*ਐਸ.ਡੀ.ਐਮ. ਪ੍ਰਮੋਦ ਸਿੰਗਲਾ ਨੇ ਭੀਖੀ ਵਿਖੇ ਸੀਵਰੇਜ਼ ਦੀ ਸਮੱਸਿਆ ਦਾ ਮੌਕੇ ’ਤੇ ਜਾ ਕੇ ਲਿਆ ਜਾਇਜ਼ਾ*

0
122

ਮਾਨਸਾ, 21 ਅਗਸਤ:(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਐਸ.ਡੀ.ਐਮ. ਮਾਨਸਾ ਸ੍ਰੀ ਪ੍ਰਮੋਦ ਸਿੰਗਲਾ ਨੇ ਭੀਖੀ ਵਿਖੇ ਘੁੱਲੂ ਪੱਤੀ ਵਾਰਡ ਨੰਬਰ 11 ਵਿਚ ਲੋਕਾਂ ਦੇ ਘਰਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ।
     ਐਸ.ਡੀ.ਐਮ. ਸ੍ਰੀ ਪ੍ਰਮੋਦ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੀਖੀ ਦੇ ਵਾਰਡ ਨੰਬਰ 11, ਘੁੱਲੂ ਪੱਤੀ ਦੇ ਵਸਨੀਕਾਂ ਨੇ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੇ ਧਿਆਨ ਵਿਚ ਲਿਆਂਦਾ ਸੀ ਕਿ ਸੀਵਰੇਜ ਦੀ ਸਮੱਸਿਆ ਦੇ ਕਾਰਨ ਉਨ੍ਹਾਂ ਦੇ ਘਰਾਂ ਵਿਚ ਤਰੇੜਾਂ ਆਉਣ ਨਾਲ ਘਰਾਂ ਦਾ ਨੁਕਸਾਨ ਹੋਇਆ ਹੈ। ਇਸ ਉਪਰੰਤ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ’ਤੇ ਉਨ੍ਹਾਂ ਨਗਰ ਪੰਚਾਇਤ ਅਤੇ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਸਮੇਤ ਮੌਕੇ ’ਤੇ ਜਾ ਕੇ ਘਰਾਂ ਦਾ ਜਾਇਜ਼ਾ ਲਿਆ।


      ਐਸ.ਡੀ.ਐਮ. ਨੇ ਦੱਸਿਆ ਕਿ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਪਾਸੋਂ ਮੌਕੇ ’ਤੇ ਜਾ ਕੇ ਜਾਂਚ ਕਰਵਾਉਣ ’ਤੇ ਪਤਾ ਲੱਗਾ ਹੈ ਕਿ ਇਨ੍ਹਾਂ ਘਰਾਂ ਦਾ ਨੁਕਸਾਨ ਸੀਵਰੇਜ਼ ਦੇ ਪਾਣੀ ਨਾਲ ਨਹੀਂ ਹੋਇਆ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਫਿਰ ਵੀ ਗਲੀ ਨੂੰ ਪੁੱਟ ਕੇ ਜਾਂਚ ਕਰਕੇ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਘਰਾਂ ਦਾ ਕੋਈ ਨੁਕਸਾਨ ਨਾ ਹੋਵੇ। ਉਨ੍ਹਾਂ ਇੱਥੋਂ ਦੇ ਵਸਨੀਕਾਂ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਦੇ ਨਾਲ ਖੜ੍ਹਾ ਹੈ, ਸੀਵਰੇਜ਼ ਜਾਂ ਪਾਈਪਲਾਈਨ ਦੀ ਹਰ ਸਮੱਸਿਆ ਦਾ ਢੁਕਵਾਂ ਹੱਲ ਕੀਤਾ ਜਾਵੇਗਾ।


     ਸ੍ਰੀ ਪ੍ਰਮੋਦ ਸਿੰਗਲਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਨਗਰ ਪੰਚਾਇਤ ਵੱਲੋਂ ਭੀਖੀ ਵਿਖੇ ਤਿੰਨ ਨੰਬਰ ਟੋਭੇ ਦਾ ਪਾਣੀ ਸੀਵਰੇਜ਼ ਪਾਈਪਾਂ ਵਿਚ ਪਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਉਨ੍ਹਾਂ ਮੌਕੇ ਦਾ ਜਾਇਜ਼ਾ ਲੈਂਦਿਆਂ ਕਾਰਜਸਾਧਕ ਅਫ਼ਸਰ ਅਤੇ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਨੂੰ ਤੁਰੰਤ ਬੰਦ ਕਰਵਾਇਆ ਜਾਵੇ। ਉਨ੍ਹਾਂ ਨਾਲ ਹੀ ਹਦਾਇਤ ਕੀਤੀ ਕਿ ਸੀਵਰੇਜ ਦੀ ਸਫਾਈ ਸੁਚੱਜੇ ਢੰਗ ਨਾਲ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਪੇਸ਼ ਨਾ ਆਵੇ।

NO COMMENTS