ਏ.ਸੀ.ਪੀ. ਕੋਹਲੀ ਦੇ ਪੁੱਤਰ ਨੂੰ ਗਰੈਜੂਏਸ਼ਨ ਤੋਂ ਬਾਅਦ ਪੰਜਾਬ ਪੁਲਿਸ ’ਚ ਐਸਆਈ ਨਿਯੁਕਤ ਕਰਨ ਦੀ ਪ੍ਰਵਾਨਗੀ :ਡੀਜੀਪੀ ਗੁਪਤਾ

0
83

ਚੰਡੀਗੜ੍ਹ 30 ਅਪ੍ਰੈਲ ( ਸਾਰਾ ਯਹਾ,ਬਲਜੀਤ ਸ਼ਰਮਾ))ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਕਾਰਨ ਆਪਣੀ ਜਾਨ ਗਵਾਉਣ ਵਾਲੇ ਏ.ਸੀ.ਪੀ. ਅਨਿਲ ਕੋਹਲੀ ਦੇ ਛੋਟੇ ਲੜਕੇ ਨੂੰ ਉਸ ਦੀ ਗਰੈਜੂਏਸ਼ਨ ਮੁਕੰਮਲ ਹੋਣ ਤੋਂ ਬਾਅਦ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਨਿਯੁਕਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ।

117 ਡੀ.ਐਸ.ਪੀਜ਼, 382 ਐਸ.ਐਚ.ਓਜ਼, ਏ.ਡੀ.ਜੀ.ਪੀਜ਼, ਆਈ.ਜੀਜ਼, ਐਸ.ਐਸ.ਪੀਜ਼ ਤੇ ਐਸ.ਪੀਜ਼ ਸਣੇ ਫੀਲਡ ਵਿੱਚ ਮੋਹਰੀ ਕਤਾਰ ‘ਚ ਡਟੇ ਅਫਸਰਾਂ ਤੇ ਕਰਮਚਾਰੀਆਂ ਨਾਲ ਬੁੱਧਵਾਰ ਨੂੰ ਪਹਿਲੀ ਵੀਡਿਓ ਕਾਨਫਰੰਸ ਵਿੱਚ ਡੀ.ਜੀ.ਪੀ. ਦਿਨਕਰ ਗੁਪਤਾ ਨੇ ਖੁਲਾਸਾ ਕੀਤਾ ਕਿ ਏ.ਸੀ.ਪੀ. ਦੇ ਲੜਕੇ ਪਾਰਸ ਨੂੰ ਸ਼ਰਤ ‘ਤੇ ਨਿਯੁਕਤੀ ਪੱਤਰ ਦੇ ਦਿੱਤਾ ਹੈ ਜਿਸ ਉਤੇ ਉਸ ਨੇ ਵੀ ਸਹੀ ਪਾ ਦਿੱਤੀ ਹੈ ਜਿਸ ਅਨੁਸਾਰ ਉਸ ਨੂੰ ਗਰੈਜੂਏਸ਼ਨ ਮੁਕੰਮਲ ਹੋਣ ‘ਤੇ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਨਿਯੁਕਤ ਕਰ ਦਿੱਤਾ ਜਾਵੇਗਾ। ਡੀ.ਜੀ.ਪੀ. ਨੇ ਦੱਸਿਆ ਕਿ ਮੁੱਖ ਮੰਤਰੀ ਕੋਵਿਡ ਖਿਲਾਫ ਜੰਗ ਵਿੱਚ ਡਟੇ ਪੁਲਿਸ ਕਰਮੀਆਂ ਦੀ ਸਿਹਤ ਤੇ ਭਲਾਈ ਲਈ ਅਤਿਅੰਤ ਸਹਾਇਤਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਆਪਣੇ ਕਰਮੀਆਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇਸ਼ ਭਰ ਦੇ ਮੁੱਖ ਮੰਤਰੀਆਂ ਵਿੱਚੋਂ ਪਹਿਲੇ ਹਨ ਜਿਨ੍ਹਾਂ ਪੰਜਾਬ ਪੁਲਿਸ ਦੇ ਕਰਮਚਾਰੀਆਂ ਲਈ 50 ਲੱਖ ਰੁਪਏ ਦਾ ਸਿਹਤ ਬੀਮਾ ਐਲਾਨਿਆ ਹੈ। ਡੀ.ਜੀ.ਪੀ. ਨੇ ਦੱਸਿਆ ਕਿ ਉਨ੍ਹਾਂ ਨੇ ਸੂਬਾ ਸਰਕਾਰ ਨੂੰ ਇਹ ਪ੍ਰਸਤਾਵ ਦਿੱਤਾ ਹੈ ਕਿ ਜਿਹੜਾ ਪੁਲਿਸ ਕਰਮੀ ਕੋਵਿਡ-19 ਨਾਲ ਜਾਨ ਗਵਾਉਂਦਾ ਹੈ, ਉਸ ਦੇ ਪਰਿਵਾਰ ਨੂੰ ਉਸ ਦੀ ਸੇਵਾ ਮੁਕਤੀ ਵਾਲੇ ਦਿਨ ਤੱਕ ਪੈਨਸ਼ਨ ਵਜੋਂ ਪੂਰੀ ਤਨਖਾਹ ਦਿੱਤੀ ਜਾਵੇ।

