-ਐਨ.ਐਸ.ਐਸ. ਵਲੰਟੀਅਰਾਂ ਦੀਆਂ ਵੱਖ-ਵੱਖ ਯੁਨਿਟਾਂ ਵੱਲੋਂ ਤਿਆਰ 1500 ਮਾਸਕ ਡਿਪਟੀ ਕਮਿਸ਼ਨਰ ਨੂੰ ਕੀਤੇ ਸਪੁਰਦ

0
14

ਮਾਨਸਾ, 20 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ) : ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਚੱਲਦਿਆਂ ਇਸ ਦੇ ਪ੍ਰਕੋਪ ਨੂੰ ਰੋਕਣ ਲਈ ਹਰੇਕ ਵਿਅਕਤੀ ਲਈ ਮਾਸਕ ਪਹਿਣਨਾ ਬਹੁਤ ਜ਼ਰੂਰੀ ਹੈ ਅਤੇ ਐਨ.ਐਸ.ਐਸ. ਵਲੰਟੀਅਰਾਂ ਅਤੇ ਆਈ.ਟੀ.ਆਈ. ਤੋਂ ਇਲਾਵਾ ਹੋਰ ਵੀ ਸੰਸਥਾਵਾਂ ਵੱਲੋਂ ਮਾਸਕ ਤਿਆਰ ਕਰ ਕੇ ਸਮਾਜ ਸੇਵਾ ਦਾ ਅਹਿਮ ਕੰਮ ਕੀਤਾ ਜਾ ਰਿਹਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਕੀਤਾ। ਅੱਜ ਐਨ.ਐਸ.ਐਸ. ਵਲੰਟੀਅਰਾਂ ਅਤੇ ਆਈ.ਟੀ.ਆਈ. ਦੀਆਂ ਵਿਦਿਆਰਥਣਾਂ ਵੱਲੋਂ ਤਿਆਰ ਕੀਤੇ 1500 ਮਾਸਕ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ਼੍ਰੀ ਰਘਬੀਰ ਸਿੰਘ ਮਾਨ ਅਤੇ ਪ੍ਰਿੰਸੀਪਲ ਆਈ.ਟੀ.ਆਈ. ਸ਼੍ਰੀ ਹਰਵਿੰਦਰ ਭਾਰਦਵਾਜ ਨੇ ਡਿਪਟੀ ਕਮਿਸ਼ਨਰ ਨੂੰ ਸੌਂਪੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਘਰਾਂ ਵਿੱਚ ਰਹਿ ਕੇ ਹੀ ਖ਼ਤਮ ਕੀਤਾ ਜਾ ਸਕਦਾ ਹੈ ਅਤੇ ਜੇਕਰ ਕਿਸੇ ਅਤਿ ਜ਼ਰੂਰੀ ਕੰਮ ਲਈ ਬਾਹਰ ਨਿਕਲਣਾ ਵੀ ਪੈਂਦਾ ਹੈ ਤਾਂ ਮਾਸਕ ਪਹਿਣ ਕੇ ਅਤੇ ਸਮਾਜਿਕ ਦੂਰੀ ਬਣਾ ਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਆਈ.ਟੀ.ਆਈ. ਮਾਨਸਾ ਦੀਆਂ ਵਿਦਿਆਰਥਣਾਂ ਅਤੇ ਐਨ.ਐਸ.ਐਸ. ਵਲੰਟੀਅਰਾਂ ਵੱਲੋਂ ਲੋਕ ਭਲਾਈ ਹਿੱਤ ਤਿਆਰ ਕੀਤੇ ਜਾ ਰਹੇ ਮਾਸਕਾਂ ਲਈ ਉਹ ਸ਼ਲਾਘਾ ਦੇ ਹੱਕਦਾਰ ਹਨ।
ਸਹਾਇਕ ਡਾਇਰੈਕਟਰ ਸ਼੍ਰੀ ਰਘਬੀਰ ਸਿੰਘ ਮਾਨ ਨੇ ਦੱਸਿਆ ਕਿ ਪ੍ਰੋਗਰਾਮ ਅਫ਼ਸਰਾਂ ਦੀ ਨਿਗਰਾਨੀ ਹੇਠ ਐਨ.ਐਸ.