*ਉਸਾਰੀ ਕਿਰਤੀਆਂ ਨੂੰ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੀਆਂ ਸਕੀਮਾਂ ਬਾਰੇ ਕੀਤਾ ਜਾਵੇ ਜਾਗਰੂਕ-ਐਸ.ਡੀ.ਐਮ ਪੂਨਮ ਸਿੰਘ*

0
20

ਮਾਨਸਾ, 02 ਮਾਰਚ (ਸਾਰਾ ਯਹਾਂ/  ਮੁੱਖ ਸੰਪਾਦਕ): ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੀਆਂ ਸਕੀਮਾਂ ਦਾ ਰਜਿਸਟਰਡ ਲਾਭਪਾਤਰੀਆਂ ਨੂੰ ਲਾਭ ਮੁਹੱਈਆ ਕਰਵਾਉਣ ਲਈ ਐਸ.ਡੀ.ਐਮ. ਸਰਦੂਲਗੜ੍ਹ ਪੂਨਮ ਸਿੰਘ ਦੀ ਪ੍ਰਧਾਨਗੀ ਹੇਠ ਅਹਿਮ ਮੀਟਿੰਗ ਹੋਈ।
ਐਸ.ਡੀ.ਐਮ. ਪੂਨਮ ਸਿੰਘ ਨੇ ਵੱਖ ਵੱਖ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਸਾਰੀ ਕਿਰਤੀਆਂ ਨੂੰ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੀਆਂ ਸਕੀਮਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਕੋਈ ਵੀ ਯੋਗ ਲਾਭਪਾਤਰੀ ਪੰਜਾਬ ਸਰਕਾਰ ਦੀ ਯੋਜਨਾ ਤੋਂ ਵਾਂਝਾ ਨਾ ਰਹੇ।
ਉਨ੍ਹਾਂ ਕਿਰਤ ਵਿਭਾਗ ਦੇ ਅਧਿਕਾਰੀਆਂ ਨੂੰ ਸਬ ਡਵੀਜ਼ਨ ਸਰਦੂਲਗੜ੍ਹ ਵਿਖੇ ਵੱਧ ਤੋਂ ਵੱਧ ਕੈਂਪ ਲਗਾ ਕੇ ਯੋਗ ਲਾਭਪਾਤਰੀਆਂ ਨੂੰ ਰਜਿਸਟਰ ਕਰਨ ਦੇ ਆਦੇਸ਼ ਜਾਰੀ ਕੀਤੇ। ਮੀਟਿੰਗ ਦੌਰਾਨ ਸਬ-ਡਵੀਜਨ ਸਰਦੂਲਗੜ੍ਹ ਨਾਲ ਸਬੰਧਤ ਵੱਖ-ਵੱਖ ਭਲਾਈ ਸਕੀਮਾਂ ਅਧੀਨ 54 ਅਰਜੀਆਂ ਬਾਬਤ ਰਕਮ 8,04,000/- ਰੁਪਏ ਦੀ ਬਣਦੀ ਰਾਸ਼ੀ ਪ੍ਰਵਾਨ ਕੀਤੀ ਗਈ।
