*ਐਸ.ਆਈ.ਟੀ. ਵੱਲੋਂ ਕੋਟਕਪੂਰਾ ਮਾਮਲੇ ਦੀ ਜਾਂਚ ਵਿੱਚ ਹੋਰ ਸਬੂਤ ਜੁਟਾਉਣ ਲਈ ਈਮੇਲ ਤੇ ਵਟਸਐਪ ਨੰਬਰ ਜਾਰੀ*

0
17

ਚੰਡੀਗੜ੍ਹ 10 ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ`ਤੇ ਪੰਜਾਬ ਸਰਕਾਰ ਵੱਲੋਂ ਗਠਿਤ ਨਵੀਂ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਵਿਜੀਲੈਂਸ ਭਵਨ, ਐਸ.ਏ.ਐਸ.ਨਗਰ ਵਿਖੇ ਪਲੇਠੀ ਮੀਟਿੰਗ ਕੀਤੀ ਜਿਸ ਵਿਚ ਕੋਟਕਪੂਰਾ ਦੀਆਂ ਘਟਨਾਵਾਂ ਦੀ ਡੂੰਘਾਈ ਨਾਲ ਪੜਤਾਲ ਕਰਨ ਦੇ ਢੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤੋਂ ਪਹਿਲਾਂ ਐਸ.ਆਈ.ਟੀ. ਇਸ ਸਬੰਧੀ ਪੁਲਿਸ ਅਤੇ ਕਾਨੂੰਨੀ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਵੱਖ ਵੱਖ ਮੀਟਿੰਗਾਂ ਵੀ ਕਰ ਚੁੱਕੀ ਹੈ।ਇਸ ਮਾਮਲੇ ਸਬੰਧੀ ਢੁਕਵੇਂ ਸਬੂਤ ਅਤੇ ਜਾਣਕਾਰੀ, ਜੋ ਪਹਿਲਾਂ ਪੇਸ਼ ਨਾ ਕੀਤੇ ਜਾ ਸਕੇ ਹੋਣ, ਇਕੱਤਰ ਕਰਨ ਅਤੇ ਹੋਰ ਕੋਈ ਵੀ ਸੁਝਾਅ ਪ੍ਰਾਪਤ ਕਰਨ ਦੇ ਉਦੇਸ਼ ਨਾਲ ਐਸ.ਆਈ.ਟੀ. ਨੇ ਇੱਕ ਈਮੇਲ  newsit2021kotkapuracase@gmail.com  ਅਤੇ ਇੱਕ ਵਟਸਐਪ ਨੰਬਰ 98759-83237 (ਬਿਨਾਂ ਕਾਲਿੰਗ ਸਹੂਲਤ) ਜਾਰੀ ਕੀਤਾ ਹੈ ਤਾਂ ਜੋ ਇਸ ਸਬੰਧੀ ਜਾਣਕਾਰੀ ਦੇਣ ਦਾ ਕੋਈ ਵੀ ਇਛੁੱਕ ਵਿਅਕਤੀ ਸਿੱਟ ਨੂੰ ਕੋਈ ਵਿਸ਼ੇਸ਼ ਵੇਰਵੇ ਜਾਂ ਦਸਤਾਵੇਜ਼ ਪੇਸ਼ ਕਰ ਸਕੇ ਅਤੇ ਮਾਮਲੇ ਦੀ ਪ੍ਰਭਾਵਸ਼ਾਲੀ ਢੰਗ ਨਾਲ ਨਿਰਪੱਖ ਜਾਂਚ ਕੀਤੀ ਜਾ ਸਕੇ।ਐਸ.ਆਈ.ਟੀ. ਨੇ ਭਰੋਸਾ ਦਿੱਤਾ ਹੈ ਕਿ ਮਾਨਯੋਗ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਥਾਣਾ ਕੋਟਕਪੂਰਾ ਵਿਖੇ ਦਰਜ ਐਫ.ਆਈ.ਆਰ. (ਨੰ. 192 ਮਿਤੀ 14-10-2015 ਅਤੇ ਨੰ. 129 ਮਿਤੀ 07-08-2018) ਸਬੰਧੀ ਜਾਂਚ ਜਿੰਨੀ ਛੇਤੀ ਸੰਭਵ ਹੋ ਸਕੇ, ਕੀਤੀ ਜਾਵੇਗੀ ਤਾਂ ਜੋ ਇਸਨੂੰ ਢੁੱਕਵੇਂ ਸਮੇਂ ਅੰਦਰ ਤਰਕਪੂਰਨ ਸਿੱਟੇ`ਤੇ ਲਿਜਾਇਆ ਜਾ ਸਕੇ।

NO COMMENTS