ਡੀ.ਜੀ.ਪੀ. ਨੇ ਅੱਗੇ ਖੁਲਾਸਾ ਕੀਤਾ ਕਿ ਪੁਲਿਸ ਕਮਿਸ਼ਨਰਜ਼ ਤੇ ਐਸ.ਐਸ.ਪੀਜ਼ ਨੂੰ ਕਿਹਾ ਗਿਆ ਹੈ ਕਿ ਉਹ ਵਧੀਕ ਐਸ.ਐਚ.ਓਜ਼ ਦੀ ਸ਼ਨਾਖਤ ਕਰ ਲੈਣ ਤਾਂ ਜੋ ਇਸ ਲੰਬੀ ਚੱਲਣ ਵਾਲੀ ਲੜਾਈ ਲਈ ਲੋੜ ਵਾਸਤੇ ਮੌਜੂਦਾ ਐਸ.ਐਚ.ਓਜ਼ ਨੂੰ ਅਰਾਮ ਦਿੱਤਾ ਜਾ ਸਕੇ।

ਕੱਲ ਤੋਂ ਕਰਫਿਊ ਵਿੱਚ ਢਿੱਲਾਂ ਦਿੱਤੇ ਜਾਣ ਸਬੰਧੀ ਮੁੱਖ ਮੰਤਰੀ ਦੇ ਐਲਾਨ ਦਾ ਜ਼ਿਕਰ ਕਰਦਿਆਂ ਡੀ.ਜੀ.ਪੀ. ਨੇ ਫੋਰਸ ਨੂੰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਅਤੇ ਮਾਸਕ ਦੀ ਵਰਤੋਂ ਅਤੇ ਇੱਕ ਦੂਜੇ ਤੋਂ ਸਮਾਜਿਕ ਦੂਰੀ ਬਣਾਈ ਰੱਖਣ ਸਮੇਤ ਕੋਵਿਡ ਸੇਫਟੀ ਪ੍ਰੋਟੋਕਲ ਦੀ ਉਲੰਘਣਾ ਜਾਂ ਕਿਸੇ ਵੀ ਭੀੜ-ਭੜੱਕੇ ‘ਤੇ ਸਖ਼ਤ ਨਿਗਰਾਨੀ ਰੱਖਣ ਲਈ ਕਿਹਾ। ਸ੍ਰੀ ਗੁਪਤਾ ਨੇ ਐਸ.ਐਚ.ਓਜ਼ ਨੂੰ ਸਥਾਨਕ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਕੱਲ ਤੋਂ ਸਵੇਰੇ 7 ਵਜੇ ਤੋਂ 11 ਵਜੇ ਤੱਕ ਦੁਕਾਨਾਂ ਖੋਲਣ ਲਈ ਰੋਟੇਸ਼ਨ ਸਕੀਮ ਬਣਾਉਣ ਲਈ ਕਿਹਾ।

ਵਾਹਨਾਂ ਦੀ ਆਵਾਜਾਈ ‘ਤੇ ਨਿਰੰਤਰ ਪਾਬੰਦੀਆਂ ਬਾਰੇ ਘੋਸ਼ਣਾਵਾਂ ਅਤੇ ਬਜ਼ੁਰਗ ਲੋਕਾਂ ਨੂੰ ਘਰੋਂ ਬਾਹਰ ਨਾ ਜਾਣ ਦੀ ਸਲਾਹ ਦਿੰਦਿਆਂ ਸੁਝਾਅ ਦਿੱਤਾ ਕਿ ਕਰਫਿਊ ‘ਚ ਢਿੱਲ ਦੇ ਸਮੇਂ ਦੌਰਾਨ ਇੱਕ ਘਰ ਦੇ ਸਿਰਫ਼ ਇੱਕ ਵਿਅਕਤੀ ਨੂੰ ਬਾਹਰ ਜਾਣ ਦੀ ਆਗਿਆ ਦਿੱਤੀ ਜਾਵੇ।  ਡੀ.ਜੀ.ਪੀ. ਨੇ ਕਿਹਾ ਕਿ ਕੰਟੇਨਟਮੈਂਟ ਜ਼ੋਨਾਂ ਵਿਚ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਦੀ ਆਗਿਆ ਨਹੀਂ ਹੋਣੀ ਚਾਹੀਦੀ। ਉਨ੍ਹਾਂ  ਅੱਗੇ ਕਿਹਾ ਕਿ ਸਰਹੱਦਾਂ ਸੀਲ ਰਹਿਣਗੀਆਂ ਅਤੇ ਸਿਰਫ ਸਰਕਾਰੀ ਬੱਸਾਂ ਨੂੰ ਅੰਤਰ-ਰਾਜ ਚਲਾਉਣ ਦੀ ਆਗਿਆ ਦਿੱਤੀ ਗਈ ਹੈ।


NO COMMENTS