ਭੋਗ ਤੇ ਵਿਸ਼ੇਸ਼
ਉੱਚਾ ਲੰਬਾ ਕੱਦ, ਸਾਦਗੀ ਵਾਲਾ ਪਹਿਰਾਵਾ,ਸਿਰ ਤੇ ਪੱਗ ਦਾ ਸੱਜਦਾ ਤਾਜ, ਦਮਦਾਰ ਠੋਸ ਆਵਾਜ਼, ਜਨੇਊ ਧਾਰੀ, ਨਿੱਡਰ ਅਤੇ ਹਰੇਕ ਦਾ ਆਪਣਾ, ਕਈ ਵਿਅਕਤੀਆਂ ਦਾ ਕਾਰਜ ਇੱਕਲਾ ਕਰਨ ਵਿੱਚ ਸਮਰੱਥ ਅਤੇ ਮਾਨਸਾ ਬ੍ਰਾਹਮਣ ਸਮਾਜ ਦੇ ਭੀਸ਼ਮ ਪਿਤਾਮਾ ਸਨ, ਸਤਿਕਾਰਯੋਗ ਸ਼੍ਰੀ ਰਾਮ ਲਾਲ ਸ਼ਰਮਾ ਜੀ, ਜਿੰਨ੍ਹਾਂ ਦਾ ਜਨਮ ਉੱਚ ਕੋਟੀ ਦੇ ਵਿਦਵਾਨ ਪੰਡਿਤ ਜਗਦੀਸ਼ ਰਾਮ ਸ਼ਰਮਾ ਜੀ ਦੇ ਘਰ ਮਾਤਾ ਕਲਾਵੰਤੀ ਜੀ ਦੀ ਕੁੱਖੋਂ ਪਿੰਡ ਕੋਟ ਧਰਮੂ ਵਿਖੇ ਹੋਇਆ
ਮੁੱਢਲੀ ਵਿੱਦਿਆ ਪਿੰਡੋਂ ਅਤੇ ਭੰਮੇ ਕਲਾਂ ਤੋਂ ਪ੍ਰਾਪਤ ਕੀਤੀ ਅਤੇ ਉੱਚ ਵਿੱਦਿਆ ਲਈ ਆਪਣੇ ਮਾਪਿਆਂ ਅਤੇ ਛੋਟੇ ਵੀਰ ਹਰਭਗਵਾਨ ਦਾਸ ਸ਼ਰਮਾ ਸਮੇਤ ਮਾਨਸਾ ਸ਼ਹਿਰ ਆਕੇ ਰਹਿਣ ਲੱਗੇ ਅਤੇ ਖ਼ਾਲਸਾ ਹਾਈ ਸਕੂਲ ਮਾਨਸਾ ਤੋਂ ਉੱੱਚ ਵਿੱਦਿਆ ਪ੍ਰਾਪਤ ਕੀਤੀ,ਫ਼ਿਰ ਪ੍ਰਾਈਵੇਟ ਨੌਕਰੀ ਕਰਕੇ ਅਤੇ ਛੋਟੇ ਵੀਰ ਨੇ ਬਿਜਲੀ ਬੋਰਡ ਵਿੱਚ ਨੌਕਰੀ ਕਰਕੇ ਪਿਤਾ ਦਾ ਹੱਥ ਵਟਾਉਣ ਸ਼ੁਰੂ ਕੀਤਾ।
ਆਪ ਜੀ ਸ਼ਾਦੀ ਤਪਾ ਮੰਡੀ ਵਿਖੇ ਪਿਤਾ ਬਾਬੂ ਰਾਮ ਸ਼ਰਮਾ ਜੀ ਅਤੇ ਮਾਤਾ ਦਯਾਵੰਤੀ ਦੇਵੀ ਜੀ ਦੀ ਸੰਸਕਾਰੀ ਅਤੇ ਮਿੱਠ ਬੋਲੜੀ ਧੀ ਲਕਸ਼ਮੀ ਦੇਵੀ ਜੀ ਨਾਲ ਸੰਪੰਨ ਹੋਈ।
ਆਪ ਜੀ ਦੀ ਪਰਿਵਾਰਕ ਫੁਲਵਾੜੀ ਵਿੱਚ ਚਾਰ ਧੀਆਂ ਅਤੇ ਇੱਕ ਪੁੱਤਰ ਰੂਪੀ ਫੁੱਲ ਖਿੜੇ, ਅਚਾਨਕ ਇੰਨ੍ਹਾਂ ਦੀ ਹਮਸਫ਼ਰ ਇਨ੍ਹਾਂ ਦਾ ਸਾਥ ਛੱਡ ਕੇ ਪ੍ਰਮਾਤਮਾ ਦੀ ਗੋਦ ਵਿੱਚ ਚਲੀ ਗਈ,ਪਰ ਫ਼ਿਰ ਵੀ ਪੂਰੀ ਊਰਜਾ ਨਾਲ ਕਬੀਲਦਾਰੀ ਦੀ ਗੱਡੀ ਤੋਰਦੇ ਰਹੇ। ਸਾਥੀ ਦੇ ਸਾਥ ਛੱਡਣ ਤੋਂ ਬਾਅਦ ਸਾਰੇ ਬੱਚਿਆਂ ਦੀ ਪਰਵਰਿਸ਼ ਅਤੇ ਸ਼ਾਦੀ ਰਸੂਖ਼ ਦਾਰ ਪਰਿਵਾਰਾਂ ਵਿੱਚ ਕੀਤੀ।
ਆਪ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ। ਬ੍ਰਾਹਮਣ ਸਭਾ ਮਾਨਸਾ ਦੇ ਨਿਰਮਾਣ ਵਿੱਚ ਪੂਰਨ ਯੋਗਦਾਨ ਪਾਇਆ ਅਤੇ ਕਾਫ਼ੀ ਲੰਬਾ ਸਮਾਂ ਪ੍ਰਧਾਨ ਪਦ ਤੇ ਰਹਿਕੇ ਸਭਾ ਦੀ ਸੇਵਾ ਕੀਤੀ।
ਮਾਤਾ ਮਾਈਸਰਖਾਨਾ ਪਦ ਯਾਤਰਾ ਮੰਡਲ ਮਾਨਸਾ, ਭਗਵਾਨ ਸ਼੍ਰੀ ਪਰਸ਼ੁੂਰਾਮ ਸੰਕੀਰਤਨ ਮੰਡਲ ਮਾਨਸਾ ਦੇ ਅੰਤਿਮ ਸਮੇਂ ਤੱਕ ਪ੍ਰਧਾਨ ਰਹੇ ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਦੇ ਕਾਰਜਕਾਰਨੀ ਮੈਂਬਰ ਅਤੇ ਸ਼੍ਰੀ ਸਨਾਤਨ ਧਰਮ ਪ੍ਰਚਾਰ ਸੰਮਤੀ ਮਾਨਸਾ ਅਤੇ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਮਾਨਸਾ ਦੇ ਸਰਪ੍ਰਸਤ ਰਹੇ ਅਤੇ ਕਈ ਹੋਰ ਸੰਸਥਾਵਾਂ ਵਿੱਚ ਵੀ ਪ੍ਰਮੁੱਖ ਅਹੁਦੇਦਾਰ ਰਹੇ । ਆਪ ਜੀ ਨੇ ਮਾਈਸਰਖਾਨਾ ਵਿਖੇ ਲੜਕੀਆਂ ਦੇ ਬੀ.ਐੱਡ ਕਾਲਜ਼ ਬਣਾਉਣ ਵਿੱਚ ਬਹੁਤ ਬਹੁਮੁੱਲਾ ਯੋਗਦਾਨ ਪਾਇਆ।
ਮਾਨਸਾ ਜ਼ਿਲ੍ਹੇ ਵਿੱਚ ਪਹਿਲਾ ਅਤਿ ਸੁੰਦਰ ਭਗਵਾਨ ਸ਼੍ਰੀ ਪਰਸ਼ੁੂਰਾਮ ਮੰਦਰ ਅਤੇ ਭਗਵਾਨ ਸ਼੍ਰੀ ਪਰਸ਼ੁੂਰਾਮ ਗਊਸ਼ਾਲਾ ਦਾ ਨਿਰਮਾਣ ਆਪਣੀ ਮਿਹਨਤ ਲਗਨ ਅਤੇ ਸਾਰੇ ਸਮਾਜ ਨੂੰ ਨਾਲ਼ ਲੈਕੇ ਕੀਤਾ ਜਿਸ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।
ਇੱਕ ਪੁੱਤਰੀ ਦੀ ਬੇਵਕਤ ਮੌਤ ਨੇ ਇਨ੍ਹਾਂ ਨੂੰ ਅੰਦਰ ਤੱਕ ਝੰਜੋੜ ਦਿੱਤਾ ਪਰ ਫ਼ਿਰ ਵੀ ਇਸ ਊਰਜਾਵਾਨ, ਸਹਿਣਸ਼ੀਲਤਾ ਦੀ ਮੂਰਤ ਅਤੇ ਦੂਰ ਅੰਦੇਸ਼ੀ ਸੋਚ ਦੇ ਮਾਲਕ ਨੇ ਉਸ ਦੁੱਖ ਨੂੰ ਆਪਣੇ ਉੱਪਰ ਭਾਰੀ ਨਾ ਪੈਣ ਦਿੱਤਾ।
ਅਖ਼ੀਰ 12 ਮਈ 2023 ਦਿਨ ਸ਼ੁੱਕਰਵਾਰ ਨੂੰ ਇਹ ਮਹਾਨ ਸ਼ਖ਼ਸੀਅਤ ਪਰਮਾਤਮਾ ਦੁਆਰਾ ਬਖਸ਼ੀ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।
ਸਵ. ਸ਼੍ਰੀ ਰਾਮ ਲਾਲ ਸ਼ਰਮਾ ਜੀ ਨਮਿਤ ਰੱਖੇ ਗਏ ਸ਼੍ਰੀ ਗਰੁੜ ਪੁਰਾਣ ਜੀ ਦੇ ਪਾਠ ਦਾ ਭੋਗ ਮਿਤੀ 21 ਮਈ 2023 ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਤੋਂ 01 ਵਜੇ ਤੱਕ ਸ਼ਾਂਤੀ ਭਵਨ ਸ਼੍ਰੀ ਰਾਮ ਬਾਗ਼ ਦੇ ਬੈਕ ਸਾਈਡ ਪੁਰਾਣੀ ਸਬਜ਼ੀ ਮੰਡੀ ਰੋਡ ਮਾਨਸਾ ਵਿਖੇ ਪਵੇਗਾ।