ਮਾਨਸਾ, 14 ਨਵੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਪਿੰਡ ਮੰਢਾਲੀ ਦੇ ਅਵਤਾਰ ਸਿੰਘ ਅਤੇ ਉਹਨਾ ਦੀ ਧਰਮਪਤਨੀ ਸਰਦਾਰਨੀ ਜਗਮੀਤ ਕੌਰ ਦੀ ਲਾਡਲੀ ਅਤੇ ਹੋਣਹਾਰ ਧੀ ਪਰਨੀਤ ਕੌਰ ਨੇ ਚੀਨ ਦੇ ਸ਼ਹਿਰ ਹਾਂਗਜੂ ਵਿੱਚ ਹੋਈਆਂ ਏਸ਼ੀਅਨ ਖੇਡਾਂ ਵਿੱਚ ਤੀਰ ਅੰਦਾਜੀ਼ ਵਿੱਚ ਗੋਲਡ ਮੈਡਲ ਜਿੱਤ ਕਿ ਆਪਣੇ ਮਾਤਾ ਪਿਤਾ, ਪਿੰਡ, ਹਲਕੇ ਜ਼ਿਲ੍ਹਾ ਮਾਨਸਾ ਜਾਂ ਸੂਬੇ ਦਾ ਹੀ ਨਹੀਂ ਸਗੋਂ ਪੂਰੇ ਦੇਸ਼ ਦਾ ਨਾਮ ਪੂਰੀ ਦੁਨੀਆ ਵਿੱਚ ਚਮਕਾਇਆ ਹੈ। ਪਰਨੀਤ ਕੌਰ ਦਾ ਕੱਲ੍ਹ ਪਰਿਵਾਰ ਸਮੇਤ ਪਿੰਡ ਮੰਢਾਲੀ ਪੁੱਜਣ ਤੇ ਪਿੰਡ ਨਿਵਾਸੀਆਂ, ਇਲਾਕਾ ਨਿਵਾਸੀਆਂ ਅਤੇ ਕਾਰਜਕਾਰੀ ਪ੍ਰਧਾਨ ਐਮ ਐਲ ਏ ਪ੍ਰਿੰਸੀਪਲ ਬੁੱਧ ਰਾਮ ਜੀ, ਚਰਨਜੀਤ ਸਿੰਘ ਅੱਕਾਵਾਲੀ ਜ਼ਿਲ੍ਹਾ ਪ੍ਰਧਾਨ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮਾਨਸਾ, ਗੁਰਪ੍ਰੀਤ ਸਿੰਘ ਬਣਾਂਵਾਲੀ MLA ਸਰਦੂਲਗੜ੍ਹ ਅਤੇ ਵੱਖ- ਵੱਖ ਸਮਾਜਕ ਸਖਸ਼ੀਅਤਾਂ ਅਤੇ ਅਧਿਆਪਕ ਵਰਗ ਦੇ ਲੋਕਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਹੋਣਹਾਰ ਧੀ ਨੂੰ ਸਨਮਾਨਿਤ ਕਰਦੇ ਹੋਏ ਹਲਕਾ ਵਿਧਾਇਕ ਬੁਢਲਾਡਾ ਦੇ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਸਾਨੂੰ ਮਾਣ ਹੁੰਦਾ ਜਦੋਂ ਸਾਡੇ ਪੱਛੜੇ ਕਹੇ ਜਾਣ ਵਾਲੇ ਇਲਾਕੇ ਦੇ ਬੱਚੇ ਆਪਣਾਂ ਅਤੇ ਜ਼ਿਲ੍ਹਾ ਮਾਨਸਾ ਦਾ ਨਾਮ ਪੂਰੀ ਦੁਨੀਆ ਵਿੱਚ ਚਮਕਾਉਂਦੇ ਹਨ। ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਅਜਿਹੇ ਹੋਣਹਾਰ ਬੱਚਿਆਂ ਨੂੰ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਕਰਦੇ ਹੋਏ ਆਪਣੇ ਆਪ ਤੇ ਵੀ ਮਾਣ ਮਹਿਸੂਸ ਹੁੰਦਾ ਹੈ। ਅੰਤ ਵਿੱਚ ਚਰਨਜੀਤ ਸਿੰਘ ਅੱਕਾਂਵਾਲੀ ਨੇ ਆਏ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਪਰਨੀਤ ਕੌਰ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸਾਡੇ ਮਾਨਸਾ ਜ਼ਿਲ੍ਹੇ ਦੇ ਹੋਣਹਾਰ ਬੱਚਿਆਂ ਨੇ ਮਾਨਸਾ ਨੇ ਪੜ੍ਹਾਈ ਅਤੇ ਖੇਡਾਂ ਵਿੱਚ ਮੱਲਾਂ ਮਾਰੀਆਂ ਹਨ। ਮੇਰੇ ਕੋਲ ਉਨ੍ਹਾਂ ਦੇ ਮਾਣ ਸਨਮਾਨ ਦੇ ਲਈ ਕੋਈ ਸ਼ਬਦ ਨਹੀਂ। ਮੈਂ ਪਰਨੀਤ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਾ ਹਾਂ ਜਿਨ੍ਹਾਂ ਦੀ ਮਿਹਨਤ ਸਦਕਾ ਹੁਣ ਤੱਕ 20 ਤੋਂ ਵੱਧ ਅੰਤਰ ਰਾਸ਼ਟਰੀ ਮੈਡਲ ਜਿੱਤ ਕੇ ਆਪਣੀ ਪਰਿਤਭਾ ਸਾਰੀ ਦੁਨੀਆਂ ਨੂੰ ਦਿਖਾ ਦਿੱਤੀ ਹੈ ਅਤੇ ਅੱਜ ਪਿੰਡ ਮੰਢਾਲੀ ਦਾ ਨਾਮ ਪੂਰੀ ਦੁਨੀਆ ਵਿੱਚ ਚਮਕਾ ਦਿੱਤਾ ਹੈ।