*ਉੱਚੀ ਸੋਚ,ਮਿਲਾਪੜੇ ਤੇ ਨਿੱਘੇ ਸੁਭਾਅ ਦੇ ਮਾਲਕ,ਨੇਕ ਦਿਲ ਸ਼ਖਸ਼ੀਅਤ ਇਕਬਾਲ ਸਿੰਘ ਬੁੱਟਰ ਦੀ ਸੇਵਾ ਮੁਕਤੀ ‘ਤੇ ਵਿਸ਼ੇਸ਼*

0
88

 ਮਾਨਸਾ 30 ਮਈ (ਸਾਰਾ ਯਹਾਂ/ਮੁੱਖ ਸੰਪਾਦਕ)ਸੇਵਾ-ਮੁਕਤੀ ਦਾ ਪਲ਼ ਨੌਕਰੀਪੇਸ਼ਾ ਲੋਕਾਂ ਦੀ ਜ਼ਿੰਦਗੀ ਦਾ ਇੱਕ ਉਹ ਖ਼ੂਬਸੂਰਤ ਪੜਾਅ ਹੈ, ਜਿੱਥੇ ਉਹ ਕੁੱਝ ਪਲ ਖਲੋ ਕੇ ਆਪਣੇ ਬੀਤੇ ਹੋਏ ਕੱਲ੍ਹ ਨੂੰ ਜੇਤੂ ਅੰਦਾਜ਼ ਵਿੱਚ ਨਿਹਾਰਦੇ ਹਨ। ਸੇਵਾ-ਮੁਕਤੀ ਦਾ ਸੁਖਦ ਅਹਿਸਾਸ ਸਿਰਫ਼ ਉਨ੍ਹਾਂ ਚਿਹਰਿਆਂ ‘ਤੇ ਝਲਕਦਾ ਹੈ ਜਿੰਨ੍ਹਾਂ ਨੂੰ ਆਪਣੇ ਕਾਰਜ-ਕਾਲ ਦੌਰਾਨ ਦਿੱਤੇ ਯੋਗਦਾਨ ਉੱਤੇ ਰੱਜਵੀਂ ਤਸੱਲੀ ਅਤੇ ਫਖ਼ਰ ਹੋਵੇ।

          ਅਜਿਹੀ ਹੀ ਸ਼ਖ਼ਸੀਅਤ ਦੇ ਮਾਲਕ ਹਨ, ਇਕਬਾਲ ਸਿੰਘ ਬੁੱਟਰ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਬਠਿੰਡਾ, ਜੋ ਕਿ 31 ਮਈ 2024 ਨੂੰ ਸੇਵਾ ਮੁਕਤ ਹੋ ਰਹੇ ਹਨ।

      ਸਾਹਿਤਕ ਰੁਚੀਆਂ ਅਤੇ ਮਨੁੱਖਤਾਵਾਦੀ ਵਿਚਾਰਧਾਰਾ ਦੇ ਧਾਰਨੀ ਇਕਬਾਲ ਸਿੰਘ ਬੁੱਟਰ  ਅਗਾਂਹ ਵਧੂ ਖ਼ਿਆਲਾਂ ਦੇ ਮਾਲਕ ਹੁੰਦੇ ਹੋਏ ਵੀ ਆਪਣੀ ਮਿੱਟੀ ਅਤੇ ਅਤੀਤ ਨਾਲ ਜੁੜੇ ਰਹੇ ਹਨ। ਇਹ ਆਪਣੇ ਕੰਮ ਪ੍ਰਤੀ ਸਮਰਪਿਤ, ਅਨੁਸ਼ਾਸਿਤ, ਮਿਹਨਤੀ ਅਤੇ ਆਪਣੇ ਵਿਦਿਆਰਥੀਆਂ, ਸਾਥੀ ਅਧਿਆਪਕਾਂ ਪ੍ਰਤੀ ਹਮੇਸ਼ਾ ਦਿਆਲੂ ਅਤੇ ਮੱਦਦਗਾਰ ਹੋਣ ਦੇ ਨਾਲ਼ ਨਾਲ਼ ਆਪਣੇ ਕਹੇ ਸ਼ਬਦਾਂ ‘ਤੇ ਅਟੱਲ, ਸਾਦਾ ਜੀਵਨ ਜਿਊਣ ਅਤੇ ਉਸਾਰੂ ਸੋਚ ਵਿੱਚ ਨਿਪੁੰਨ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਚਾਨਣ ਮੁਨਾਰਾ ਬਣੇ ਰਹੇ ਹਨ।

              ਆਪ ਦਾ ਜਨਮ 4 ਮਈ 1966 ਨੂੰ ਪਿਤਾ ਅਜਮੇਰ ਸਿੰਘ ਬੁੱਟਰ ਅਤੇ ਮਾਤਾ ਪ੍ਰੀਤਮ ਕੌਰ ਦੀ ਕੁੱਖੋਂ ਨਾਨਕੇ ਪਿੰਡ ਮਿਸ਼ਰੀ ਵਾਲਾ (ਫਰੀਦਕੋਟ) ਵਿਖੇ ਹੋਇਆ। ਆਪਣੀ ਮੁੱਢਲੀ ਪੜ੍ਹਾਈ ਕਰਨ ਉਪਰੰਤ ਬੀ.ਐੱਡ ਦੀ ਡਿਗਰੀ ਡੀ.ਏ.ਵੀ. ਕਾਲਜ ਅਬੋਹਰ ਤੋਂ ਅਤੇ ਪੰਜਾਬੀ ਵਿਸ਼ੇ ਵਿੱਚ ਐਮ.ਏ. ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ।