ਐਸ. ਵਲੰਟੀਅਰਾਂ ਵੱਲੋਂ ਵੱਖ-ਵੱਖ ਥਾਵਾਂ ‘ਤੇ ਮਾਸਕ ਤਿਆਰ ਕਰ ਕੇ ਵੰਡੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸੇ ਤਹਿਤ ਪ੍ਰੋਗਰਾਮ ਅਫ਼ਸਰ ਪ੍ਰੋਫੈਸਰ ਬੀਰਬੰਤੀ ਕੌਰ ਖਾਲਸਾ ਕਾਲਜ ਫਫੜੇ ਭਾਈਕੇ ਵੱਲੋਂ 1000, ਗੁਰਪ੍ਰੀਤ ਕੌਰ ਮਾਈ ਭਾਗੋ ਸਕੂਲ ਰੱਲਾ ਵੱਲੋਂ 700, ਦਰਸ਼ਨ ਬਰੇਟਾ ਸਰਕਾਰੀ ਸਕੂਲ ਕੁਲਰੀਆਂ ਵੱਲੋਂ 500, ਕਰਨੈਲ ਸਿੰਘ ਸਰਕਾਰੀ ਸਕੂਲ ਬੀਰ ਹੋਡਲਾ ਵੱਲੋਂ 500, ਸੁਰਿੰਦਰ ਕੌਰ ਸਰਕਾਰੀ ਸਕੂਲ ਫੱਤਾ ਮਾਲੋਕਾ ਵੱਲੋਂ 500, ਹਰਪ੍ਰੀਤ ਮੂਸਾ ਸਰਕਾਰੀ ਸਕੂਲ ਮੂਸਾ ਵੱਲੋਂ 500, ਕਰਮਜੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਵੱਲੋਂ 500 ਅਤੇ ਬਲਵਿੰਦਰ ਸਿੰਘ ਸਰਕਾਰੀ ਸਕੂਲ ਬੋਹਾ ਵੱਲੋਂ 500 ਮਾਸਕ ਆਪਣੀ ਨਿਗਰਾਨੀ ਹੇਠ ਤਿਆਰ ਕਰਵਾ ਕੇ ਲੋਕਾਂ ਨੂੰ ਵੰਡੇ ਜਾ ਚੁੱਕੇ ਹਨ।
ਪ੍ਰਿੰਸੀਪਲ ਸਰਕਾਰੀ ਆਈ.ਟੀ.ਆਈ. ਮਾਨਸਾ ਸ਼੍ਰੀ ਹਰਵਿੰਦਰ ਭਾਰਦਵਾਜ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਲੋਕਾਂ ਦੇ ਬਚਾਅ ਲਈ ਉਨ੍ਹਾਂ ਵੱਲੋਂ ਪਹਿਲੇ ਗੇੜ ਅਧੀਨ 5000 ਮਾਸਕ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਤਹਿਤ ਅਧਿਆਪਕਾ ਸ਼੍ਰੀਮਤੀ ਕੁਲਵਿੰਦਰ ਕੌਰ ਅਤੇ ਅਧਿਆਪਕਾ ਸ਼੍ਰੀਮਤੀ ਰਮਨਪ੍ਰੀਤ ਕੌਰ ਦੀ ਅਗਵਾਈ ਹੇਠ ਆਈ.ਟੀ.ਆਈ. ਮਾਨਸਾ ਦੀਆਂ ਵਿਦਿਆਰਥਣਾਂ ਵੱਲੋਂ ਆਪਣੇ ਹੁਨਰ ਦੀ ਵਰਤੋਂ ਕਰਦਿਆਂ ਹੁਣ ਤੱਕ 3000 ਮਾਸਕ ਤਿਆਰ ਕਰ ਕੇ ਵੰਡਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅੱਜ 500 ਮਾਸਕ ਸਿਵਲ ਸਰਜਨ ਦਫ਼ਤਰ ਮਾਨਸਾ ਦੇ ਸਪੁਰਦ ਵੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਮਾਸਕ ਲੋੜਵੰਦ ਲੋਕਾਂ ਨੂੰ ਮੁਫ਼ਤ ਵੰਡੇ ਜਾਣਗੇ ਤਾਂ ਜੋ ਹਰ ਕੋਈ ਇਸ ਮਹਾਂਮਾਰੀ ਤੋਂ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਅ ਕਰ ਸਕੇ।
ਇਸ ਮੌਕੇ ਸ਼੍ਰੀ ਬਲਜੀਤ ਸਿੰਘ ਅਕਲੀਆ, ਸ਼੍ਰੀ ਹਰਪ੍ਰੀਤ ਮੂਸਾ ਅਤੇ ਆਈ.ਟੀ.ਆਈ. ਤੋਂ ਸ਼੍ਰੀ ਜਸਪਾਲ ਸਿੰਘ ਮੌਜੂਦ ਸਨ।

NO COMMENTS