*ਏਡਜ਼ ਦੇ ਬਚਾਅ ਸਬੰਧੀ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਨੂੰ ਕੀਤਾ ਜਾਗਰੂਕ*

0
11

ਮਾਨਸਾ, 02 ਦਸੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ): ਵਿਸ਼ਵ ਏਡਜ਼ ਦਿਵਸ ਮੌਕੇ ਲੋਕਾਂ ਨੂੰ ਏਡਜ਼ ਤੋਂ ਬਚਾਅ ਸਬੰਧੀ ਜਾਗਰੂਕ ਕਰਨ ਲਈ ਜ਼ਿਲ੍ਹੇ ਵਿੱਚ ਵੱਖ ਵੱਖ ਸਿਹਤ ਸੰਸਥਾਵਾਂ ਵਿੱਚ ਜਾਗਰੂਕਤਾ ਕੈਂਪ ਲਗਾਏ ਗਏ। ਸਿਵਲ ਸਰਜਨ ਡਾ. ਹਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਏਡਜ਼ ਇੱਕ ਲਾ ਇਲਾਜ਼ ਬਿਮਾਰੀ ਹੈ ਅਤੇ ਪਰਹੇਜ਼ ਹੀ ਇਸਦਾ ਇਲਾਜ ਹੈ। ਉਨ੍ਹਾਂ ਦੱਸਿਆ ਕਿ ਦੂਸ਼ਿਤ ਸੂਈ ਜਾਂ ਸਰਿੰਜ ਦੀ ਵਰਤੋਂ, ਦੂਸ਼ਿਤ ਖੂਨ ਚੜ੍ਹਾਉਣ ਨਾਲ, ਗੈਰ ਸਰੀਰਕ ਸਬੰਧਾਂ ਅਤੇ ਏਡਜ਼ ਪੀੜ੍ਹਤ ਮਾਂ ਤੋਂ ਬੱਚੇ ਨੂੰ ਏਡਜ਼ ਹੋ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਏਡਜ਼ ਦੇ ਮਰੀਜ਼ਾਂ ਦੀ ਗਿਣਤੀ 24 ਲੱਖ ਦੇ ਕਰੀਬ ਹੈ। ਡਬਲਯੂ. ਐਚ.ਓ. ਸਿਹਤ ਸੰਸਥਾ ਵੱਲੋਂ 2030 ਤੱਕ ਏਡਜ਼ ਖ਼ਤਮ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਡਾ. ਸ਼ਰਮਾ ਨੇ ਦੱਸਿਆ ਕਿ ਏਡਜ ਪੀੜਤ ਦੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਏਡਜ਼ ਦੇ 89979 ਮਰੀਜ਼ ਹਨ, ਜਦਕਿ 2400 ਬੱਚੇ ਐਚ.ਆਈ.ਵੀ. ਤੋਂ ਪੀੜਤ ਹਨ। ਸਕੂਲਾਂ ਕਾਲਜਾਂ, ਗਲੀ, ਮੁਹੱਲਿਆਂ, ਸੱਥਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਮਕਸਦ ਏਡਜ਼ ਸਬੰਧੀ ਜਾਗਰੂਕਤਾ ਫੈਲਾਉਣਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਛੇ ਮਹੀਨਿਆਂ ਦੌਰਾਨ ਪੰਜਾਬ ਵਿੱਚ 267 ਏਡਜ਼ ਪੀੜਤ ਔਰਤਾਂ ਦੇ ਜਣੇਪੇ ਵਿੱਚੋਂ ਸਿਰਫ ਇੱਕ ਬੱਚਾ ਹੀ ਐਚ.ਆਈ.ਵੀ. ਪੀੜਤ ਪਾਇਆ ਗਿਆ ਹੈ। ਪੰਜਾਬ ਏਡਜ਼ ਕੰਟਰੋਲ ਸੋਸਾਇਟੀ ਦੁਆਰਾ ਸੂਬੇ ਵਿੱਚ 19 ਸੈਂਟਰਾਂ ਤੋਂ ਏਡਜ਼ ਪੀੜਤ ਮਰੀਜਾਂ ਨੂੰ ਬਿਲਕੁਲ ਮੁਫਤ ਦਵਾਈ ਦਿੱਤੀ ਜਾਂਦੀ ਹੈ ਅਤੇ 115 ਥਾਵਾਂ ’ਤੇ ਏਡਜ਼ ਦੀ ਜਾਂਚ ਬਿਲਕੁਲ ਮੁਫਤ ਕੀਤੀ ਜਾਂਦੀ ਹੈ।
ਵਿਜੈ ਕੁਮਾਰ ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਚ.ਆਈ.ਵੀ.ਪੀੜਤ ਵਿਅਕਤੀ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ ਜਿਸ ਕਰਕੇ ਉਸ ਨੂੰ ਕੋਈ ਵੀ ਬਿਮਾਰੀ ਜੇਕਰ ਹੋ ਜਾਵੇ ਤਾਂ ਉਹ ਠੀਕ ਨਹੀਂ ਹੁੰਦੀ, ਜਿਵੇਂ ਕਿ ਖੰਘ, ਜੁਖ਼ਾਮ, ਬੁਖਾਰ ਜਾਂ ਕੋਈ ਹੋਰ ਬਿਮਾਰੀ ਅਤੇ ਜਿਸ ਕਰਕੇ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਕੱਠੇ ਬੈਠਣ ਨਾਲ, ਇਕੱਠੇ ਖਾਣ ਪੀਣ ਨਾਲ, ਇਕੱਠੇ ਸਫਰ ਕਰਨ ਨਾਲ, ਹੱਥ ਮਿਲਾਉਣ ਨਾਲ ਜਾਂ ਕੱਪੜੇ ਬਦਲ ਕੇ ਪਾਉਣ ਨਾਲ ਇਹ ਬਿਮਾਰੀ ਨਹੀਂ ਹੁੰਦੀ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਨਵਰੂਪ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਣਜੀਤ ਸਿੰਘ ਰਾਏ, ਪਵਨ ਕੁਮਾਰ, ਦਰਸ਼ਨ ਸਿੰਘ, ਕ੍ਰਿਸ਼ਨ ਕੁਮਾਰ, ਅਵਤਾਰ ਸਿੰਘ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ, ਜਗਦੇਵ ਸਿੰਘ ਜ਼ਿਲ੍ਹਾ ਕਮਿਊਨਿਟੀ ਮੋਬਲਾਈਜ਼ਰ, ਗੁਰਜੰਟ ਸਿੰਘ ਤੇ ਕੇਵਲ ਸਿੰਘ ਏ.ਐਮ.ਓ., ਰਵਿੰਦਰ ਕੁਮਾਰ, ਗੀਤਾ ਗੁਪਤਾ, ਸੰਦੀਪ ਸਿੰਘ, ਵਰਿੰਦਰ ਮਹਿਤਾ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ ਕਰਮਚਾਰੀ ਅਤੇ ਆਮ ਲੋਕ ਮੌਜੂਦ ਸਨ।

NO COMMENTS