*ਉੱਘੇ ਸਮਾਜ-ਸੇਵੀ ਅਤੇ ਕਾਰੋਬਾਰੀ ਸਟੀਵਨ ਕਲੇਰ ਅਤੇ ਸੀਨੀਅਰ ਕਾਂਗਰਸੀ ਆਗੂ ਪਰਮਜੀਤ ਸਿੰਘ ਰਾਏਪੁਰ ਨੇ ਫੜ੍ਹਿਆ ‘ਆਪ ਦਾ ਪੱਲਾ*

0
28

(ਸਾਰਾ ਯਹਾਂ/  ਮੁੱਖ ਸੰਪਾਦਕ) : ਭਾਜਪਾ ਅਤੇ ਕਾਂਗਰਸ ਵੱਲੋਂ ਜਲੰਧਰ ਵਿਖੇ ਆਗਾਮੀ ਲੋਕ-ਸਭਾ ਦੀ ਜ਼ਿਮਨੀ ਚੋਣ ਜਿੱਤਣ ਦੇ ਸੁਪਨੇ ‘ਤੇ ਉਸ ਵੇਲੇ ਪਾਣੀ ਫ਼ਿਰ ਗਿਆ ਜਦ ਅੱਜ ਚੰਡੀਗੜ੍ਹ ਵਿਖੇ ਕਾਂਗਰਸ ਦੇ ਸੀਨੀਅਰ ਆਗੂ, ਸ਼੍ਰੋਮਣੀ ਕਮੇਟੀ ਮੈਂਬਰ ਅਤੇ ਜਲੰਧਰ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਰਾਏਪੁਰ ਸਮੇਤ ਜਲੰਧਰ ਤੋਂ ਉੱਘੇ ਚਮੜਾ ਕਾਰੋਬਾਰੀ, ਸਮਾਜ ਸੇਵੀ ਸਟੀਵਨ ਕਲੇਰ ਭਾਜਪਾ ਨੂੰ ਅਲਵਿਦਾ ਆਖਦਿਆਂ ‘ਆਪ ਦੇ ਸੂਬਾ ਪ੍ਰਧਾਨ ਤੇ ਮੁੱਖ-ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਪਰਮਜੀਤ ਸਿੰਘ ਰਾਏਪੁਰ ਨੇ ਕਿਹਾ ਕਿ ਉਹ ਮਾਨ ਸਰਕਾਰ ਵੱਲੋਂ ਪੰਜਾਬ ਦੇ ਸਰਵਪੱਖੀ ਵਿਕਾਸ, ਭਾਈਚਾਰਕ ਸਾਂਝ ਲਈ ਕੀਤੇ ਜਾ ਰਹੇ ਉੱਦਮਾਂ, ਵਿੱਦਿਆ, ਸਿਹਤ, ਪ੍ਰਸ਼ਾਸਨਿਕ ਸੁਧਾਰਾਂ ਸਮੇਤ ਲੋਕ-ਪੱਖੀ ਨੀਤੀਆਂ ਤੋਂ ਬਹੁਤ ਪ੍ਰਭਾਵਿਤ ਹਨ । ਉਨ੍ਹਾਂ ਦੀ ਹੀ ਗੱਲ ਨੂੰ ਅੱਗੇ ਤੋਰਦਿਆਂ ਸਟੀਵਨ ਕਲੇਰ ਨੇ ਵੀ ਕਿਹਾ ਕਿ ਆਮ ਆਦਮੀ ਪਾਰਟੀ ਹੀ ਇੱਕ ਅਹਿਜੀ ਪਾਰਟੀ ਹੈ ਜਿਹੜੀ ਬਿਨ੍ਹਾਂ ਕਿਸੇ ਭੇਦਭਾਵ ਦੇ ਪੰਜਾਬ ਦੇ ਹਰ ਨਾਗਰਿਕ ਦੇ ਖੁਸ਼ਹਾਲ ਭਵਿੱਖ ਲਈ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ। ਇਹੀ ਵਜ੍ਹਾ ਹੈ ਕਿ ਉਨ੍ਹਾਂ ਪੰਜਾਬ ਨੂੰ ਰੰਗਲਾ ਬਣਾਉਣ ਦੇ ‘ਆਪ ਵੱਲੋਂ ਵੇਖੇ ਸੁਪਨੇ ਦਾ ਹਿੱਸਾ ਬਣਨ ਦਾ ਫੈਸਲਾ ਕੀਤਾ ਹੈ।

