ਬਠਿੰਡਾ 31ਮਈ(ਸਾਰਾ ਯਹਾਂ/ਮਹਿਤਾ ਅਮਨ)ਮਿਹਨਤੀ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ( ਸੈ: ਸਿੱ:) ਇਕਬਾਲ ਸਿੰਘ ਬੁੱਟਰ ਦੀ ਸੇਵਾ ਮੁਕਤੀ ਮੌਕੇ ਸ਼ਾਨਦਾਰ ਵਿਦਾਇਗੀ ਅਤੇ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ,ਜਿਸ ਵਿਚ ਕਈ ਜ਼ਿਲ੍ਹਿਆਂ ਦੇ ਜ਼ਿਲ੍ਹਾ ਸਿੱਖਿਆ ਅਫਸਰਾਂ, ਪ੍ਰਿੰਸੀਪਲਾਂ , ਮੁੱਖ ਅਧਿਆਪਕਾਂ,ਦਫ਼ਤਰੀ ਸਟਾਫ ਤੋਂ ਇਲਾਵਾ ਬੁੱਟਰ ਦੇ ਸ਼ੁਭਚਿੰਤਕਾਂ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਜਿੱਥੇ ਬੁਲਾਰਿਆਂ ਨੇ ਇਕਬਾਲ ਸਿੰਘ ਬੁੱਟਰ ਦੇ ਮਿਲਾਪੜੇ ਅਤੇ ਮਿਹਨਤੀ ਸੁਭਾਅ ਦਾ ਵਾਰ ਵਾਰ ਜ਼ਿਕਰ ਕੀਤਾ, ਉੱਥੇ ਸੇਵਾ ਮੁਕਤ ਹੋਏ ਇਸ ਅਧਿਕਾਰੀ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਆਪਣੇ ਸਤਿਕਾਰ ਅਤੇ ਮੋਹ ਦਾ ਪ੍ਰਗਟਾਵਾ ਵੀ ਕੀਤਾ। ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਿਵਪਾਲ ਗੋਇਲ ਨੇ ਇਕਬਾਲ ਸਿੰਘ ਨਾਲ ਬਠਿੰਡਾ ਦਫਤਰ ਵਿਖੇ ਗੁਜ਼ਾਰੇ ਸਮੇਂ ਨੂੰ ਸੁਨਹਿਰੀ ਯਾਦਗਾਰ ਵਜੋਂ ਚਿਤਵਿਆ। ਲੈਕਚਰਾਰ ਯੂਨੀਅਨ ਦੇ ਸੰਘਰਸ਼ੀ ਕਾਲ ਦੀਆਂ ਯਾਦਾਂ ਤਾਜ਼ਾ ਕਰਦਿਆਂ ਸ਼ਿਵਪਾਲ ਨੇ ਦੱਸਿਆ ਕਿ ਲੈਕਚਰਾਰ ਯੂਨੀਅਨ ਵਲੋਂ ਕੀਤੀਆਂ ਪ੍ਰਾਪਤੀਆਂ ਵਿਚ ਇਕਬਾਲ ਸਿੰਘ ਦੇ ਯੋਗਦਾਨ ਨੂੰ ਕਦੇ ਵੀ ਮਨਫੀ ਨਹੀਂ ਕੀਤਾ ਜਾ ਸਕਦਾ। ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਅਤੇ ਸੈਕੰਡਰੀ ਸਤੀਸ਼ ਕੁਮਾਰ ਨੇ ਦੱਸਿਆ ਕਿ ਜਦੋਂ ਤੋਂ ਉਹਨਾਂ ਇੱਥੇ ਚਾਰਜ ਸੰਭਾਲਿਆ ਹੈ, ਉਦੋਂ ਤੋਂ ਹੀ ਖਾਸ ਕਰਕੇ ਸੈਕੰਡਰੀ ਵਾਲੇ ਪਾਸੇ ਇਕਬਾਲ ਸਿੰਘ ਦਫ਼ਤਰੀ ਕੰਮਾਂ ਦੀ ਪੰਡ ਖੁਦ ਹੀ ਨਿਪਟਾ ਕੇ ਮੈਨੂੰ ਤਾਂ ਸੁਰਖ਼ਰੂ ਕਰੀਂ ਰੱਖਿਆ ਸੀ,ਜਿਸਦੀ ਘਾਟ ਭਵਿੱਖ ਵਿੱਚ ਮਹਿਸੂਸ ਹੋਵੇਗੀ। ਪ੍ਰਿੰਸੀਪਲ ਐਸੋਸੀਏਸ਼ਨ ਵਲੋਂ ਮਨਜੀਤ ਸਿੰਘ, ਕੁਲਵਿੰਦਰ ਸਿੰਘ ਅਤੇ ਮੁੱਖ ਅਧਿਆਪਕ ਐਸੋਸੀਏਸ਼ਨ ਵਲੋਂ ਗੁਰਪਾਲ ਸਿੰਘ ਤੇ ਕੁਲਵਿੰਦਰ ਸਿੰਘ ਕਟਾਰੀਆ ਦਾ ਕਹਿਣਾ ਸੀ ਕਿ ਇਕਬਾਲ ਸਿੰਘ ਨੂੰ ਉਹਨਾਂ ਅਫ਼ਸਰੀ ਘੋਟਦਿਆਂ ਨਹੀਂ ਦੇਖਿਆ,ਬਲਕਿ ਇੱਕ ਮਜ਼ਬੂਤ ਪੁਲ ਦਾ ਕੰਮ ਕਰਦਿਆਂ ਸਕੂਲ ਪ੍ਰਿੰਸੀਪਲਾਂ/ਮੁੱਖ ਅਧਿਆਪਕਾਂ ਨੂੰ ਕਦੇ ਉਲਾਂਭਾ ਨਹੀਂ ਆਉਣ ਦਿੱਤਾ। ਗੁਰਪ੍ਰੀਤ ਸਿੰਘ ਮਲੂਕਾ ਨੇ ਲੈਕਚਰਾਰ ਯੂਨੀਅਨ ਵਲੋਂ ਆਪਣੇ ਪੁਰਾਣੇ ਸਾਥੀ ਵਲੋਂ ਪਾਈਆਂ ਸੰਘਰਸ਼ੀ ਪੈੜਾਂ ਦੀ ਬਾਤ ਪਾਉਂਦਿਆਂ ਮਾਣ ਮਹਿਸੂਸ ਕੀਤਾ ਕਿ ਉਹਨਾਂ ਦਾ ਲੈਕਚਰਾਰ ਸਾਥੀ ਜ਼ਿਲਾ ਸਿੱਖਿਆ ਅਧਿਕਾਰੀ ਵਜੋਂ ਕਰਮਯੋਗੀ ਅਧਿਕਾਰੀ ਵਜੋਂ ਜਾਣਿਆ ਜਾਂਦਾ ਹੈ। ਸਟੇਜ ਸਕੱਤਰ ਸੀਨੀਅਰ ਸਹਾਇਕ ਕਰਨੈਲ ਸਿੰਘ ਨੇ ਇਕਬਾਲ ਸਿੰਘ ਬੁੱਟਰ, ਉਹਨਾਂ ਦੀ ਜੀਵਨ ਸਾਥਣ ਲੈਕਚਰਾਰ ਸੁਖਵਿੰਦਰ ਕੌਰ ਅਤੇ ਬੇਟੇ ਅਨਮੋਲਪਰੀਤ ਕੈਨੇਡਾ ਦੀਆਂ ਕਈ ਦਿਲਚਸਪ ਗੱਲਾਂ ਸਾਂਝੀਆਂ ਕਰਦਿਆਂ ਬੁੱਟਰ ਦੀ ਹੁਣ ਤੱਕ ਦੀ ਜੀਵਨ ਸ਼ੈਲੀ ਬਿਆਨ ਕਰਦਿਆਂ ਜਾਣੂੰ ਕਰਵਾਇਆ ਕਿ ਦਫ਼ਤਰੀ ਸਟਾਫ ਨੂੰ ਇਕਬਾਲ ਸਿੰਘ ਵਰਗੇ ਸਹਿਯੋਗੀ ਅਫ਼ਸਰ ਕਦੇ ਕਦਾਈਂ ਹੀ ਮਿਲਦੇ ਹਨ। ਸਾਬਕਾ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ,ਲੈਕਚਰਾਰ ਬਾਬੂ ਸਿੰਘ ਕੁਲਾਰ ਅਤੇ ਗੁਰਦੀਪ ਸਿੰਘ ਗਿੱਲ ਨੇ ਕਿਹਾ ਕਿ ਇੱਕ ਚੰਗਾ ਅਫ਼ਸਰ ਹੋਣ ਦੇ ਨਾਲ ਨਾਲ ਯਾਰਾਂ ਦਾ ਯਾਰ ਵੀ ਹੈ ਇਕਬਾਲ ਸਿੰਘ ਬੁੱਟਰ। ਸਮਾਗਮ ਵਿੱਚ ਖਾਸ ਤੌਰ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਮਹਿੰਦਰਪਾਲ ਸਿੰਘ, ਪ੍ਰਿੰਸੀਪਲ ਮੀਨਾ ਰਾਣੀ,ਡੀ.ਐੱਸ.ਐੱਮ.ਕੁਲਵਿੰਦਰ ਸਿੰਘ, ਮਨਜੀਤ ਸਿੰਘ ਸਿੱਧੂ ਬੀ.ਐੱਨ.ਓ.ਗੋਨਿਆਣਾ, ਮੁੱਖ ਅਧਿਆਪਕ ਐਸੋਸੀਏਸ਼ਨ ਵਲੋਂ ਮਨਦੀਪ ਸਿੰਘ, ਲੈਕਚਰਾਰ ਐਸੋਸੀਏਸ਼ਨ ਦੇ ਨਾਇਬ ਸਿੰਘ,ਹਰਮੰਦਰ ਸਿੰਘ, ਮਨੋਜ਼ ਕੁਮਾਰ, ਗੁਰਮੀਤ ਪਾਲ ਅਤੇ ਪਰਦੀਪ ਸਿੰਘ ,ਸਰਬਜੀਤ ਕੌਰ ਕਿਰਪਾਵੰਤ ,ਮਮਤਾ ਅਤੇ ਦਾਵਿੰਦਰ ਸਮੇਤ ਵੱਖ ਵੱਖ ਪਤਵੰਤੇ ਸੱਜਣਾਂ ਨੇ ਇਕਬਾਲ ਸਿੰਘ ਨੂੰ ਤੋਹਫੇ ਭੇਂਟ ਕਰਕੇ ਪਿਆਰ ਭਰਿਆ ਸਤਿਕਾਰ ਵੀ ਦਿੱਤਾ। ਇਕਬਾਲ ਸਿੰਘ ਬੁੱਟਰ ਨੇ ਦਫ਼ਤਰ ਅੰਦਰ ਤੇ ਫੀਲਡ ਵਿੱਚ ਮੁੱਖ ਅਧਿਆਪਕਾਂ/ ਪ੍ਰਿੰਸੀਪਲਾਂ ਸਮੇਤ ਸਮੁੱਚੇ ਸਿੱਖਿਆ ਵਿਭਾਗ ਵਲੋਂ ਮਿਲਦੇ ਰਹੇ ਭਰਵੇਂ ਸਹਿਯੋਗ ਦੀ ਦਾਦ ਦਿੰਦਿਆਂ ਸੇਵਾ ਮੁਕਤੀ ਮੌਕੇ ਦਿਖਾਏ ਪਿਆਰ ਲਈ ਸਾਰਿਆਂ ਦਾ ਹਾਰਦਿਕ ਧੰਨਵਾਦ ਵੀ ਕੀਤਾ।