਯੂ-303, ਪੀ.ਬੀ.ਡਬਲਯੂ-803, ਪੀ.ਬੀ.ਡਬਲਯੂ-824, ਪੀ.ਬੀ.ਡਬਲਯੂ-869 ਅਤੇ ਪਿਛੇਤੀ ਬਿਜਾਈ ਲਈ ਪੀ.ਬੀ.ਡਬਲਯੂ-752,  ਪੀ.ਬੀ.ਡਬਲਯੂ-757, ਪੀ.ਬੀ.ਡਬਲਯੂ-771 ਅਤੇ ਬਰਾਨੀ ਹਾਲਤਾਂ ਲਈ ਪੀ.ਬੀ.ਡਬਲਯੂ-660 ’ਤੇ ਹੀ ਦਿੱਤੀ ਜਾਵੇਗੀ। ਇਨ੍ਹਾਂ ਕਿਸਮਾਂ ਤੇ 1000/- ਰੁਪਏ ਪ੍ਰਤੀ ਕੁਇੰਟਲ ਸਬਸਿਡੀ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਪਰਮਿਟ ਦੇ ਅਧਾਰ ’ਤੇ ਬੀਜ ਖਰੀਦਣ ਸਮੇਂ ਹੀ ਤਸਦੀਕਸ਼ੁਦਾ ਬੀਜ ਦਾ ਬਿੱਲ ਅਤੇ ਟੈਗ ਸਬੰਧਤ ਖਰੀਦ ਏਜੰਸੀ ਕੋਲ ਜਮ੍ਹਾ ਕਰਵਾਇਆ ਜਾਣਾ ਯਕੀਨੀ ਬਣਾਇਆ ਜਾਵੇ।

NO COMMENTS