ਇਸ ਮੌਕੇ ਸਹਾਇਕ ਕਿਰਤ ਕਮਿਸ਼ਨਰ ਸ੍ਰੀ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਉਸਾਰੀ ਕਿਰਤੀ ਦੀ ਉਮਰ 18 ਸਾਲ ਤੋਂ 60 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਰਜਿਸਟਰਡ ਲਾਭਪਾਤਰੀ ਬਣਨ ਲਈ ਉਸਾਰੀ ਕਿਰਤੀ ਨੇ ਪਿਛਲੇ 12 ਮਹੀਨਿਆ ਦੌਰਾਨ ਘੱਟੋ-ਘੱਟ 90 ਦਿਨ ਉਸਾਰੀ ਕਿਰਤੀ ਦਾ ਕੰਮ ਕੀਤਾ ਹੋਵੇ। ਰਜਿਸਟਰਡ ਹੋਣ ਲਈ ਉਸਾਰੀ ਕਿਰਤੀ ਆਪਣੇ ਨੇੜੇ ਦੇ ਕਿਸੇ ਵੀ ਸੇਵਾ ਕੇਂਦਰ ਵਿੱਚ ਜਾ ਸਕਦਾ ਹੈ। ਰਜਿਸਟਰਡ ਹੋਣ ਲਈ ਉਸ ਪਾਸ ਆਧਾਰ ਕਾਰਡ, ਬੈਂਕ ਅਕਾਉਂਟ ਅਤੇ ਪਰਿਵਾਰ ਦੀ ਫੋਟੋ ਹੋਣੀ ਜ਼ਰੂਰੀ ਹੈ।
ਉਨ੍ਹਾਂ ਦੱਸਿਆ ਕਿ ਉਸਾਰੀ ਕਿਰਤੀ ਬੋਰਡ ਅਧੀਨ ਲਾਭਪਾਤਰੀ ਬਣਨ ਉਪਰੰਤ ਵਿਭਾਗ ਦੀਆਂ ਭਿੰਨ-ਭਿੰਨ ਭਲਾਈ ਸਕੀਮਾਂ ਦਾ ਲਾਭ ਲੈਣ ਦਾ ਹੱਕਦਾਰ ਬਣ ਜਾਂਦਾ ਹੈ। ਇਨ੍ਹਾਂ ਭਲਾਈ ਸਕੀਮਾਂ ਅਧੀਨ ਪੜ੍ਹ ਰਹੇ ਬੱਚਿਆਂ ਲਈ ਵਜੀਫਾ ਸਕੀਮਾਂ, ਬੇਟੀ ਦੀ ਸ਼ਾਦੀ ਲਈ ਸ਼ਗਨ ਸਕੀਮ, ਐਕਸਗ੍ਰੇਸ਼ੀਆ ਸਕੀਮ, ਦਾਹ ਸੰਸਕਾਰ ਲਈ ਰਾਸ਼ੀ, ਪ੍ਰਸੂਤਾ ਲਾਭ ਸਕੀਮ, ਬਾਲੜੀ ਤੋਹਫ਼ਾ ਸਕੀਮ, ਬਿਮਾਰੀਆਂ ਦੇ ਇਲਾਜ ਲਈ ਵਿੱਤੀ ਸਹਾਇਤਾ ਸ਼ਾਮਿਲ ਹਨ।
ਉਨ੍ਹਾਂ ਕਿਹਾ ਕਿ ਲਾਭਪਾਤਰੀ 60 ਸਾਲ ਦੀ ਉਮਰ ਤੋਂ ਬਾਅਦ ਬੋਰਡ ਵੱਲੋਂ ਪੈਂਨਸ਼ਨ ਲੈਣ ਦਾ ਹੱਕਦਾਰ ਬਣ ਜਾਂਦਾ ਹੈ। ਰਜਿਸਟਰਡ ਲਾਭਪਾਤਰੀ ਨੇੜੇ ਦੇ ਸੇਵਾ ਕੇਂਦਰ ਵਿੱਚ ਜਾ ਕੇ ਭਿੰਨ-ਭਿੰਨ ਭਲਾਈ ਸਕੀਮਾਂ ਅਧੀਨ ਅਪਲਾਈ ਕਰ ਸਕਦਾ ਹੈ। ਬੋਰਡ ਅਧੀਨ ਲਾਭਪਾਤਰੀ ਰਜਿਸਟ੍ਰੇਸ਼ਨ ਅਤੇ ਸਕੀਮਾਂ ਲਈ ਅਪਲਾਈ ਕਰਨ ਦੀ ਸਾਰੀ ਪ੍ਰਕਿਰਿਆ ਆਨ-ਲਾਈਨ ਸੇਵਾ ਕੇਂਦਰ ਰਾਹੀਂ ਕੀਤੀ ਜਾਂਦੀ ਹੈ।

NO COMMENTS