       ਆਪਣੇ ਅਧਿਆਪਨ ਕਿੱਤੇ ਦੀ ਸ਼ੁਰੂਆਤ 1996 ਵਿੱਚ ਬਤੌਰ ਹਿਸਟਰੀ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਈ ਰੂਪਾ ਤੋਂ ਕੀਤੀ। 2018 ਵਿੱਚ ਪ੍ਰਿੰਸੀਪਲ ਪਦ ਉੱਨਤ ਹੋਏ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਪਾਲੀ ਵਿਖੇ ਸ਼ਾਨਦਾਰ ਸੇਵਾ ਨਿਭਾਈ। ਇਸ ਉਪਰੰਤ ਅਗਸਤ 2018 ਵਿੱਚ ਆਪ ਨੂੰ ਉੱਪ ਜ਼ਿਲ੍ਹਾ ਸਿੱਖਿਆਅਫ਼ਸਰ ਸੈਕੰਡਰੀ ਸਿੱਖਿਆ ਬਠਿੰਡਾ ਵਿਖੇ ਲਗਾਇਆ ਗਿਆ ਤੇ ਉਦੋਂ ਤੋਂ ਹੁਣ ਤੱਕ ਸ਼ਾਨਾਮੱਤੀ ਸੇਵਾ ਨਿਭਾਉਂਦੇ ਹੋਏ ਬਤੌਰ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਜ਼ਿਲ੍ਹਾ ਬਠਿੰਡਾ ਤੋਂ ਸੇਵਾ ਮੁਕਤ ਹੋ ਰਹੇ ਹਨ। ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਨਾਲ ਨਾਲ ਖੇਡਾਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਅਤੇ ਸਕੂਲ ਪੱਧਰੀ ਜ਼ਿਲ੍ਹਾ, ਪੰਜਾਬ ਅਤੇ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀਆਂ ਖੇਡਾਂ ਵਤਨ ਪੰਜਾਬ ਦੀਆ ਬਹੁਤ ਉਤਸ਼ਾਹ ਪੂਰਵਕ ਤਰੀਕੇ ਨਾਲ ਕਰਵਾਉਣ ਤੇ ਸਹਿ ਵਿੱਦਿਅਕ ਗਤੀਵਿਧੀਆਂ ਨੂੰ ਉਚਿਆਉਣ ਵਿੱਚ ਵਿਸ਼ੇਸ਼ ਯੋਗਦਾਨ ਪਾਇਆ।

ਆਪ ਜੀ ਨੇ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਵਿੱਚ ਜ਼ਿਲ੍ਹਾ ਅਤੇ ਪੰਜਾਬ ਪੱਧਰ ਉੱਪਰ ਵੱਖ-ਵੱਖ ਅਹੁਦਿਆਂ ‘ਤੇ ਕੰਮ ਕੀਤਾ।

        ਆਪ ਜੀ ਦਾ ਵਿਆਹ ਸ੍ਰੀਮਤੀ ਸੁਖਵਿੰਦਰ ਕੌਰ ਨਾਲ ਹੋਇਆ, ਜੋ ਕਿ ਸਿੱਖਿਆ ਵਿਭਾਗ ਵਿੱਚ ਹੀ ਲੈਕਚਰਾਰ ਪੰਜਾਬੀ ਦੀ ਸੇਵਾ ਨਿਭਾ ਰਹੇ ਹਨ। ਆਪ ਜੀ ਦੇ ਘਰ ਇੱਕ ਹੋਣਹਾਰ ਪੁੱਤਰ ਅਨਮੋਲ ਦੀਪ ਸਿੰਘ ਨੇ ਜਨਮ ਲਿਆ ਜੋ ਕਿ ਉੱਚ ਵਿੱਦਿਆ ਵਿਦੇਸ਼ ਵਿੱਚੋਂ ਪ੍ਰਾਪਤ ਕਰ ਰਿਹਾ ਹੈ।

     ਆਪ ਜੀ ਆਪਣੇ ਮਿਲਾਪੜੇ ਅਤੇ ਨਿੱਘੇ ਸੁਭਾਅ, ਉੱਚੀ ਸੋਚ ਕਰਕੇ ਅਧਿਆਪਕਾਂ ਅਤੇ ਦਫ਼ਤਰ ਸਟਾਫ਼ ਵਿੱਚ ਹਰਮਨ ਪਿਆਰੇ ਬਣੇ। ਸਾਨੂੰ ਆਸ ਹੀ ਨਹੀਂ ਪੂਰਨ ਉਮੀਦ ਹੈ ਕਿ ਬੁੱਟਰ ਸਾਹਿਬ ਭਾਵੇਂ ਸਿੱਖਿਆ ਵਿਭਾਗ ਵਿੱਚੋਂ ਸੇਵਾ ਮੁਕਤ ਹੋ ਰਹੇ ਹਨ ਪਰੰਤੂ ਆਪਣੀ ਜ਼ਿੰਦਗੀ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਸਦਾ ਮਾਣਦੇ ਰਹਿਣਗੇ। ਜ਼ਿੰਦਗੀ ਦੇ ਇਸ ਸਫ਼ਰ ਤੋਂ ਕਦੇ ਵੀ ਸੇਵਾ ਮੁਕਤ ਨਹੀਂ ਹੋਣਗੇ, ਸਗੋਂ ਹੋਰ ਵੀ ਵੱਡੇ ਵੱਡੇ ਮੀਲ ਪੱਥਰ ਸਥਾਪਤ ਕਰਨਗੇ‌। ਸ਼ਾਨਦਾਰ ਅਤੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ।

NO COMMENTS