ਦੱਸ ਦਈਏ ਕਿ ਸਟੀਵਨ ਕਲੇਰ ਪੰਜਾਬ ਅਤੇ ਜਲੰਧਰ ਦੇ ਇੱਕ ਪੜ੍ਹੇ-ਲਿਖੇ ਅਤੇ ਬਹੁਤ ਹੀ ਸਨਮਾਨਿਤ ਪਰਿਵਾਰ ਦੇ ਮੈਂਬਰ ਹਨ। ਇਨ੍ਹਾਂ ਦੇ ਦਾਦਾ ਸਵਰਗੀ ਕਿਸ਼ਨਦਾਸ ਜੀ ਹੀ ਉਹ ਸਖਸ਼ ਸਨ ਜਿਹੜੇ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ ਅੰਬੇਡਕਰ ਜੀ ਨੂੰ ਪੰਜਾਬ ਵਿੱਚ ਲੈਕੇ ਆਏ ਸਨ। ਸਟੀਵਨ ਕਲੇਰ ਦੇ ਪਿਤਾ ਜੀ ਵੀ ਉੱਘੇ ਚਮੜਾ ਕਾਰੋਬਾਰੀ ਸਨ। ਕਲੇਰ ਨੇ ਜਿੱਥੇ ਆਪਣੇ ਪਿਤਾ ਦੀ ਵਿਰਾਸਤ ਨੂੰ ਅੱਗੇ ਵਧਾਇਆ ਉੱਥੇ ਇਨ੍ਹਾਂ ਸਮਾਜ-ਸੇਵਾ ਦੇ ਕੰਮਾਂ ਵਿੱਚ ਵੀ ਚੋਖਾ ਯੋਗਦਾਨ ਪਾਇਆ ਹੈ। ਡੇਰਾ ਬੱਲਾਂ ਦੇ ਅਨੁਯਾਈ ਸਟੀਵਨ ਕਲੇਰ ‘ਸ੍ਰੀ ਗੁਰੂ ਰਵਿਦਾਸ ਮੰਦਰ ਮੈਮੋਰੀਅਲ ਟਰੱਸਟ’ ਬੂਟਾਂ-ਮੰਡੀ ਦੇ ਮੌਜੂਦਾ ਪ੍ਰਧਾਨ ਵੀ ਹਨ।

ਚੰਡੀਗੜ੍ਹ ਵਿਖੇ ‘ਆਪ ਦਾ ਹਿੱਸਾ ਬਣਨ ਮੌਕੇ ਪਰਮਜੀਤ ਸਿੰਘ ਰਾਏਪੁਰ ਅਤੇ ਸਟੀਵਨ ਕਲੇਰ ਨੇ ਕਿਹਾ ਕਿ ਉਹ ਜਲੰਧਰ ਦੇ ਲੋਕਾਂ ਦੀ ਆਵਾਜ਼ ਨੂੰ ਸੰਸਦ ਤੱਕ ਪਹੁੰਚਾਉਣ ਅਤੇ ਪਾਰਟੀ ਉਮੀਦਵਾਰ ਸ਼ੁਸ਼ੀਲ ਕੁਮਾਰ ਰਿੰਕੂ ਨੂੰ ਜਿਤਾਉਣ ਲਈ ਆਪਣਾ ਪੂਰਾ ਜ਼ੋਰ ਲਾਉਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਮਾਣਯੋਗ ਮੁੱਖ-ਮੰਤਰੀ ਭਗਵੰਤ ਮਾਨ ਤੋਂ ਇਲਾਵਾ ‘ਆਪ ਦੇ ਸੀਨੀਅਰ ਆਗੂ ਜਗਰੂਪ ਸਿੰਘ ਸੇਖਵਾਂ, ਜਗਬੀਰ ਸਿੰਘ ਬਰਾੜ ਸਮੇਤ ਹੋਰ ਵੀ ਕਈ ਪਤਵੰਤੇ ਸੱਜਣ ਉੱਥੇ ਮੌਜੂਦ ਸਨ।

NO COMMENTS