*ਐਨਆਰਆਈ ਪਰਿਵਾਰ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ, ਬੱਚੇ ਸਣੇ ਚਾਰ ਮੌਤਾਂ*

0
107

ਡੇਰਾਬੱਸੀ 16,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ’ਤੇ ਲੰਘੀ ਰਾਤ  ਭਿਆਨਕ ਸੜਕ ਹਾਦਸੇ ਵਿੱਚ ਬੱਚੇ ਸਣੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਐਨਆਰਆਈ ਪਰਿਵਾਰ ਦਾ ਚਾਰ ਮਹੀਨੇ ਦਾ ਬੱਚਾ ਤੇ ਦੋ ਔਰਤਾਂ ਸ਼ਾਮਲ ਹੈ। ਹਾਦਸੇ ਵਿੱਚ ਦੂਜੀ ਕਾਰ ਸਵਾਰ ਵੀ ਇੱਕ ਵਿਅਕਤੀ ਦੀ ਮੌਤ ਹੋ ਗਈ, ਜਿਸ ਦੀ ਪਛਾਣ ਗੌਰਵ ਵਾਸੀ ਪਾਣੀਪਤ ਹਰਿਆਣਾ ਵਜੋਂ ਹੋਈ ਹੈ।

ਕੈਨੇਡਾ ਵਸਨੀਕ 57 ਸਾਲਾ ਦੇ ਦਵਿੰਦਰ ਸਿੰਘ ਧਾਮੀ ਹਾਲ ਵਾਸੀ ਕੋਠੀ ਨੰਬਰ 404 ਸੈਕਟਰ 80 ਮੁਹਾਲੀ ਨੇ ਦੱਸਿਆ ਕਿ ਉਹ ਕਿਰਾਏ ਦੀ ਟੈਕਸੀ ਵਿੱਚ ਆਪਣੀ ਪਤਨੀ, ਨੂੰਹ ਤੇ ਪੋਤਰਾ-ਪੋਤਰੀ ਨਾਲ ਹਰਿਆਣਾ ਤੋਂ ਵਿਆਹ ਸਮਾਗਮ ਵਿੱਚ ਹਿੱਸਾ ਲੈ ਕੇ ਲੰਘੀ ਰਾਤ ਵਾਪਸ ਆ ਰਿਹਾ ਸੀ। ਰਾਤ ਨੂੰ ਤਕਰੀਬਨ ਪੌਣੇ ਦੋ ਵਜੇ ਜਦ ਉਹ ਡੇਰਾਬੱਸੀ ਦੇ ਪਿੰਡ ਜਨੇਤਪੁਰ ਕੋਲ ਪਹੁੰਚੇ ਤਾਂ ਦੂਜੇ ਪਾਸੇ ਤੋਂ ਸਵੀਫ਼ਟ ਡਿਜ਼ਾਈਰ ਕਾਰ ਦੇ ਚਾਲਕ ਦਾ ਸੰਤੁਲਨ ਵਿਗੜ ਗਿਆ, ਜਿਸ ਦੀ ਕਾਰ ਬੇਕਾਬੂ ਹੋ ਕੇ ਪਲਟਦੀ ਹੋਈ ਸੜਕ ਵਿਚਕਾਰ ਡਿਵਾਈਡਰ ਨੂੰ ਪਾਰ ਕਰਦੇ ਹੋਏ ਉਨ੍ਹਾਂ ਦੀ ਕਾਰ ਵਿੱਚ ਜ਼ੋਰਦਾਰ ਟੱਕਰ ਮਾਰ ਦਿੱਤੀ।

ਹਾਦਸੇ ਵਿੱਚ ਉਸ ਦੀ 56 ਸਾਲਾ ਦੀ ਪਤਨੀ ਹਰਜੀਤ ਕੌਰ ਧਾਮੀ, 33 ਸਾਲਾ ਦੀ ਨੂੰਹ ਸ਼ਰਨਜੀਤ ਕੌਰ ਪਤਨੀ ਗੁਰਪ੍ਰਤਾਪ ਸਿੰਘ ਤੇ ਚਾਰ ਮਹੀਨੇ ਦਾ ਪੋਤਰਾ ਅਜੈਬ ਸਿੰਘ ਦੀ ਮੌਤ ਹੋ ਗਈ। ਦਵਿੰਦਰ ਸਿੰਘ ਨੇ ਦੱਸਿਆ ਕਿ ਉਹ ਡਰਾਈਵਰ ਦੇ ਨਾਲ ਵਾਲੀ ਸੀਟ ’ਤੇ ਬੈਠਾ ਸੀ ਤੇ ਪਿੱਛੇ ਬੈਠੀ ਉਸ ਦੀ ਤਿੰਨ ਸਾਲ ਦੀ ਪੋਤਰੀ ਹਰਲੀਵ ਕੌਰ ਜ਼ਖ਼ਮੀ ਹੋ ਗਏ ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

NO COMMENTS