ਮਾਨਸਾ, 29 ਜਨਵਰੀ (ਸਾਰਾ ਯਹਾਂ /ਮੁੱਖ ਸੰਪਾਦਕ): ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਡ ਦੇ ਰਾਮਾਮੰਡੀ—ਰੇਵਾੜੀ ਕਾਨ੍ਹਪੁਰ ਪਾਈਪਲਾਈਨ ਦੇ ਅਧਿਕਾਰੀਆਂ ਦੁਆਰਾ ਜਿ਼ਲ੍ਹਾ ਪ੍ਰਸ਼ਾਸਨ ਅਤੇ ਐਸ.ਐਸ.ਪੀ. ਮਾਨਸਾ ਦੀ ਅਗਵਾਈ ਵਿਚ ਆਫ਼ਤ ਪ੍ਰਬੰਧਨ ਨੂੰ ਲੈ ਕੇ ਮੌਕ ਡਰਿੱਲ ਕਰਵਾਈ ਗਈ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਖਪ੍ਰੀਤ ਸਿੰਘ ਸਿੱਧੂ, ਐਸ.ਐਸ.ਪੀ. ਸ੍ਰੀ ਸੁਰੇਂਦਰ ਲਾਂਬਾ, ਡੀ.ਐਸ.ਪੀ. ਸਰਦੂਲਗੜ੍ਹ ਸ੍ਰੀ ਅਮਰਜੀਤ ਸਿੰਘ ਮੌਜੂਦ ਸਨ।
ਪਿੰਡ ਫੱਤਾ ਮਾਲੋਕਾ ਵਿਖੇ ਕਰਵਾਈ ਇਸ ਮੌਕ ਡਰਿੱਲ ਵਿਚ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਜਿ਼ਲ੍ਹਾ ਫਾਇਰ ਸਰਵਿਸ ਅਤੇ ਸਿਹਤ ਵਿਭਾਗ ਦੁਆਰਾ ਵੀ ਹਿੱਸਾ ਲਿਆ ਗਿਆ।ਸ੍ਰੀ ਮਨੋਜ ਕੁਮਾਰ ਸ਼ਰਮਾ ਜਨਰਲ ਮੈਨੇਜ਼ਰ ਐਚ.ਪੀ.ਸੀ.ਐੱਲ. ਰਾਮਾਮੰਡੀ ਰਿਵਾੜੀ ਕਾਨ੍ਹਪੁਰ ਪਾਈਪਲਾਈਨ ਅਤੇ ਮੁੱਖ ਸਟੇਸ਼ਨ ਮੈਨੇਜ਼ਰ ਸ੍ਰੀ ਅਖ਼ਲਾਕ ਅਹਿਮਦ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਪਾਈਪਲਾਈਨ ਇਕ ਰਾਸ਼ਟਰੀ ਸੰਪਤੀ ਹੈ ਅਤੇ ਇਸ ਦੀ ਸੁਰੱਖਿਆ ਲਈ ਜਿ਼ਲ੍ਹਾ ਪੱਧਰ *ਤੇ ਅਜਿਹੇ ਅਭਿਆਸ ਕੀਤੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਤੇਲ ਪਾਈਪਲਾਈਨਾਂ ਬਹੁਤ ਹੀ ਜਲਣਸ਼ੀਲ ਪੈਟਰੋਲੀਅਮ ਪਦਾਰਥਾਂ ਨੂੰ ਸੁਰੱਖਿਅਤ ਰੂਪ ਵਿਚ ਸਪਲਾਈ ਕਰਦੀਆਂ ਹਨ। ਕਿਸੇ ਦੁਆਰਾ ਲਾਈਨ ਨੂੰ ਨੁਕਸਾਨ ਪਹੁੰਚਾਏ ਜਾਣ *ਤੇ ਜਾਨ ਮਾਲ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ।ਅਜਿਹੀਆਂ ਘਟਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਆਫ਼ਤ ਪ੍ਰਬੰਧਨ ਅਭਿਆਸ ਘੱਟੋ ਘੱਟ ਨੁਕਸਾਨ ਨੂੰ ਯਕੀਨੀ ਬਣਾਉਂਦਾ ਹੈ ਅਤੇ ਮੁੜ ਸੰਚਾਲਨ ਵਿਚ ਸਹਾਇਤਾ ਕਰਦਾ ਹੈ।
ਪੀ. ਐਂਡ ਐਮ.ਪੀ. ਐਕਟ ਅਜਿਹੇ ਨੁਕਸਾਨ ਲਈ ਉਮਰ ਕੈਦ ਅਤੇ ਮੌਦ ਦੀ ਸਜ਼ਾ ਦਾ ਵੀ ਪ੍ਰਬੰਧ ਕਰਦਾ ਹੈ। ਇਸ ਦੇ ਨਾਲ ਹੀ ਇਸ ਜ਼ੁਰਮ ਵਿਚ ਪੁਲਿਸ ਦੁਆਰਾ ਗੈਰ ਜ਼ਮਾਨਤੀ ਗ੍ਰਿਫ਼ਤਾਰੀ ਵੀ ਹੋ ਸਕਦੀ ਹੈ।
ਐਸ.ਐਸ.ਪੀ. ਸ੍ਰੀ ਸੁਰੇਂਦਰ ਲਾਂਬਾ ਦੁਆਰਾ ਡਰਿੱਲ ਦਾ ਨਿਰੀਖਣ ਕਰਨ ਉਪਰੰਤ ਅਧਿਕਾਰੀਆਂ ਨਾਲ ਨੁਕਤਿਆਂ ਤੇ ਵਿਚਾਰ ਵਟਾਂਦਰੇ ਕੀਤੇ ਅਤੇ ਐਚ.ਪੀ.ਸੀ.ਐਲ. ਦੁਆਰਾ ਪਾਈਪਲਾਈਨਾਂ ਦੀ ਸੁਰੱਖਿਆ ਲਈ ਨਿਰੰਤਰ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ।
• ਟੋਲ ਫਰੀ ਨੰਬਰ *ਤੇ ਦਿੱਤੀ ਜਾਵੇ ਸੂਚਨਾ
ਮੁੱਖ ਸਟੇਸ਼ਨ ਪ੍ਰਬੰਧਕ ਸ੍ਰੀ ਅਖ਼ਲਾਕ ਅਹਿਮਦ ਨੇ ਦੱਸਿਆ ਕਿ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਡ ਦੁਆਰਾ ਪੈਟਰੋਲ, ਡੀਜ਼ਲ ਅਤੇ ਮਿੱਟੀ ਦੇ ਤੇਲ ਦੀ ਸਪਲਾਈ ਲਈ ਜ਼ਮੀਨਦੋਜ ਪਾਈਪਲਾਈਨ ਦਬਾਈ ਗਈ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਜੇਕਰ ਕਿਤੇ ਵੀ ਪਾਈਪਾਈਨ *ਤੇ ਕੋਈ ਸ਼ੱਕੀ ਕਾਰਵਾਈ ਧਿਆਨ ਵਿਚ ਆਉਂਦੀ ਹੈ ਤਾਂ ਤੁਰੰਤ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਡ ਦੇ ਟੋਲ ਫਰੀ ਨੰਬਰ 1800-180-1276 *ਤੇ ਸੂਚਨਾ ਦੇਣ।